ਸੋਨੀਆ ਗਾਂਧੀ ਦੇ ਜੱਦੀ ਘਰ ਦੀ ਸੰਭਾਲ ਕਰ ਰਹੇ ਸਿੱਖ ਪਰਿਵਾਰ ਦਾ ਵੱਡਾ ਐਲਾਨ, ਰਿਹਾਇਸ਼ ਨੂੰ ਬਣਾਇਆ ਜਾਵੇਗਾ 'ਮਿਊਜ਼ੀਅਮ'
ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਮਿਲੀ ਸੋਨੀਆ ਗਾਂਧੀ ਦੇ ਇਟਲੀ ਵਾਲੇ ਜੱਦੀ ਘਰ ਦੀ ਸੇਵਾ: ਸੁਖਦੇਵ ਸਿੰਘ ਕੰਗ
ਕਾਰੋਬਾਰ ਨਹੀਂ, ਬਲਕਿ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਮਰਪਿਤ ਹੋਵੇਗਾ ਇਟਲੀ ਵਾਲਾ ਜੱਦੀ ਘਰ: ਮਾਲਕ ਸੁਖਦੇਵ ਸਿੰਘ
ਅੰਮ੍ਰਿਤਸਰ ਪਹੁੰਚੇ ਸੁਖਦੇਵ ਸਿੰਘ ਕੰਗ ਨੇ ਸਾਂਝੀਆਂ ਕੀਤੀਆਂ ਭਾਵੁਕ ਯਾਦਾਂ, ਦੱਸਿਆ ਕਿਵੇਂ ਖਰੀਦਿਆ ਸੀ ਸੋਨੀਆ ਗਾਂਧੀ ਦਾ ਜੱਦੀ ਘਰ
Babushahi Network
ਅੰਮ੍ਰਿਤਸਰ, 21 ਨਵੰਬਰ 2026: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਇਟਲੀ ਵਿੱਚ ਸਥਿਤ ਜੱਦੀ ਘਰ ਦੀ ਮਾਲਕੀ ਅਤੇ ਸੰਭਾਲ ਕਰ ਰਹੇ ਸਿੱਖ ਪਰਿਵਾਰ ਦੇ ਮੁਖੀ ਸੁਖਦੇਵ ਸਿੰਘ ਕੰਗ ਨੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਇਤਿਹਾਸਕ ਘਰ ਨਾਲ ਜੁੜੀਆਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ। ਕੰਗ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਘਰ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੇ ਵਪਾਰਕ ਮਕਸਦ ਲਈ ਨਹੀਂ ਕੀਤੀ ਜਾਵੇਗੀ, ਸਗੋਂ ਇਸ ਨੂੰ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਮਰਪਿਤ ਇੱਕ ਸ਼ਾਨਦਾਰ ਅਜਾਇਬ ਘਰ (ਮਿਊਜ਼ੀਅਮ) ਵਜੋਂ ਤਿਆਰ ਕੀਤਾ ਜਾਵੇਗਾ।
ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਕੰਗ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਉਹ ਇੱਕ ਨਿਮਾਣੇ ਜਿਹੇ ਸਿੱਖ ਹਨ ਅਤੇ ਇਹ ਸਭ ਕੁਝ ਕੇਵਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੋਨੀਆ ਗਾਂਧੀ ਦੇ ਜੱਦੀ ਘਰ ਦੀ ਸਾਂਭ-ਸੰਭਾਲ ਕਰਨ ਦਾ ਜੋ ਸੁਭਾਗ ਪ੍ਰਾਪਤ ਹੋਇਆ ਹੈ, ਉਹ ਇਸ ਦਾ ਸਿਹਰਾ ਆਪਣੇ ਸਿਰ ਨਹੀਂ ਲੈ ਸਕਦੇ, ਕਿਉਂਕਿ ਇਹ ਸਭ ਗੁਰੂ ਸਾਹਿਬ ਦੀ ਬਖਸ਼ਿਸ਼ ਹੈ।
ਕੰਗ ਨੇ ਘਰ ਦੀ ਖਰੀਦ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੱਸਿਆ ਕਿ ਸਾਲ 2020 ਵਿੱਚ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਸੀ, ਉਸ ਸਮੇਂ ਉਨ੍ਹਾਂ ਨੂੰ ਇਹ ਘਰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਇਸ ਪ੍ਰਕਿਰਿਆ ਵਿੱਚ ਕਾਨੂੰਨੀ ਕਾਗਜ਼ੀ ਕਾਰਵਾਈ ਵੀ ਸ਼ਾਮਲ ਸੀ, ਪਰ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਇਸ ਘਰ ਦੀਆਂ ਚਾਬੀਆਂ ਸੌਂਪੀਆਂ ਗਈਆਂ, ਤਾਂ ਉਹ ਦਿਨ ਉਨ੍ਹਾਂ ਲਈ ਬੇਹੱਦ ਖਾਸ ਅਤੇ ਮਾਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਇਟਲੀ ਦੇ ਉਸ ਪਿੰਡ ਦੇ ਵਸਨੀਕ ਵੀ ਇਸ ਗੱਲੋਂ ਬਹੁਤ ਖੁਸ਼ ਸਨ ਕਿ ਇਸ ਇਤਿਹਾਸਕ ਘਰ ਦੀਆਂ ਚਾਬੀਆਂ ਇੱਕ ਸਿੱਖ ਪਰਿਵਾਰ ਦੇ ਹੱਥਾਂ ਵਿੱਚ ਆਈਆਂ ਹਨ।
ਸੋਨੀਆ ਗਾਂਧੀ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰਦਿਆਂ ਕੰਗ ਨੇ ਦੱਸਿਆ ਕਿ 9 ਦਸੰਬਰ ਨੂੰ ਸੋਨੀਆ ਗਾਂਧੀ ਦਾ ਜਨਮ ਦਿਨ ਹੁੰਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਵੀ ਉਸ ਘਰ ਵਿੱਚ ਉਨ੍ਹਾਂ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਸੀ। ਆਪਣੇ ਪਰਿਵਾਰ ਦੇ ਭਵਿੱਖੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਕੰਗ ਨੇ ਸਪੱਸ਼ਟ ਕੀਤਾ ਕਿ ਜਿਸ ਦਿਨ ਇਸ ਘਰ ਦੀ ਰਜਿਸਟਰੀ ਹੋਈ ਸੀ, ਉਸੇ ਦਿਨ ਹੀ ਪੂਰੇ ਪਰਿਵਾਰ ਨੇ ਇਹ ਪ੍ਰਣ ਲਿਆ ਸੀ ਕਿ ਉਹ ਇਸ ਘਰ ਨੂੰ ਨਾ ਤਾਂ ਕਿਰਾਏ 'ਤੇ ਦੇਣਗੇ ਅਤੇ ਨਾ ਹੀ ਇਸ ਤੋਂ ਕੋਈ ਕਮਾਈ ਕਰਨਗੇ।
ਕੰਗ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਅੱਜ ਵੀ ਉਹੀ ਹੈ ਅਤੇ ਉਹ ਇਸ ਨੂੰ ਇੱਕ ਅਜਾਇਬ ਘਰ ਦਾ ਰੂਪ ਦੇਣਗੇ, ਜੋ ਪੂਰੀ ਤਰ੍ਹਾਂ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਮਰਪਿਤ ਹੋਵੇਗਾ।ਅਖੀਰ ਵਿੱਚ ਸੁਖਦੇਵ ਸਿੰਘ ਕੰਗ ਨੇ ਉਮੀਦ ਜਤਾਈ ਕਿ ਸੋਨੀਆ ਗਾਂਧੀ ਅਤੇ ਉਨ੍ਹਾਂ ਦਾ ਪਰਿਵਾਰ ਇਸ ਨੇਕ ਕਾਰਜ ਵਿੱਚ ਉਨ੍ਹਾਂ ਦਾ ਸਹਿਯੋਗ ਜ਼ਰੂਰ ਕਰੇਗਾ। ਉਨ੍ਹਾਂ ਅਪੀਲ ਕੀਤੀ ਕਿ ਗਾਂਧੀ ਪਰਿਵਾਰ ਉਨ੍ਹਾਂ ਨੂੰ ਇਸ ਘਰ ਅਤੇ ਪਰਿਵਾਰ ਨਾਲ ਸਬੰਧਤ ਪੁਰਾਣੀਆਂ ਤਸਵੀਰਾਂ, ਸਾਹਿਤ ਅਤੇ ਹੋਰ ਯਾਦਗਾਰੀ ਸਮੱਗਰੀ ਮੁਹੱਈਆ ਕਰਵਾਏ, ਤਾਂ ਜੋ ਉਹ ਇਨ੍ਹਾਂ ਸਾਰੀਆਂ ਵਸਤਾਂ ਨੂੰ ਇਸ ਅਜਾਇਬ ਘਰ ਵਿੱਚ ਸਜਾ ਸਕਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾ ਸਕਣ।
- Download Babushahi App
-
-