ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਸੇ ਵੀ ਸਿਆਸੀ ਆਗੂ ਜਾਂ ਪਾਰਟੀ ਦੀ ਚੋਣਾਂ ਵਿੱਚ ਹਮਾਇਤ ਨਹੀਂ ਕਰੇਗੀ - ਮਨਜੀਤ ਧਨੇਰ
ਪਾਰਲੀਮਾਨੀ ਸਿਆਸੀ ਪਾਰਟੀਆਂ, ਲੋਕਾਂ ਦੀਆਂ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਪ੍ਰਬੰਧਕ - ਗੁਰਦੀਪ ਰਾਮਪੁਰਾ
ਵੋਟ ਪਾਰਟੀਆਂ ਤੋ ਬੁਰਕੀ ਭਾਲਣ ਦੀ ਥਾਂ, ਲੋਕਾਂ ਦੀ ਏਕਤਾ ਨੂੰ ਮਜ਼ਬੂਤ ਕਰੋ - ਹਰਨੇਕ ਮਹਿਮਾ
ਦਲਜੀਤ ਕੌਰ
ਚੰਡੀਗੜ੍ਹ, 20 ਨਵੰਬਰ, 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ 18 ਨਵੰਬਰ ਨੂੰ ਰਾਮਪੁਰਾ ਵਿਖੇ ਹੋਈ ਸੂਬਾਈ ਮੀਟਿੰਗ ਵਿੱਚ ਮੌਜੂਦਾ ਹਾਲਾਤ ਤੇ ਵਿਚਾਰ ਕਰਦਿਆਂ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਬਲਾਕ ਅਤੇ ਉਸ ਤੋਂ ਉਪਰਲੇ ਕਿਸੇ ਵੀ ਅਦਾਰੇ ਦਾ ਕੋਈ ਵੀ ਆਗੂ ਚੋਣਾਂ ਵਿੱਚ ਕਿਸੇ ਵੀ ਕਿਸਮ ਦਾ ਭਾਗ ਨਹੀਂ ਲਵੇਗਾ ਅਤੇ ਨਾ ਹੀ ਜਥੇਬੰਦੀ ਕਿਸੇ ਵੋਟ ਪਾਰਟੀ ਦਾ ਸਮਰਥਨ ਕਰੇਗੀ।
ਇਸ ਬਾਰੇ ਗੱਲ ਕਰਦਿਆਂ ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ ਅਤੇ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਵੋਟ ਪਾਰਟੀਆਂ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ ਅਤੇ ਗਰੰਟੀਆਂ ਦਿੰਦੀਆਂ ਹਨ ਪਰ ਸਮੇਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਭ ਗਰੰਟੀਆਂ ਅਤੇ ਵਾਅਦੇ ਝੂਠੇ ਸਾਬਤ ਹੁੰਦੇ ਹਨ। ਭਾਵੇਂ ਸਭ ਨੂੰ ਪਤਾ ਹੁੰਦਾ ਹੈ ਕਿ ਇਹ ਵਾਅਦੇ ਝੂਠੇ ਹਨ ਪਰ ਫਿਰ ਵੀ ਕਈ ਵਿਅਕਤੀ ਚੋਣਾਂ ਦੇ ਇਸ ਮੇਲੇ ਵਿੱਚੋਂ ਕੋਈ ਲਾਹਾ ਖੱਟਣ ਲਈ ਇਹਨਾਂ ਵਾਅਦਿਆਂ ਤੇ ਯਕੀਨ ਕਰਨ ਦਾ ਦਿਖਾਵਾ ਕਰਦੇ ਹਨ। ਉਹ ਵਾਅਦਿਆਂ ਦੇ ਸਿਰ ਤੇ ਹੀ ਲੋਕਾਂ ਨੂੰ ਆਪਣੀ ਮਨ ਭਾਉਂਦੀ ਪਾਰਟੀ ਮਗਰ ਬੰਨ੍ਹ ਦਿੰਦੇ ਹਨ ਅਤੇ ਆਪਣੇ ਲਈ ਵਿਧਾਨ ਸਭਾ ਦੀ ਟਿਕਟ, ਚੇਅਰਮੈਨੀ ਜਾਂ ਪ੍ਰਧਾਨਗੀ ਵਗੈਰਾ ਦਾ ਜੁਗਾੜ ਕਰ ਲੈਂਦੇ ਹਨ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਭਾਜਪਾ, ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਗੈਰਾ ਸਾਰਿਆਂ ਨੂੰ ਲੋਕ ਪਹਿਲਾਂ ਹੀ ਪਰਖ ਚੁੱਕੇ ਹਨ। ਭਾਵੇਂ ਇਹਨਾਂ ਵਿੱਚੋਂ ਕੋਈ ਵੀ ਅੱਗੇ ਆ ਜਾਵੇ ਜਾਂ ਕੋਈ ਨਵੀਂ ਪਾਰਟੀ ਆ ਜਾਵੇ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਜਥੇਬੰਦੀ ਦਾ ਝੰਡਾ ਹੀ ਚੱਕਣਾ ਪੈਣਾ ਹੈ।
ਸੂਬਾ ਕਮੇਟੀ ਨੇ ਕਿਹਾ ਕਿ ਇਨ੍ਹਾਂ ਹੀ ਵੋਟ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ, ਕਿਸਾਨ ਆਗੂਆਂ ਤੇ ਦਰਜਣਾਂ ਕੋਰਟ ਕੇਸ ਪਾਏ ਹੋਏ ਹਨ। ਇਸੇ ਲਈ ਸਹੀ ਸੋਚ ਵਾਲੇ ਜਥੇਬੰਦਕ ਆਗੂਆਂ ਵੱਲ ਇਨ੍ਹਾਂ ਪਾਰਟੀਆਂ ਵਿੱਚੋਂ ਕੋਈ ਵੀ ਮੂੰਹ ਕਰਨ ਦੀ ਜੁਰਅਤ ਨਹੀਂ ਕਰਦਾ। ਉਹਨਾਂ ਨੇ ਕਿਹਾ ਕਿ ਇਸ ਲੋਕ ਵਿਰੋਧੀ ਸਿਸਟਮ ਨੂੰ ਬਦਲੇ ਬਿਨਾਂ ਮਸਲਾ ਹੱਲ ਨਹੀਂ ਹੋਣਾ। ਵੋਟਾਂ ਨਾਲ ਸਿਰਫ, ਸਰਕਾਰ ਤੇ ਕਾਬਜ ਪਾਰਟੀ ਹੀ ਬਦਲੀ ਜਾ ਸਕਦੀ ਹੈ। ਲੋਕ ਵਿਰੋਧੀ ਨੀਤੀਆਂ ਨੂੰ ਬਦਲਣ ਲਈ ਲੋਕਾਂ ਦੀ ਜਥੇਬੰਦਕ ਤਾਕਤ ਹੀ ਇੱਕੋ ਇੱਕ ਸਾਧਨ ਹੈ।
- Download Babushahi App
-
-