ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
ਖੰਨਾ (ਰਵਿੰਦਰ ਢਿੱਲੋ)
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਲੁਧਿਆਣਾ ਵੱਲੋਂ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਪੰਜਾਬ ਕਿਸਾਨ ਕਰੈਡਿਟ ਕਾਰਡ (ਕੇਸੀਸੀ) ਨੀਤੀ 2026 ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਨਵੀਂ KCC ਨੀਤੀ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਦੇ ਹਿੱਤਾਂ ਦੇ ਵਿਰੁੱਧ ਹੈ। ਇਸ ਨੀਤੀ ਤਹਿਤ ਦੋ ਲੱਖ ਰੁਪਏ ਤੋਂ ਵੱਧ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਆਪਣੀ ਜ਼ਮੀਨ ਬੈਂਕ ਕੋਲ ਗਹਿਣੇ ਰੱਖਣ ਦੀ ਸ਼ਰਤ, ਦੂਜੇ ਬੈਂਕਾਂ ਤੋਂ ਫ਼ਸਲੀ ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਵਿਆਜ ਦਰ 4 ਫ਼ੀਸਦੀ ਤੋਂ ਵਧਾ ਕੇ 11 ਫ਼ੀਸਦੀ ਕਰਨ, ਛੋਟੇ ਅਤੇ ਵੱਡੇ ਕਿਸਾਨਾਂ ਦੀ ਹਿੱਸੇਦਾਰੀ ਵਿੱਚ ਵਾਧਾ ਕਰਨ ਅਤੇ ਵਿਆਜ ਨੂੰ ਮੂਲ ਰਕਮ ਵਿੱਚ ਜੋੜਨ ਵਰਗੀਆਂ ਵਿਵਸਥਾਵਾਂ ਕਿਸਾਨਾਂ ਉੱਤੇ ਵਾਧੂ ਆਰਥਿਕ ਬੋਝ ਪਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀ ਸਹਿਕਾਰਤਾ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਹੈ ਅਤੇ ਇਸ ਨਾਲ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਕਿਸਾਨੀ ਅਤੇ ਸਹਿਕਾਰੀ ਸਭਾਵਾਂ ਨੂੰ ਹੋਰ ਨੁਕਸਾਨ ਹੋਵੇਗਾ। ਇਸ ਦੌਰਾਨ ਡਿਪਟੀ ਰਜਿਸਟਰਾਰ (ਡੀਆਰ) ਖ਼ੁਦ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚੇ ਅਤੇ ਕਿਸਾਨ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਕੇਸੀਸੀ ਨੀਤੀ 2026 ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।
ਇਸ ਮੌਕੇ ਵਰਿਆਮ ਸਿੰਘ ਭਰੋਵਾਲ ਸਹਿਕਾਰੀ ਸਭਾਵਾਂ ਜ਼ਿਲ੍ਹਾ ਪ੍ਰਧਾਨ, ਜਗਤਾਰ ਸਿੰਘ ਦੇਹਡ਼ਕਾ ਬੀ ਕੇ ਯੂ ਡਕੌਂਦਾ ਧਨੇਰ, ਸੀਨੀਅਰ ਆਗੂ ਅਜਮੇਰ ਸਿੰਘ ਮੇਹਲੋਂ, ਤਰਸੇਮ ਸਿੰਘ ਬੱਗੂਵਾਲ ਡਕੌਂਦਾ ਧਨੇਰ, ਪੰਜਾਬ ਯੂਨੀਵਰਸਿਟੀ ਵਲੋਂ ਰਜਿੰਦਰ ਸਿੰਘ, ਰਾਜਵੀਰ ਸਿੰਘ ਮੀਤ ਪ੍ਰਧਾਨ ਪੰਜਾਬ ਬੀ ਕੇ ਯੂ ਬੁਰਜਗਿੱਲ, ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਜ਼ਿਲ੍ਹਾ ਪ੍ਰਧਾਨ ਬੀ ਕੇ ਯੂ ਡਕੌਦਾ ਬੁਰਜਗਿੱਲ,ਹਰਬਖਸੀਸ ਸਿੰਘ ਰਾਏ ਚੱਕ ਭਾਈਕਾ ਤੇ ਮਨਜਿੰਦਰ ਸਿੰਘ ਮੋਰ ਕਰੀਮਾਂ ਜ਼ਿਲਾ ਮੀਤ ਪ੍ਰਧਾਨ ਬੀ ਕੇ ਯੂ ਡਕੌਂਦਾ ਬੁਰਜਗਿੱਲ ਨੇ ਸੰਬੋਧਨ ਕੀਤਾ।
- Download Babushahi App
-
-