‘ਆਪ’ ਡੁੱਬਦੀ ਕਿਸ਼ਤੀ, ਭਾਜਪਾ ’ਚ ਭੱਜ ਰਹੇ ‘ਗੂੰਗੇ-ਬੋਲੇ’ ਆਗੂ, ਕਾਂਗਰਸ ਨੂੰ ਅਜਿਹੇ ‘ਸਾਮਾਨ’ ਦੀ ਲੋੜ ਨਹੀਂ: ਪਰਗਟ ਸਿੰਘ
ਕੇਜਰੀਵਾਲ, ਸਿਸੋਦੀਆ ਅਤੇ ਜੈਨ ’ਤੇ ਪੰਜਾਬ ਦੇ 50 ਹਜ਼ਾਰ ਕਰੋੜ ਰੁਪਏ ਲੁੱਟਣ ਦੇ ਦੋਸ਼
ਲੈਂਡ ਪੂਲਿੰਗ ਯੋਜਨਾ ਰੱਦ ਹੋਣ ਨਾਲ ਪੰਜਾਬ ਨੂੰ 1.50 ਲੱਖ ਕਰੋੜ ਰੁਪਏ ਦੀ ਸੰਭਾਵੀ ਲੁੱਟ ਤੋਂ ਬਚਾਇਆ: ਪ੍ਰਤਾਪ ਸਿੰਘ ਬਾਜਵਾ
ਈਡੀ ਅਤੇ ਸੀਬੀਆਈ ਰਾਹੀਂ ਵਿਰੋਧੀ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰੇਗੀ ਭਾਜਪਾ, ਕਾਂਗਰਸੀ ਵਰਕਰ ਡਟ ਕੇ ਮੁਕਾਬਲਾ ਕਰਨ: ਬਾਜਵਾ
ਝੋਟਾ ਸਮੇਤ ਤਿੰਨ ਮ੍ਰਿਤਕਾਂ ਦੇ ਸਸਕਾਰ ’ਤੇ ਪੁਲਿਸ ਦੀ ਰੋਕ ਨੂੰ ਲੈ ਕੇ ਪਰਗਟ ਸਿੰਘ ਨੇ ਚੁੱਕੇ ਸਵਾਲ
ਚੰਡੀਗੜ੍ਹ, 2 ਨਵੰਬਰ, 2026: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਪਰਗਟ ਸਿੰਘ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਵਿੱਚ ਸ਼ਾਮਲ ਹੋ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਤਿੱਖੇ ਹਮਲੇ ਕੀਤੇ। ਪਰਗਟ ਸਿੰਘ ਨੇ ਕਿਹਾ ਕਿ ‘ਆਪ’ ਡੁੱਬਦੀ ਕਿਸ਼ਤੀ ਹੈ ਅਤੇ ਅਜੇ ਤਾਂ ਸਿਰਫ਼ ਤਿੰਨ ਆਗੂ ਹੀ ਗਏ ਹਨ, ਆਉਣ ਵਾਲੇ ਦਿਨਾਂ ਵਿੱਚ ਹੋਰ ਬਹੁਤ ਸਾਰੇ ਆਗੂ ਪਾਰਟੀ ਛੱਡਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਜਿਹੇ ਗੂੰਗੇ-ਬੋਲੇ ਆਗੂਆਂ ਅਤੇ ਸਵਾਲਾਂ ਦੇ ਘੇਰੇ ਵਿੱਚ ਰਹੇ ‘ਸਾਮਾਨ’ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰੇਤ ਦੀ ਕੰਧ ਵਾਂਗ ਹੈ, ਜਿਸ ਦੀਆਂ ਇੱਕ-ਦੋ ਇੱਟਾਂ ਖਿਸਕਣ ਨਾਲ ਪੂਰੀ ਕੰਧ ਢਹਿ ਜਾਵੇਗੀ। ਉਨ੍ਹਾਂ ਕਿਹਾ ਕਿ ਮਾਈਨਿੰਗ ਅਤੇ ਹੋਰ ਮਾਮਲਿਆਂ ਵਿੱਚ ਸਵਾਲਾਂ ਦਾ ਸਾਹਮਣਾ ਕਰ ਰਹੇ ਆਗੂ ਹੁਣ ਭਾਜਪਾ ਵਿੱਚ ਜਾ ਰਹੇ ਹਨ। ਜਿਹੜੇ ਆਗੂ ਪੌਣੇ ਪੰਜ ਸਾਲ ਸੱਤਾ ਵਿੱਚ ਰਹਿ ਕੇ ਪੰਜਾਬ ਦੇ ਮੁੱਦਿਆਂ ’ਤੇ ਚੁੱਪ ਰਹੇ, ਉਹ ਹੁਣ ਪਾਰਟੀ ਬਦਲ ਕੇ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ।
ਪਰਗਟ ਸਿੰਘ ਨੇ ਕਿਹਾ ਕਿ ‘ਆਪ’ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੋਸਟਰ ਬੁਆਏ ਬਣਾ ਕੇ ਪੇਸ਼ ਕੀਤਾ ਸੀ, ਪਰ ਪੌਣੇ ਪੰਜ ਸਾਲ ਉਨ੍ਹਾਂ ਨੂੰ ਖੁੱਲ੍ਹ ਕੇ ਬੋਲਣ ਅਤੇ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੌੜ ਬੰਬ ਧਮਾਕੇ ਦੀ ਜਾਂਚ ਅਤੇ ਹੁਣ ਤੱਕ ਹੋਈ ਕਾਰਵਾਈ ਬਾਰੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਲਈ ਕਿਹਾ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਭਵਿੱਖ ਵਿੱਚ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਕਰਦੀ ਹੈ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੀ ਸਟੈਂਡ ਹੋਵੇਗਾ?
ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਦਿੱਲੀ ਤੋਂ ਆਏ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਪੰਜਾਬ ਦੀ ਸੱਤਾ ਦਾ ਇਸਤੇਮਾਲ ਕਰਦਿਆਂ ਸੂਬੇ ਵਿੱਚੋਂ ਕਰੀਬ 50 ਹਜ਼ਾਰ ਕਰੋੜ ਰੁਪਏ ਦੀ ਲੁੱਟ ਕੀਤੀ ਅਤੇ ਹੁਣ ਪਿੱਛੇ ਹਟ ਗਏ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 65 ਹਜ਼ਾਰ ਏਕੜ ਜ਼ਮੀਨ ਨਾਲ ਸਬੰਧਤ ਲੈਂਡ ਪੂਲਿੰਗ ਯੋਜਨਾ ਰੱਦ ਹੋਣ ਨਾਲ ਪੰਜਾਬ ਨੂੰ ਕਰੀਬ 1.50 ਲੱਖ ਕਰੋੜ ਰੁਪਏ ਦੀ ਸੰਭਾਵੀ ਲੁੱਟ ਤੋਂ ਬਚਾਇਆ ਗਿਆ।
ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਾਲਾ ਮਾਡਲ ਪੰਜਾਬ ਵਿੱਚ ਵੀ ਲਾਗੂ ਕੀਤਾ ਅਤੇ ਪੰਜਾਬੀਆਂ ਦੇ ਸਵੈਮਾਣ ਤੇ ਸਿਆਸੀ ਆਗੂਆਂ ਨੂੰ ਪਾਸੇ ਕਰਕੇ ਸੱਤਾ ਦਾ ਕੰਟਰੋਲ ਦਿੱਲੀ ਤੋਂ ਚਲਾਇਆ। ਹੁਣ ਕੇਜਰੀਵਾਲ ਪੰਜਾਬ ਤੋਂ ਪਿੱਛੇ ਹਟ ਰਹੇ ਹਨ, ਪਰ ਇਸ ਦਾ ਸਿਆਸੀ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਾਰਸ ਦੱਸਣ ਵਾਲੇ ਆਗੂਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸੱਤਾ ਵਿੱਚ ਆ ਕੇ ਭਗਤ ਸਿੰਘ ਦੇ ਆਦਰਸ਼ਾਂ ਅਤੇ ਪੰਜਾਬ ਦੇ ਹਿੱਤਾਂ ਲਈ ਕੀ ਕੀਤਾ।
ਈਡੀ ਅਤੇ ਸੀਬੀਆਈ ਦੀ ਭੂਮਿਕਾ ’ਤੇ ਸਵਾਲ ਚੁੱਕਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਕੇਂਦਰੀ ਜਾਂਚ ਏਜੰਸੀਆਂ ਦੀ ਸਰਗਰਮੀ ਵਧ ਜਾਂਦੀ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਭਾਜਪਾ ਇਨ੍ਹਾਂ ਏਜੰਸੀਆਂ ਦੀ ਵਰਤੋਂ ਵਿਰੋਧੀ ਆਗੂਆਂ ਨੂੰ ਡਰਾਉਣ ਅਤੇ ਦਬਾਅ ਬਣਾਉਣ ਲਈ ਕਰ ਸਕਦੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਦਬਾਅ ਅੱਗੇ ਨਾ ਝੁਕਣ ਅਤੇ ਈਡੀ ਤੇ ਸੀਬੀਆਈ ਦੀ ਕਥਿਤ ਸਿਆਸੀ ਦੁਰਵਰਤੋਂ ਵਿਰੁੱਧ ਡਟ ਕੇ ਆਵਾਜ਼ ਉਠਾਉਣ।
ਪੰਜਾਬ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ, ਦਲਜੀਤ ਸਿੰਘ ਅਤੇ ਅਜੈ ਕੁਮਾਰ ਦੀਆਂ ਲਾਸ਼ਾਂ ਮੁਰਦਾਘਰ ਵਿੱਚ ਪਈਆਂ ਹਨ ਅਤੇ ਪਰਿਵਾਰਾਂ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੁਲਿਸ ਵੱਲੋਂ ਪਰਿਵਾਰਾਂ ’ਤੇ ਭਾਰੀ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਹਾਲਾਤ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੇ।
- Download Babushahi App
-
-