ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ੀ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਊ ਸੇਵਾ ਨਾਲ ਜੁੜੀਆਂ ਸੰਸਥਾਵਾਂ ਨੂੰ ਵੱਡੀ ਰਾਹਤ: ਨੀਲ ਗਰਗ
“ਜੋ ਸਰਕਾਰ ਗਊ ਸੇਵਾ ਕਰਨ ਵਾਲਿਆਂ ਦੇ ਨਾਲ ਖੜ੍ਹੀ ਹੈ, ਉਹ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ”
ਅਸ਼ੋਕ ਵਰਮਾ
ਬਠਿੰਡਾ, 7 ਅਗਸਤ 2026 : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 518 ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਕੁਮਾਰ ਗਰਗ ਨੇ ਇਸਨੂੰ ਗਊ ਸੇਵਾ ਨਾਲ ਜੁੜੀਆਂ ਸੰਸਥਾਵਾਂ ਲਈ ਇੱਕ ਵੱਡੀ ਅਤੇ ਇਤਿਹਾਸਕ ਰਾਹਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਵੱਡੇ ਖਰਚਿਆਂ ਕਾਰਨ ਕਈ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਉਹ ਸੁਰਖਰੂ ਹੋ ਗਏ ਹਨ। ਨੀਲ ਗਰਗ ਨੇ ਕਿਹਾ ਕਿ ਬੇਸਹਾਰਾ ਅਤੇ ਲਾਵਾਰਿਸ ਗਊਆਂ ਦੀ ਸਾਂਭ-ਸੰਭਾਲ ਕਰਨ ਵਾਲੀਆਂ ਕਮੇਟੀਆਂ ਪਹਿਲਾਂ ਹੀ ਵੱਡੀ ਸਮਾਜਿਕ ਜ਼ਿੰਮੇਵਾਰੀ ਨਿਭਾ ਰਹੀਆਂ ਹਨ ਇਸ ਲਈ ਇਹ ਫੈਸਲਾ ਉਨ੍ਹਾਂ ਲਈ ਰਾਹਤਾਂ ਦਾ ਭੰਡਾਰ ਬਣ ਕੇ ਸਾਹਮਣੇ ਆਵੇਗਾ । ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਮੁਆਫ਼ ਕਰਨ ਨਾਲ ਇਨ੍ਹਾਂ ਸੰਸਥਾਵਾਂ ਨੂੰ ਸਿੱਧੀ ਆਰਥਿਕ ਰਾਹਤ ਮਿਲੇਗੀ ਅਤੇ ਉਹ ਆਪਣਾ ਧਿਆਨ ਹੋਰ ਬਿਹਤਰ ਢੰਗ ਨਾਲ ਗਊ ਸੇਵਾ ਵੱਲ ਕੇਂਦਰਿਤ ਕਰ ਸਕਣਗੀਆਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਫੈਸਲਿਆਂ ਦੀ ਖ਼ਾਸੀਅਤ ਇਹ ਹੈ ਕਿ ਸਰਕਾਰ ਸਿਰਫ਼ ਵੱਡੀਆਂ ਯੋਜਨਾਵਾਂ ਦੀ ਗੱਲ ਨਹੀਂ ਕਰਦੀ, ਸਗੋਂ ਸਮਾਜ ਦੇ ਉਨ੍ਹਾਂ ਵਰਗਾਂ ਅਤੇ ਸੰਸਥਾਵਾਂ ਦੀਆਂ ਮੁਸ਼ਕਲਾਂ ਨੂੰ ਵੀ ਸਮਝਦੀ ਹੈ ਜੋ ਜ਼ਮੀਨੀ ਪੱਧਰ 'ਤੇ ਲੋਕ ਅਤੇ ਸਮਾਜ ਸੇਵਾ ਕਰ ਰਹੇ ਹਨ। ਨੀਲ ਕੁਮਾਰ ਗਰਗ ਨੇ ਕਿਹਾ, ਗਊ ਸੇਵਾ ਸਾਡੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਇਸ ਲਈ ਬਿਜਲੀ ਬਿੱਲ ਮੁਆਫ਼ ਕਰਨ ਦਾ ਫੈਸਲਾ ਸਿਰਫ਼ ਬਿੱਲ ਮੁਆਫ਼ੀ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਲੋਕਾਂ ਅਤੇ ਸੇਵਾਦਾਰਾਂ ਦਾ ਹੌਸਲਾ ਵਧਾਉਣ ਵਾਲਾ ਹੈ ਜੋ ਨਿਰਸਵਾਰਥ ਭਾਵਨਾ ਨਾਲ ਗਊਆਂ ਦੀ ਸੇਵਾ ਕਰ ਰਹੇ ਹਨ।”ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਗਊਸ਼ਾਲਾ ਕਮੇਟੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਗਊ ਸੇਵਾ ਨਾਲ ਜੁੜੇ ਲੋਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਚੇਅਰਮੈਨ ਨੀਲ ਕੁਮਾਰ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਜ਼ਰੂਰਤਾਂ ਅਤੇ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖ ਕੇ ਲਏ ਜਾ ਰਹੇ ਅਜਿਹੇ ਫੈਸਲੇ ਸਰਕਾਰ ਦੀ ਸੰਵੇਦਨਸ਼ੀਲ ਅਤੇ ਲੋਕ-ਪੱਖੀ ਸੋਚ ਨੂੰ ਦਰਸਾਉਂਦੇ ਹਨ।ਉਨ੍ਹਾਂ ਨੇ ਇਸ ਲੋਕ-ਹਿਤੈਸ਼ੀ ਫੈਸਲੇ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਊ ਸੇਵਾ, ਸਮਾਜ ਸੇਵਾ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਨਾਲ ਜੁੜੇ ਹਰ ਮਸਲੇ 'ਤੇ ਪੰਜਾਬ ਸਰਕਾਰ ਵੱਲੋਂ ਇਸੇ ਤਰ੍ਹਾਂ ਹਾਂ-ਪੱਖੀ ਅਤੇ ਲੋਕ-ਕੇਂਦਰਿਤ ਪਹੁੰਚ ਜਾਰੀ ਰਹਿਣੀ ਚਾਹੀਦੀ ਹੈ।
- Download Babushahi App
-
-