ਰਜਨੀਸ਼ ਸਰੀਨ
ਨਵਾਂਸ਼ਹਿਰ, 12 ਅਗਸਤ,2019 - ਐਮ ਐਲ ਏ ਅੰਗਦ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਰਾਜ ਭਰ ’ਚ ਸਤੰਬਰ ਮਹੀਨੇ ਦੌਰਾਨ ਲਾਏ ਜਾ ਰਹੇ ਰੋਜ਼ਗਾਰ ਮੇਲਿਆਂ ਦਾ ਨੌਜੁਆਨਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।
ਕਲ੍ਹ ਦੌਲਤਪੁਰ ਅਤੇ ਭੰਗਲ ਕਲਾਂ ਵਿਖੇ ਬਣਾਏ ਗਏ ਜਿੰਮਾਂ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਵੱਲੋਂ ਭੇਜੀਆਂ ਜਿੰਮ ਕਿੱਟਾਂ ਨਾਲ ਬਣੇ ਇਹ ਜਿੰਮ ਨੌਜੁਆਨ ਵਰਗ ਨੂੰ ਨਸ਼ੇ ਜਿਹੀ ਭੈੜੀ ਅਲਾਮਤ ਤੋਂ ਦੂਰ ਰੱਖਣ ’ਚ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਿੱਥੇ ਸਰਕਾਰ ਵੱਲੋਂ ਵੱਡੀ ਪੱਧਰ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਆਰੰਭੀ ਗਈ ਹੈ ਉੱਥੇ ਨਸ਼ਾ ਪੀੜਤਾਂ ਦੇ ਇਲਾਜ ਦੀ ਓਟ ਸੈਂਟਰਾਂ ਰਾਹੀਂ ਮੁਫ਼ਤ ਇਲਾਜ ਸਹੂਲਤ ਵੀ ਦਿੱਤੀ ਹੈ। ਉਨ੍ਹਾਂ ਇਸ ਮੌਕੇ ਪਿੰਡਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਵੱਲੋਂ ਉਨ੍ਹਾਂ ਦੀ ਅਪੀਲ ’ਤੇ ਨਵਾਂਸ਼ਹਿਰ ਹਲਕੇ ਦੇ 6 ਪਿੰਡਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਲਾਗਤ ਵਾਲੀਆਂ ਜਿੰਮ ਕਿੱਟਾਂ ਭੇਜੀਆਂ ਗਈਆਂ ਹਨ। ਇਨ੍ਹਾਂ ਪਿੰਡਾਂ ’ਚ ਸ਼ਹਿਬਾਜ਼ਪੁਰ, ਛੋਕਰਾਂ, ਗੜ੍ਹੀ ਭਾਰਟੀ, ਭਾਰਟਾ ਕਲਾਂ, ਵੀ ਸ਼ਾਮਿਲ ਹਨ।
ਉਨ੍ਹਾਂ ਪਿੰਡ ਵਾਸੀਆਂ ਖਾਸਕਰ ਬੇਰੋਜ਼ਗਾਰ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ 9 ਸਤੰਬਰ ਤੋਂ 30 ਸਤੰਬਰ ਤੱਕ ਪੰਜਾਬ ਭਰ ’ਚ ਲੱਗ ਰਹੇ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਕਿਉਂ ਜੋ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਰੋਜ਼ਗਾਰ ਮੇਲਿਆਂ ਦੌਰਾਨ 2 ਲੱਖ ਰੋਜ਼ਗਾਰ ਦੇਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਵੀ 19 ਸਤੰਬਰ ਨੂੰ ਆਈ ਟੀ ਆਈ ਨਵਾਂਸ਼ਹਿਰ ਅਤੇ 25 ਸਤੰਬਰ ਨੂੰ ਰਿਆਤ ਕੈਂਪਸ ਰੈਲ ਮਾਜਰਾ ਵਿਖੇ ਮੈਗਾ ਰੋਜ਼ਗਾਰ ਮੇਲੇ ਲਾਏ ਜਾ ਰਹੇ ਹਨ ਜਿਸ ਦੌਰਾਨ 6000 ਤੋਂ ਵਧੇਰੇ ਰੋਜ਼ਗਾਰ/ਸਵੈ-ਰੋਜ਼ਗਾਰ ਮੌਕੇ ਉਪਲਬਧ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਸਾਬਕਾ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ ਤੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਕਲੱਬਾਂ ਵੀ ਮੌਜੂਦ ਸਨ।