ਰਾਤਰੀ ਪੁਲਿਸ ਆਪ੍ਰੇਸ਼ਨ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਖ਼ੁਦ ਗਰਾਊਂਡ ਜ਼ੀਰੋ ’ਤੇ ਉਤਰੇ, ਨਾਕਾਬੰਦੀ ਅਤੇ ਥਾਣਿਆਂ ਦੀ ਕੀਤੀ ਅਚਨਚੇਤ ਜਾਂਚ
ਸੁਖਮਿੰਦਰ ਭੰਗੂ
ਲੁਧਿਆਣਾ, 19 ਨਵੰਬਰ 2026
ਲੁਧਿਆਣਾ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੁਧਿਆਣਾ ਪੁਲਿਸ ਵੱਲੋਂ ਰਾਤ ਸਮੇਂ ਵਿਸ਼ੇਸ਼ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਸਵਪਨ ਸ਼ਰਮਾ, ਆਈ.ਪੀ.ਐੱਸ. ਖ਼ੁਦ ਗਰਾਊਂਡ ਜ਼ੀਰੋ ’ਤੇ ਪਹੁੰਚੇ ਅਤੇ ਵੱਖ-ਵੱਖ ਥਾਵਾਂ ’ਤੇ ਲਗਾਈ ਗਈ ਨਾਕਾਬੰਦੀ ਦੀ ਜਾਂਚ ਕੀਤੀ।
ਪੁਲਿਸ ਕਮਿਸ਼ਨਰ ਨੇ ਵਿਸ਼ੇਸ਼ ਤੌਰ ’ਤੇ ਸ਼ੇਰਪੁਰ ਚੌਕ ਵਿਖੇ ਲਗਾਏ ਗਏ ਨਾਕੇ ਦੀ ਜਾਂਚ ਕੀਤੀ ਅਤੇ ਥਾਣਾ ਡਿਵੀਜ਼ਨ ਨੰਬਰ-6 ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡੀ.ਸੀ.ਪੀ. ਰੂਰਲ ਸ੍ਰੀ ਗੁਰਸੇਵਕ ਬਰਾੜ ਸਮੇਤ ਹੋਰ ਗਜ਼ਟਿਡ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਇਸ ਵਿਸ਼ੇਸ਼ ਰਾਤਰੀ ਮੁਹਿੰਮ ਤਹਿਤ 5 ਗਜ਼ਟਿਡ ਅਧਿਕਾਰੀ, 10 ਥਾਣਾ ਮੁਖੀ (ਐੱਸ.ਐੱਚ.ਓ.) ਅਤੇ 8 ਹੋਰ ਪੁਲਿਸ ਇੰਚਾਰਜ ਸਿੱਧੇ ਤੌਰ ’ਤੇ ਫੀਲਡ ਵਿੱਚ ਤਾਇਨਾਤ ਰਹੇ। ਇਸ ਤੋਂ ਇਲਾਵਾ 53 ਪੀ.ਸੀ.ਆਰ. ਪੈਟਰੋਲਿੰਗ ਪਾਰਟੀਆਂ ਨੂੰ ਵੀ ਸ਼ਹਿਰ ਵਿੱਚ ਗਸ਼ਤ ਲਈ ਲਗਾਇਆ ਗਿਆ। ਕੁੱਲ 12 ਨਾਕੇ ਲਗਾਏ ਗਏ, ਜਿਨ੍ਹਾਂ ਵਿੱਚ 7 ਸਥਾਈ ਨਾਕੇ ਵੀ ਸ਼ਾਮਲ ਸਨ। ਇਨ੍ਹਾਂ ਨਾਕਿਆਂ ’ਤੇ ਅਰਧ ਸੈਨਿਕ ਬਲਾਂ ਸਮੇਤ ਲਗਭਗ 98 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਸ ਸਮੁੱਚੀ ਮੁਹਿੰਮ ਦੌਰਾਨ ਕਰੀਬ 200 ਪੁਲਿਸ ਮੁਲਾਜ਼ਮ ਮੈਦਾਨ ਵਿੱਚ ਸਰਗਰਮ ਰਹੇ।
ਲੁਧਿਆਣਾ ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸ਼ਹਿਰ ਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣਾ ਪੁਲਿਸ ਦੀ ਮੁੱਖ ਤਰਜੀਹ ਹੈ। ਅਜਿਹੀਆਂ ਵਿਸ਼ੇਸ਼ ਰਾਤਰੀ ਮੁਹਿੰਮਾਂ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ
- Download Babushahi App
-
-