ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ : ਕਮਲਪ੍ਰੀਤ ਸਿੰਘ ਖੱਖ/ਅਨੀਲ ਕੁਮਾਰ ਜੈਨ/ਅਮਜਦ ਅਲੀ
ਸਾਰੇ ਧਰਮ ਇੱਕ ਰੱਬ ਦੀ ਬੰਦਗੀ, ਪਿਆਰ-ਮੁਹੱਬਤ ਅਤੇ ਮਨੁੱਖੀ ਏਕਤਾ ਦਾ ਦਿੰਦੇ ਹਨ ਸੁਨੇਹਾ
(ਇਸਮਾਈਲ ਏਸ਼ੀਆ)
ਮਾਲੇਰਕੋਟਲਾ, 22 ਨਵੰਬਰ :2026, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਸ਼੍ਰੀ ਕਮਲਪ੍ਰੀਤ ਸਿੰਘ ਖੱਖ, ਕੇ.ਐਮ.ਆਰ.ਡੀ. ਜੈਨ ਕਾਲਜ ਮਾਲੇਰਕੋਟਲਾ ਦੇ ਚੇਅਰਮੈਨ ਸ਼੍ਰੀ ਅਨੀਲ ਕੁਮਾਰ ਜੈਨ ਅਤੇ ਹਰਫ਼ ਕਾਲਜ ਮਾਲੇਰਕੋਟਲਾ ਦੇ ਚੇਅਰਮੈਨ ਰੋਟੇਰੀਅਨ ਸ਼੍ਰੀ ਅਮਜਦ ਅਲੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਸਦੀਵੀ ਪ੍ਰੇਰਨਾ ਸਰੋਤ ਹਨ। ਉਨ੍ਹਾਂ ਵੱਲੋਂ ਦਿੱਤਾ ਗਿਆ 'ਇੱਕ ਓਅੰਕਾਰ' ਦਾ ਸੰਦੇਸ਼ ਸਾਨੂੰ ਇੱਕ ਪਰਮਾਤਮਾ ਦੀ ਹੋਂਦ, ਆਪਸੀ ਪਿਆਰ, ਬਰਾਬਰਤਾ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਮਾਰਗ ਦਿਖਾਉਂਦਾ ਹੈ।
ਉਨ੍ਹਾਂ ਕਿਹਾ ਕਿ ਦੁਨੀਆ ਦੇ ਸਾਰੇ ਧਰਮ ਮਨੁੱਖ ਨੂੰ ਇੱਕ ਰੱਬ ਦੀ ਬੰਦਗੀ ਕਰਨ, ਸੱਚ ਦੇ ਰਾਹ 'ਤੇ ਚੱਲਣ, ਲੋੜਵੰਦਾਂ ਦੀ ਮਦਦ ਕਰਨ ਅਤੇ ਸਮਾਜ ਵਿੱਚ ਪਿਆਰ ਤੇ ਮੁਹੱਬਤ ਵਧਾਉਣ ਦੀ ਸਿੱਖਿਆ ਦਿੰਦੇ ਹਨ। ਧਰਮਾਂ ਦੇ ਨਾਂ ਵੱਖਰੇ ਹੋ ਸਕਦੇ ਹਨ, ਪਰ ਮਨੁੱਖਤਾ ਦੀ ਭਲਾਈ, ਆਪਸੀ ਸਤਿਕਾਰ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਸਾਰਿਆਂ ਵਿੱਚ ਸਾਂਝਾ ਹੈ। ਸਾਨੂੰ ਧਾਰਮਿਕ ਵਖਰੇਵਿਆਂ ਨੂੰ ਦੂਰੀਆਂ ਦਾ ਕਾਰਨ ਬਣਾਉਣ ਦੀ ਬਜਾਏ ਇੱਕ-ਦੂਜੇ ਦੇ ਧਰਮ ਅਤੇ ਵਿਸ਼ਵਾਸ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੀ ਧਰਤੀ ਆਪਣੀ ਵਿਲੱਖਣ ਤਹਿਜ਼ੀਬ, ਗੰਗਾ-ਜਮੁਨੀ ਸੱਭਿਆਚਾਰ, ਆਪਸੀ ਪਿਆਰ ਅਤੇ ਫਿਰਕੂ ਸਦਭਾਵਨਾ ਲਈ ਜਾਣੀ ਜਾਂਦੀ ਹੈ। ਇੱਥੋਂ ਦੇ ਲੋਕਾਂ ਨੇ ਹਮੇਸ਼ਾ ਹਰ ਧਰਮ ਅਤੇ ਭਾਈਚਾਰੇ ਦੇ ਤਿਉਹਾਰਾਂ ਨੂੰ ਸਾਂਝੇ ਤੌਰ 'ਤੇ ਮਨਾਉਣ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ। ਇਹੀ ਮਾਲੇਰਕੋਟਲਾ ਦੀ ਅਸਲ ਪਛਾਣ ਅਤੇ ਸਭ ਤੋਂ ਵੱਡੀ ਖੂਬਸੂਰਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਿਰਫ਼ ਧਾਰਮਿਕ ਸਮਾਗਮਾਂ ਤੱਕ ਸੀਮਤ ਰੱਖਣ ਦੀ ਬਜਾਏ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ। ਜੇਕਰ ਅਸੀਂ ਉਨ੍ਹਾਂ ਦੇ ਸਿਧਾਂਤਾਂ ਅਨੁਸਾਰ ਸੱਚਾਈ, ਇਮਾਨਦਾਰੀ, ਸੇਵਾ, ਨਿਮਰਤਾ ਅਤੇ ਆਪਸੀ ਸਦਭਾਵਨਾ ਨੂੰ ਆਪਣਾ ਜੀਵਨ ਆਧਾਰ ਬਣਾ ਲਈਏ ਤਾਂ ਸਮਾਜ ਵਿੱਚੋਂ ਨਫ਼ਰਤ, ਵੈਰ-ਵਿਰੋਧ ਅਤੇ ਭੇਦਭਾਵ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਅੰਤ ਵਿੱਚ ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਗੁਰਪੁਰਬ ਦੇ ਪਵਿੱਤਰ ਮੌਕੇ 'ਤੇ ਅਸੀਂ ਸਾਰੇ ਪ੍ਰਣ ਕਰੀਏ ਕਿ ਧਰਮ, ਜਾਤ-ਪਾਤ ਅਤੇ ਭਾਸ਼ਾ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਾਂਗੇ ਅਤੇ ਮਾਲੇਰਕੋਟਲਾ ਦੀ ਪਿਆਰ, ਮੁਹੱਬਤ ਤੇ ਭਾਈਚਾਰਕ ਸਾਂਝ ਵਾਲੀ ਰਵਾਇਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਹੋਰ ਮਜ਼ਬੂਤੀ ਨਾਲ ਪਹੁੰਚਾਵਾਂਗੇ।
- Download Babushahi App
-
-