ਖੇਡ ਮੈਦਾਨਾਂ ਵਿੱਚ ਗੂੰਜੀ ਪੰਜਾਬੀਅਤ ਦੀ ਸ਼ਾਨ
ਨਿਊਜ਼ੀਲੈਂਡ ਦੀ ਧਰਤੀ ’ਤੇ ਵਧਿਆ ਭਾਈਚਾਰੇ ਦਾ ਮਾਣ
ਖੇਡਾਂ ਤੇ ਭਾਈਚਾਰਕ ਸਾਂਝ ਦਾ ਸੰਗਮ, ਆਕਲੈਂਡ ਵਿਖੇ ਸਜਿਆ 8ਵੀਆਂ ਸਿੱਖ ਖੇਡਾਂ ਦਾ ਮਹਾਂਕੁੰਭ-ਸੱਭਿਆਚਾਰਕ ਰੰਗਾਂ ਨੇ ਪਰਿਵਾਰਾਂ ਦਾ ਜਿੱਤਿਆ ਦਿਲ
-ਆਸਟਰੇਲੀਆ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਪੁੱਜੀਆਂ ਟੀਮਾਂ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 29 ਨਵੰਬਰ 2026:-ਸੱਤ ਸਮੁੰਦਰੋਂ ਪਾਰ ਨਿਊਜ਼ੀਲੈਂਡ ਵਿੱਚ ਵਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਅਮੀਰ ਵਿਰਾਸਤ, ਖੇਡ ਸੱਭਿਆਚਾਰ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਰਵਾਈਆਂ ਗਈਆਂ 8ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ-2026 (8th New Zealand Sikh 7ames) 28 ਅਤੇ 29 ਨਵੰਬਰ ਨੂੰ ਔਕਲੈਂਡ ਦੇ ਟਾਕਾਨੀਨੀ ਸਥਿਤ ਵਿਸ਼ਵ ਪ੍ਰਸਿੱਧ ਬਰੂਸ ਪੁਲਮੈਨ ਪਾਰਕ ਵਿਖੇ ਬੜੀ ਸ਼ਾਨੋ-ਸ਼ੌਕਤ, ਅਨੁਸ਼ਾਸਨ ਅਤੇ ਭਾਰੀ ਉਤਸ਼ਾਹ ਨਾਲ ਸੰਪੰਨ ਹੋ ਗਈਆਂ। ਦੋ ਦਿਨਾਂ ਤੱਕ ਚੱਲੇ ਇਸ ਸਾਲਾਨਾ ਖੇਡ ਅਤੇ ਸੱਭਿਆਚਾਰਕ ਮਹਾਂਕੁੰਭ ਵਿੱਚ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਗੁਆਂਢੀ ਮੁਲਕ ਆਸਟਰੇਲੀਆ ਤੋਂ ਵੀ ਖਿਡਾਰੀਆਂ ਅਤੇ ਟੀਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਦੋ ਦਿਨਾਂ ਖੇਡ ਮੇਲੇ ਦੌਰਾਨ ਬਰੂਸ ਪੁਲਮੈਨ ਪਾਰਕ ਦੇ ਵੱਖ-ਵੱਖ ਮੈਦਾਨਾਂ ਵਿੱਚ ਰਵਾਇਤੀ ਅਤੇ ਆਧੁਨਿਕ ਖੇਡਾਂ ਦੇ ਬੇਹੱਦ ਦਿਲਚਸਪ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਖੇਡ ਪ੍ਰੇਮੀਆਂ ਦੀ ਖਿੱਚ ਦਾ ਮੁੱਖ ਕੇਂਦਰ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਰਹੀ, ਜਿੱਥੇ ਖਿਡਾਰੀਆਂ ਦੀ ਤਾਕਤ ਅਤੇ ਫੁਰਤੀ ਨੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਬੋਟਨੀ ਵਾਲੇ ਕੱਪ ਲੈ ਗਏ। ਇਸ ਤੋਂ ਇਲਾਵਾ ਫੁੱਟਬਾਲ, ਫੀਲਡ ਹਾਕੀ, ਵਾਲੀਬਾਲ (ਸਮੈਸ਼ਿੰਗ), ਨੈੱਟਬਾਲ ਅਤੇ ਰਵਾਇਤੀ ਖੇਡ ਖੋ-ਖੋ ਦੇ ਮੁਕਾਬਲਿਆਂ ਵਿੱਚ ਵੀ ਮਹਿਲਾ ਖਿਡਾਰੀਆਂ ਨੇ ਪੂਰੇ ਜ਼ੋਰ-ਸ਼ੋਰ ਨਾਲ ਆਪਣੀ ਕਾਬਲੀਅਤ ਦੇ ਜੌਹਰ ਦਿਖਾਏ। /ਯੂਥ ਕਲੱਬ ਹਮਿਲਟਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੱਚਿਆਂ (ਅੰਡਰ-13) ਅਤੇ ਨੌਜਵਾਨ ਵਰਗ ਦੇ ਮੁਕਾਬਲਿਆਂ ਨੇ ਨਵੀਂ ਪੀੜ੍ਹੀ ਨੂੰ ਖੇਡ ਮੈਦਾਨਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ।
ਖੇਡ ਮੁਕਾਬਲਿਆਂ ਦੇ ਨਾਲ-ਨਾਲ ਸਿੱਖ ਵਿਰਸੇ ਅਤੇ ਸੱਭਿਆਚਾਰ ਨੂੰ ਸਮਰਪਿਤ ਪ੍ਰੋਗਰਾਮ ਵੀ ਇਸ ਸਮਾਗਮ ਦੀ ਵਿਸ਼ੇਸ਼ ਰੌਣਕ ਬਣੇ ਰਹੇ। ਸਿੱਖ ਮਾਰਸ਼ਲ ਆਰਟ ਗੱਤਕੇ ਦੇ ਹੈਰਤਅੰਗੇਜ਼ ਕਰਤੱਬਾਂ ਨੇ ਜਿੱਥੇ ਦਰਸ਼ਕਾਂ ਨੂੰ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜਬੂਰ ਕੀਤਾ, ਉੱਥੇ ਹੀ ਨੌਜਵਾਨਾਂ ਅਤੇ ਬੱਚਿਆਂ ਦਸਤਾਰਾਂ ਸਜਾ ਕੇ ਸਿੱਖੀ ਸਰੂਪ ਅਤੇ ਵਿਰਸੇ ਪ੍ਰਤੀ ਮਾਣ ਦੀ ਭਾਵਨਾ ਨੂੰ ਹੋਰ ਪ੍ਰਚੰਡ ਕੀਤਾ। ਸਮੁੱਚਾ ਸਮਾਗਮ ਪੂਰੀ ਤਰ੍ਹਾਂ ਪਰਿਵਾਰਕ ਅਤੇ ਨਸ਼ਾ-ਮੁਕਤ ਮਾਹੌਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਹਰ ਉਮਰ ਵਰਗ ਦੇ ਲੋਕਾਂ, ਔਰਤਾਂ ਅਤੇ ਬਜ਼ੁਰਗਾਂ ਨੇ ਬੇਫਿਕਰ ਹੋ ਕੇ ਹਿੱਸਾ ਲਿਆ।
ਅੰਤਰਰਾਸ਼ਟਰੀ ਗਾਇਕ ਜਸਬੀਰ ਜੱਸੀ ਨੇ ਲਗਤਾਰ ਡੇਢ ਘੰਟੇ ਤੱਕ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਲੋਕਾਂ ਨੇ ਭੰਗੜੇ ਪਾ ਕੇ ਖੁਸ਼ੀ ਜ਼ਾਹਿਰ ਕੀਤੀ।
ਇਸ ਮੌਕੇ ਵੱਖ-ਵੱਖ ਸਹਿਯੋਗੀ ਖੇਡ ਕਲੱਬਾਂ, ਵਲੰਟੀਅਰਾਂ ਅਤੇ ਪ੍ਰਬੰਧਕੀ ਟੀਮ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸੰਗਤ ਅਤੇ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪ੍ਰਬੰਧਕਾਂ ਅਨੁਸਾਰ ਇਨ੍ਹਾਂ ਖੇਡਾਂ ਦਾ ਮੁੱਖ ਮਕਸਦ ਨਾ ਸਿਰਫ਼ ਸਿੱਖ ਭਾਈਚਾਰੇ ਦੇ ਖਿਡਾਰੀਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਹੈ, ਸਗੋਂ ਨਿਊਜ਼ੀਲੈਂਡ ਦੇ ਸਥਾਨਕ ਭਾਈਚਾਰਿਆਂ ਨਾਲ ਸਾਂਝ ਵਧਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਵੀ ਹੈ। ਸਮਾਗਮ ਦੀ ਸਮਾਪਤੀ ਮੌਕੇ ਜੇਤੂ ਟੀਮਾਂ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ 8ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਮਿੱਠੀਆਂ ਯਾਦਾਂ ਸਮੇਟਦਿਆਂ ਇਹ ਖੇਡ ਮਹਾਂਕੁੰਭ ਸਫਲਤਾਪੂਰਵਕ ਸਮਾਪਤ ਹੋਇਆ।
- Download Babushahi App
-
-