ਫਰਿਜ਼ਨੋ ਦੇ ਹੋਣਹਾਰ ਨੌਜਵਾਨ ਪ੍ਰਭਜੋਤ ਸਿੰਘ ਮਾਨ ਦਾ ਦੁਖਦਾਈ ਦਿਹਾਂਤ, ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ
ਸਪੇਨ ਦੇ ਮੈਡਰਿਡ ਵਿਖੇ ਮੁਆਏ ਥਾਈ ਟੂਰਨਾਮੈਂਟ ਦੌਰਾਨ ਸਿਰ ਵਿੱਚ ਲੱਗੀ ਸੀ ਗੰਭੀਰ ਸੱਟ, ਕਈ ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਉਪਰੰਤ ਦੁਨੀਆ ਨੂੰ ਆਖ ਗਿਆ ਅਲਵਿਦਾ
ਜੀ.ਐੱਚ.ਜੀ. ਭੰਗੜਾ ਅਕੈਡਮੀ ਦਾ ਹੋਣਹਾਰ ਭੰਗੜਚੀ ਅਤੇ ਜੈਕਾਰਾ ਮੂਵਮੈਂਟ ਦਾ ਸਰਗਰਮ ਮੈਂਬਰ ਸੀ ਪ੍ਰਭਜੋਤ ਸਿੰਘ ਮਾਨ
ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)
ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਲਈ ਬੇਹੱਦ ਦੁਖਦਾਈ ਅਤੇ ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਫਰਿਜ਼ਨੋ ਦਾ ਹੋਣਹਾਰ ਨੌਜਵਾਨ, ਮੁਆਏ ਥਾਈ ਫਾਈਟਰ, ਸ਼ਾਨਦਾਰ ਭੰਗੜਚੀ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲਾ ਪ੍ਰਭਜੋਤ ਸਿੰਘ ਮਾਨ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ। ਇਸ ਨੌਜਵਾਨ ਦੀ ਬੇਵਕਤੀ ਮੌਤ ਦੀ ਖ਼ਬਰ ਨੇ ਜਿੱਥੇ ਮਾਨ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ, ਉੱਥੇ ਹੀ ਸਮੁੱਚੇ ਪੰਜਾਬੀ ਭਾਈਚਾਰੇ, ਉਸ ਦੇ ਦੋਸਤਾਂ-ਮਿੱਤਰਾਂ ਅਤੇ ਖੇਡ ਤੇ ਸੱਭਿਆਚਾਰਕ ਜਗਤ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਮਾਨ ਸਪੇਨ ਦੀ ਰਾਜਧਾਨੀ ਮੈਡਰਿਡ ਵਿਖੇ ਮੁਆਏ ਥਾਈ (Muay Thai) ਦੇ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਗਿਆ ਹੋਇਆ ਸੀ। ਬੀਤੀ 7 ਨਵੰਬਰ, ਦਿਨ ਸ਼ਨੀਵਾਰ ਨੂੰ ਮੁਕਾਬਲੇ ਦੌਰਾਨ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਤੁਰੰਤ ਏਅਰਲਿਫਟ ਕਰਕੇ ਮੈਡਰਿਡ ਦੇ ਇੱਕ ਯੂਨੀਵਰਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੂੰ ਆਈ.ਸੀ.ਯੂ. ਵਿੱਚ ਰੱਖ ਕੇ ਡਾਕਟਰਾਂ ਵੱਲੋਂ ਲਗਾਤਾਰ ਇਲਾਜ ਕੀਤਾ ਜਾਂਦਾ ਰਿਹਾ।
ਕਈ ਦਿਨਾਂ ਤੱਕ ਸਪੇਨ ਦੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝਦੇ ਰਹੇ ਇਸ ਨੌਜਵਾਨ ਨੂੰ ਬਚਾਉਣ ਲਈ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਹਰ ਸੰਭਵ ਯਤਨ ਕੀਤੇ ਗਏ। ਇਸ ਦੌਰਾਨ ਗੋ ਫੰਡ ਮੀ (GoFundMe) ਰਾਹੀਂ ਇਕੱਤਰ ਕੀਤੀ ਗਈ ਆਰਥਿਕ ਮਦਦ ਦੇ ਸਹਿਯੋਗ ਨਾਲ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਅਮਰੀਕਾ ਲਿਆਂਦਾ ਗਿਆ ਅਤੇ ਸਟੈਨਫੋਰਡ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ। ਅੱਜ ਉਸ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖ਼ਬਰ ਸਾਹਮਣੇ ਆਉਣ ਨਾਲ ਹਰ ਅੱਖ ਨਮ ਹੋ ਗਈ।
ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੰਘ ਮਾਨ ਸਿਰਫ਼ ਇੱਕ ਹੋਣਹਾਰ ਫਾਈਟਰ ਹੀ ਨਹੀਂ ਸੀ, ਸਗੋਂ ਪੰਜਾਬੀ ਸੱਭਿਆਚਾਰ ਨਾਲ ਵੀ ਡੂੰਘੀ ਸਾਂਝ ਰੱਖਦਾ ਸੀ। ਉਹ ਫਰਿਜ਼ਨੋ ਦੀ ਪ੍ਰਸਿੱਧ ਜੀ.ਐੱਚ.ਜੀ. ਭੰਗੜਾ ਅਤੇ ਡਾਂਸ ਅਕੈਡਮੀ ਦਾ ਚੋਟੀ ਦਾ ਭੰਗੜਚੀ ਸੀ। ਭੰਗੜੇ ਦੇ ਮੰਚ ਉੱਪਰ ਉਸ ਦੀ ਫੁਰਤੀ, ਜੋਸ਼ ਅਤੇ ਕਲਾ ਪ੍ਰਤੀ ਸਮਰਪਣ ਆਪਣੀ ਵੱਖਰੀ ਪਛਾਣ ਰੱਖਦੇ ਸਨ। ਇਸ ਤੋਂ ਇਲਾਵਾ ਉਹ ਜੈਕਾਰਾ ਮੂਵਮੈਂਟ ਦਾ ਵੀ ਅਹਿਮ ਅਤੇ ਸਰਗਰਮ ਮੈਂਬਰ ਸੀ। ਖੇਡਾਂ, ਪੰਜਾਬੀ ਸੱਭਿਆਚਾਰ ਅਤੇ ਭਾਈਚਾਰਕ ਸਰਗਰਮੀਆਂ ਨਾਲ ਜੁੜੇ ਇਸ ਨੌਜਵਾਨ ਦਾ ਇੰਨੀ ਛੋਟੀ ਉਮਰ ਵਿੱਚ ਤੁਰ ਜਾਣਾ ਸਮੁੱਚੇ ਭਾਈਚਾਰੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਇਹ ਦੁਖਾਂਤ ਇਸ ਗੱਲ ਦਾ ਵੀ ਅਹਿਸਾਸ ਕਰਵਾਉਂਦਾ ਹੈ ਕਿ ਜ਼ਿੰਦਗੀ ਕਿੰਨੀ ਅਨਿਸ਼ਚਿਤ ਹੈ। ਜਿਹੜਾ ਨੌਜਵਾਨ ਆਪਣੇ ਸੁਪਨਿਆਂ ਨੂੰ ਉਡਾਣ ਦੇਣ ਅਤੇ ਖੇਡਾਂ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਲਈ ਸਪੇਨ ਦੀ ਧਰਤੀ ’ਤੇ ਗਿਆ ਸੀ, ਕਿਸੇ ਨੂੰ ਕੀ ਪਤਾ ਸੀ ਕਿ ਉਹ ਮੁਕਾਬਲਾ ਉਸ ਦੀ ਜ਼ਿੰਦਗੀ ਦਾ ਆਖ਼ਰੀ ਮੁਕਾਬਲਾ ਸਾਬਤ ਹੋਵੇਗਾ।
ਪ੍ਰਭਜੋਤ ਸਿੰਘ ਮਾਨ ਦੇ ਅਚਾਨਕ ਵਿਛੋੜੇ ਨਾਲ ਮਾਨ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਦੇ ਨਾਲ-ਨਾਲ ਉਸ ਦੇ ਯਾਰਾਂ-ਦੋਸਤਾਂ, ਸਾਥੀ ਖਿਡਾਰੀਆਂ, ਭੰਗੜਾ ਪ੍ਰੇਮੀਆਂ ਅਤੇ ਉਸ ਨੂੰ ਜਾਣਨ ਵਾਲੇ ਹਰ ਵਿਅਕਤੀ ਲਈ ਇਹ ਖ਼ਬਰ ਅਸਹਿ ਸਦਮੇ ਤੋਂ ਘੱਟ ਨਹੀਂ। ਇੱਕ ਹੱਸਦਾ-ਖੇਡਦਾ, ਸੁਪਨਿਆਂ ਨਾਲ ਭਰਿਆ ਨੌਜਵਾਨ ਇਸ ਤਰ੍ਹਾਂ ਸਦਾ ਲਈ ਵਿਛੜ ਜਾਵੇ, ਇਸ ਤੋਂ ਵੱਡਾ ਦੁੱਖ ਕਿਸੇ ਪਰਿਵਾਰ ਲਈ ਹੋਰ ਕੀ ਹੋ ਸਕਦਾ ਹੈ।
ਅਸੀਂ ਇਸ ਦੁੱਖ ਦੀ ਘੜੀ ਵਿੱਚ ਮਾਨ ਪਰਿਵਾਰ ਦੇ ਦੁੱਖ ਵਿੱਚ ਦਿਲੋਂ ਸ਼ਰੀਕ ਹੁੰਦੇ ਹੋਏ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਅਲਵਿਦਾ ਪ੍ਰਭਜੋਤ ਸਿੰਘ ਮਾਨ! ਤੇਰੀਆਂ ਯਾਦਾਂ ਪੰਜਾਬੀ ਭਾਈਚਾਰੇ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦੀਆਂ ਰਹਿਣਗੀਆਂ।
- Download Babushahi App
-
-