ਖੰਨਾ 'ਚ ਦਰਜਨਾਂ AAP ਆਗੂ ਅਤੇ ਵਰਕਰ ਕਾਂਗਰਸ 'ਚ ਸ਼ਾਮਲ
ਰਵਿੰਦਰ ਢਿੱਲੋਂ
ਖੰਨਾ, 02 ਨਵੰਬਰ 2026- ਵਿਧਾਨ ਸਭਾ ਹਲਕਾ ਖੰਨਾ ਅੰਦਰ ਆਮ ਆਦਮੀ ਪਾਰਟੀ ਦੇ ਆਧਾਰ ਨੂੰ ਉਸ ਵੇਲੇ ਭਾਰੀ ਖੋਰਾ ਲੱਗਾ, ਜਦੋਂ ਪਿੰਡ ਰਹੌਣ ਵਿਖੇ ਵਾਰਡ ਨੰਬਰ 1 ਨਾਲ ਸਬੰਧਤ ਦਰਜਨਾਂ ਸਰਗਰਮ ਆਗੂਆਂ, ਨੌਜਵਾਨਾਂ ਅਤੇ ਮੋਹਤਬਰ ਪਰਿਵਾਰਾਂ ਨੇ 'ਆਪ' ਦੀਆਂ ਲੋਕ-ਵਿਰੋਧੀ ਨੀਤੀਆਂ ਅਤੇ ਲਾਰਿਆਂ ਦੀ ਰਾਜਨੀਤੀ ਤੋਂ ਤੰਗ ਆ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ ਦੀ ਯੋਗ ਅਗਵਾਈ ਅਤੇ ਲੋਕ-ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਸਾਰੇ ਸਾਥੀਆਂ ਨੇ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕੀਤਾ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਮੂਹ ਆਗੂਆਂ ਅਤੇ ਵਰਕਰਾਂ ਦਾ ਸਿਰੋਪਾਓ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਅੰਦਰ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਅਤੇ ਬਣਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਝੂਠੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਹਰ ਫਰੰਟ 'ਤੇ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਚੁੱਕੀ ਹੈ। ਸੂਬੇ ਦਾ ਹਰ ਵਰਗ ਚਾਹੇ ਉਹ ਕਿਸਾਨ ਹੋਵੇ, ਮਜ਼ਦੂਰ ਹੋਵੇ, ਦੁਕਾਨਦਾਰ ਹੋਵੇ ਜਾਂ ਨੌਜਵਾਨ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਨਿੱਘਰਦੀ ਜਾ ਰਹੀ ਹੈ ਅਤੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦਾ ਅਸਲ ਵਿਕਾਸ, ਆਪਸੀ ਭਾਈਚਾਰਕ ਸਾਂਝ ਅਤੇ ਸੂਬੇ ਦੀ ਖੁਸ਼ਹਾਲੀ ਸਿਰਫ਼ ਕਾਂਗਰਸ ਪਾਰਟੀ ਦੀ ਅਗਵਾਈ ਵਿੱਚ ਹੀ ਸੰਭਵ ਹੈ। ਜ਼ਮੀਨੀ ਪੱਧਰ 'ਤੇ ਲੋਕਾਂ ਦਾ ਮੁੜ ਕਾਂਗਰਸ ਵੱਲ ਵਧ ਰਿਹਾ ਇਹ ਭਰੋਸਾ ਸਾਫ਼ ਸੰਕੇਤ ਦਿੰਦਾ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੀ ਹੈ। ਸਮਾਗਮ ਮੌਕੇ ਇਲਾਕੇ ਦੇ ਪ੍ਰਮੁੱਖ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮੂਹ ਆਗੂਆਂ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਨੂੰ ਜੀ ਆਇਆਂ ਕਹਿੰਦਿਆਂ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਡਟ ਕੇ ਕੰਮ ਕਰਨ ਦਾ ਸੱਦਾ ਦਿੱਤਾ।
- Download Babushahi App
-
-