Political Special- ਵਿਵਾਦਾਂ ਨੇ ਪਾਈ ‘ਜੌੜਾਮਾਜਰਾ ਤੇ ਪਠਾਣਮਾਜਰਾ’ ਦੇ ਸਿਆਸੀ ਮਾਜ਼ਰਿਆਂ ਵਾਲੇ ਰੰਗ ’ਚ ਭੰਗ
ਅਸ਼ੋਕ ਵਰਮਾ
ਬਠਿੰਡਾ, 01 ਨਵੰਬਰ 2026: ਅੱਜ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਦੋ ਵਿਧਾਇਕਾਂ ਸਮਾਣਾ ਤੋਂ ਚੇਤਨ ਸਿੰਘ ਜੌੜਾ ਮਾਜਰਾ ਅਤੇ ਸਨੌਰ ਤੋਂ ਹਰਮੀਤ ਸਿੰਘ ਪਠਾਣ ਮਾਜਰਾ ਅਕਸਰ ਵਿਵਾਦਾਂ ’ਚ ਰਹੇ ਹਨ ਜਿਨ੍ਹਾਂ ਕਾਰਨ ਮਾਮਲਾ ਇੱਥੋਂ ਤੱਕ ਪੁੱਜਿਆ ਹੈ। ਜੌੜਾ ਮਾਜਰਾ ਨੂੰ ਮੰਤਰੀ ਬਨਾਉਣ ਮੌਕੇ ਵੀ ਸੋਸ਼ਲ ਮੀਡੀਆ ’ਤੇ ਚਰਚਾ ਛਿੜੀ ਸੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਦੌਰੇ ਮੌਕੇ ਵਾਪਰੀ ਘਟਨਾ ਹਵਾ ਦੇਣ ਵਾਲੀ ਸਾਬਤ ਹੋਈ ਸੀ। ਦਰਅਸਲ, ਜਦੋਂ ਜੌੜਾਮਾਜਰਾ ਹਸਪਤਾਲ ਦਾ ਨਿਰੀਖਣ ਕਰ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਬੈਡ ਉੱਪਰ ਵਿਛਾਏ ਖਸਤਾ ਹਾਲ ਗੱਦਿਆਂ ’ਤੇ ਪੈ ਗਈ। ਇਸ ਮੌਕੇ ਅੱਗ ਬਬੂਲਾ ਹੋਏ ਜੌੜਾ ਮਾਜਰਾ ਨੇ ਖਰਾਬ ਅਤੇ ਗੰਦੇ ਗੱਦੇ ਦੀ ਮਾੜੀ ਹਾਲਤ ਦਿਖਾਉਣ ਲਈ ਬਾਬਾ ਫਰੀਦ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਗੱਦੇ ’ਤੇ ਲੇਟਣ ਦੇ ਹੁਕਮ ਚਾੜ੍ਹ ਦਿੱਤੇ ਸਨ।
ਡਾ ਰਾਜ ਬਹਾਦਰ ਮੰਤਰੀ ਦਾ ਹੁਕਮ ਮੰਨਦਿਆਂ ਖਸਤਾਹਾਲ ਗੱਦੇ ’ਤੇ ਲੇਟ ਗਏ ਪਰ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਅਤੇ ਜੌੜਾ ਮਾਜਰਾ ਨੂੰ ਮੈਡੀਕਲ ਭਾਈਚਾਰੇ ਤੇ ਵਿਰੋਧੀ ਪਾਰਟੀਆਂ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਸਰਕਾਰ ਦੀ ਜੋ ਕਿਰਕਰੀ ਹੋਈ ਉਹ ਵੱਖਰੀ ਸੀ। ਡਾ ਰਾਜ ਬਹਾਦਰ ਨੇ ਮੁੱਖ ਮੰਤਰੀ ਕੋਲ ਆਪਣੀ ਬੇਇਜਤੀ ਦੀ ਸ਼ਕਾਇਤ ਕਰਦਿਆਂ ਅਹੁਦੇ ਤੋਂ ਮੁਕਤ ਕਰਨ ਦੀ ਮੰਗ ਕੀਤੀ । ਇਸ ਘਟਨਾ ਮਗਰੋਂ ਡਾ. ਰਾਜ ਬਹਾਦਰ ਨੇ ਇਹ ਕਹਿਕੇ ਅਸਤੀਫ਼ਾ ਦੇ ਦਿੱਤਾ ਕਿ ਉਹ ਖੁਦ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ। ਸਿਹਤ ਮੰਤਰੀ ਵਜੋਂ ਉਨ੍ਹਾਂ ਵੱਲੋਂ ਹਸਪਤਾਲਾਂ ਦੇ ਅਚਨਚੇਤ ਦੌਰੇ ਕਰਕੇ ਡਾਕਟਰਾਂ ਅਤੇ ਸਿਹਤ ਅਮਲੇ ਨੂੰ ਸਵਾਲ ਕਰਨ ਦੀ ਕਾਰਵਾਈ ਵੀ ਕਾਫੀ ਚਰਚਾ ਵਿੱਚ ਰਹੀ। ਹਾਲਾਂਕਿ ਕੱੁਝ ਮਾਮਲਿਆਂ ਵਿੱਚ ਇਸ ਨੂੰ ਪ੍ਰਬੰਧ ਸੁਧਾਰਨ ਦੀ ਕੋਸ਼ਿਸ਼ ਦੱਸਿਆ ਗਿਆ, ਜਦਕਿ ਆਲੋਚਕਾਂ ਨੇ ਇਸ ਤਰੀਕੇ ਨੂੰ ਅਧਿਕਾਰੀਆਂ ’ਤੇ ਦਬਾਅ ਬਣਾਉਣ ਵਾਲਾ ਕਰਾਰ ਦਿੱਤਾ।
ਸਮਾਣਾ ਦੇ ਸਕੂਲ ਆਫ਼ ਐਮੀਨੈਂਸ ਵਿੱਚ ਸਿੱਖਿਆ ਕ੍ਰਾਂਤੀ ਨਾਲ ਸਬੰਧਤ ਇੱਕਮਾਤਰ ਚਾਰ ਦਿਵਾਰੀ ਦੇ ਉਦਘਾਟਨੀ ਸਮਾਗਮ ਦੌਰਾਨ ਪ੍ਰਬੰਧਾਂ ਅਤੇ ਵਿਦਿਆਰਥੀਆਂ ਤੇ ਮਾਪਿਆਂ ਦੀ ਘੱਟ ਹਾਜ਼ਰੀ ’ਤੇ ਨਾਰਾਜ਼ਗੀ ਜ਼ਾਹਰ ਕਰਨੀ ਵੀ ਮੁੱਖ ਮਹਿਰਨ ਵਜੋਂ ਪੁ!ੇ ਜੌੜਾਮਾਜਰਾ ਨੂੰ ਮਹਿੰਗੀ ਪਈ ਹੈ। ਇਸ ਮੌਕੇੇ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਝਾੜ ਪਾਉਣ ਦਾ ਮਾਮਲਾ ਵੀ ਵੱਡੇ ਪੱਧਰ ’ਤੇ ਸੁਰਖੀਆਂ ਬਣਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਵਿਰੋਧੀਆਂ ਦਾ ਕਹਿਣਾ ਸੀ ਕਿ ਜੌੜਾਮਾਜਰਾ ਵੱਲੋਂ ਅਧਿਆਪਕਾਂ ਖਿਲਾਫ ਵਰਤੇ ਗਏ ‘ਅਪਸ਼ਬਦ’ ਸਿੱਖਿਆ ਖੇਤਰ ਵਿੱਚ ਆ ਰਹੇ ਬਦਲਾਓ ਦੀ ਡਰਾਉਣੀ ਤਸਵੀਰ ਹਨ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਜੌੜਾ ਮਾਜਰਾ ਦੇ ਇਸ ਵਿਹਾਰ ਦੀ ਨਿਖੇਧੀ ਕਰਦਿਆਂ ਮੁਆਫੀ ਮੰਗਣ ਦੀ ਮੰਗ ਕੀਤੀ। ਵਿਵਾਦ ਵਧਣ ਤੋਂ ਬਾਅਦ ਜੌੜਾਮਾਜਰਾ ਨੂੰ ਸਮੁੱਚੇ ਅਧਿਆਪਕ ਵਰਗ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਪਈ। ਇਹ ਚੰਦ ਮਿਸਾਲਾਂ ਹਨ ਜਦੋਂਕਿ ਜੌੜਾ ਮਾਜਰਾ ਦੀ ਸ਼ੈਲੀ ਹਮੇਸ਼ਾ ਚਰਚਾ ਵਿੱਚ ਰਹੀ ਸੀ।
ਇਸੇ ਤਰਾਂ ਹੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦਾ ਸੱਤਾ ਦੇ ਗਲਿਆਰਿਆਂ ਵਿੱਚ ਚੰਗਾ ਰਸੂਖ ਸੀ ਜੋ ਪਾਰਟੀ ਵਿੱਚ ਇੱਕ ‘ਬਾਹੂਬਲੀ ਨੇਤਾ’ ਵਜੋਂ ਜਾਣਿਆ ਜਾਂਦਾ ਸੀ। ਖਾਸ ਤੌਰ ’ਤੇ ਪਠਾਣਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਨਾਲ ਆਪਣੀ ਕਥਿਤ ਰਿਸ਼ਤੇਦਾਰੀ ਕਾਰਨ ਇੱਕ ਤਰਾਂ ਨਾਲ ‘ਫੁੱਫੜਾਂ ’ ਵਰਗਾ ਰੁਤਬਾ ਮਾਣ ਰਹੇ ਸਨ। ਸਾਲ 2025 ’ਚ ਪਠਾਣ ਮਾਜਰਾ ਖਿਲਾਫ ਜਬਰ-ਜਨਾਹ (ਰੇਪ) ਦਾ ਕੇਸ ਦਰਜ ਹੋਇਆ ਸੀ । ਇੱਕ ਸ਼ਕਤੀਸ਼ਾਲੀ ਨੇਤਾ ਤੋਂ ਇੱਕ ਕਥਿਤ ਬਲਾਤਕਾਰ ਦੇ ਮੁਲਜਮ ਬਣੇ ਪਠਾਣ ਮਾਜਰਾ ਗੈਂਗਸਟਰ ਵਾਂਗ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋਣ ਤੋਂ ਬਾਅਦ ਆਸਟਰੇਲੀਆ ਚਲੇ ਗਏ ਸਨ। ਹਾਲਾਂਕਿ , ਜਾਂਚ ਵਿੱਚ ਸ਼ਾਮਲ ਹੋਣ ਲਈ ਭਾਰਤ ਪਰਤਣ ’ਤੇ ਪੁਲੀਸ ਨੇ ਪਠਾਣ ਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ । ਉਸ ਮਗਰੋਂ ਉਨ੍ਹਾਂ ਦਾ ਪਹਿਲਾਂ ਵਾਲਾ ਰੁਤਬਾ ਬਹਾਲ ਨਾਂ ਕੀਤਾ ਜਾ ਸਕਿਆ ਅਤੇ ਅੱਜ ਤਾਂ ਅਸਤੀਫਾ ਹੀ ਦੇ ਦਿੱਤਾ ਹੈ।
ਭਾਜਪਾ ’ਚ ਜਾਣ ਦੀ ਚਰਚਾ
ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਚੇਤਨ ਸਿੰਘ ਜੋੜਾਮਾਜਰਾ ਦਾ ਆਪਣੇ ਇਲਾਕੇ ’ਚ ਚੰਗਾ ਅਸਰ ਰਸੂਖ ਹੈ। ਕੁੱਝ ਸਮਾਂ ਪਹਿਲਾਂ ਪਾਰਟੀ ਹਾਈਕਮਾਂਡ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੂੰ ਸਮਾਣਾ ਵਿਧਾਨ ਸਭਾ ਹਲਕੇ ਦਾ ਇੰਚਾਰਜ ਥਾਪ ਦਿੱਤਾ ਸੀ, ਜਿਸ ਕਾਰਨ ਜੋੜਾਮਾਜਰਾ ਪਾਰਟੀ ਲੀਡਰਸ਼ਿਪ ਤੋਂ ਕਾਫ਼ੀ ਖ਼ਫ਼ਾ ਚੱਲ ਰਹੇ ਸਨ। ਆਪਣੀ ਹੀ ਸੀਟ ’ਤੇ ਨਵਾਂ ਹਲਕਾ ਇੰਚਾਰਜ ਲਗਾਏ ਜਾਣ ਨੂੰ ਉਨ੍ਹਾਂ ਦੇ ਸਿਆਸੀ ਕੱਦ ’ਤੇ ਸੱਟ ਵਜੋਂ ਦੇਖਿਆ ਜਾ ਰਿਹਾ ਸੀ। ਇਨ੍ਹਾਂ ਦੋਵੇਂ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੇ ਪੰਜਾਬ ਦੇ ਸਿਆਸੀ ਸਮੀਕਰਨਾਂ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਅੱਜ ਸੋਸ਼ਲ ਮੀਡੀਆ ’ਤੇ ਦੋਵਾਂ ਵਿਧਾਇਕਾਂ ਦਾ ਮੁੱਦਾ ਛਾਇਆ ਹੋਇਆ ਹੈ ਅਤੇ ਵਿਰੋਧੀ ਧਿਰਾਂ ‘ਆਪ’ ਨੂੰ ਘੇਰ ਰਹੀਆਂ ਹਨ।
- Download Babushahi App
-
-