Canada: ਪਰਦੇਸ ਵਿੱਚ ਵਿਦਿਆਰਥੀਆਂ ਦੇ ਦਰਦ, ਸੰਘਰਸ਼ ਤੇ ਵਿਛੋੜੇ ਦੀ ਦਾਸਤਾਨ ਬਣਿਆ ਕਵੀ ਦਰਬਾਰ
ਹਰਦਮ ਮਾਨ
ਵਿਕਟੋਰੀਆ, 27 ਅਕਤੂਬਰ 2026-ਪੰਜਾਬੀ ਸਾਹਿਤ ਸਭਾ ਵਿਕਟੋਰੀਆ ਵੱਲੋਂ ਆਪਣਾ ਮਹੀਨਾਵਾਰ ਕਵੀ ਦਰਬਾਰ ਬੀਤੇ ਐਤਵਾਰ ਸ਼ਾਮ ਨੂੰ ਪਰਕ ਸੈਂਟਰ ਵਿਖੇ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਜਿੱਥੇ ਕਵੀਆਂ ਨੇ ਆਪਣੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਅਤੇ ਵਿਚਾਰਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ, ਉੱਥੇ ਨੌਜਵਾਨ ਵਿਦਿਆਰਥੀਆਂ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਇੱਕ ਵਿਸ਼ੇਸ਼ ਸਮਾਜਿਕ ਅਤੇ ਭਾਵਨਾਤਮਕ ਰੰਗ ਵੀ ਦਿੱਤਾ। ਵਿਦੇਸ਼ ਵਿੱਚ ਪੜ੍ਹਾਈ, ਰੁਜ਼ਗਾਰ, ਇਕੱਲੇਪਣ ਅਤੇ ਪਰਿਵਾਰਕ ਰਿਸ਼ਤਿਆਂ ਤੋਂ ਦੂਰੀ ਵਰਗੇ ਵਿਸ਼ੇ ਸਮਾਗਮ ਦੇ ਕੇਂਦਰ ਵਿੱਚ ਰਹੇ।
ਸਮਾਗਮ ਦੇ ਆਰੰਭ ਵਿੱਚ ਗੁਰਬਚਨ ਸਿੰਘ ਗਿੱਲ ਨੇ ਹਾਜ਼ਰ ਸਾਹਿਤਕਾਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਨੌਜਵਾਨ ਵਿਦਿਆਰਥੀ ਰੋਬਿਨਪ੍ਰੀਤ ਸਿੰਘ ਅਤੇ ਗੁਰਸ਼ਰਨ ਸਿੰਘ ਸੰਧੂ ਆਪਣੇ ਵਿਦਿਆਰਥੀ ਸਾਥੀਆਂ ਸਮੇਤ ਸ਼ਾਮਲ ਹੋਏ। ਉਨ੍ਹਾਂ ਨੇ ਵਿਦੇਸ਼ ਵਿੱਚ ਵਿਦਿਆਰਥੀ ਜੀਵਨ ਦੀਆਂ ਹਕੀਕਤਾਂ, ਚੁਣੌਤੀਆਂ ਅਤੇ ਮਾਨਸਿਕ ਸੰਘਰਸ਼ਾਂ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
ਵਿਦਿਆਰਥੀਆਂ ਨੇ ਦੱਸਿਆ ਕਿ ਆਪਣੇ ਮਾਪਿਆਂ, ਭੈਣਾਂ-ਭਰਾਵਾਂ ਅਤੇ ਦੋਸਤਾਂ ਤੋਂ ਦੂਰ ਰਹਿੰਦਿਆਂ ਇਕੱਲੇਪਣ ਦਾ ਸਾਹਮਣਾ ਕਰਨਾ ਉਨ੍ਹਾਂ ਲਈ ਕਿੰਨਾ ਔਖਾ ਹੁੰਦਾ ਹੈ। ਪੜ੍ਹਾਈ ਦੇ ਨਾਲ-ਨਾਲ ਕੰਮ ਲੱਭਣ ਅਤੇ ਰੁਜ਼ਗਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਦਬਾਅ ਵੀ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦੇ ਵਿਚਾਰਾਂ ਵਿੱਚੋਂ ਇਹ ਅਹਿਸਾਸ ਵੀ ਉੱਭਰ ਕੇ ਸਾਹਮਣੇ ਆਇਆ ਕਿ ਪੰਜਾਬ ਵਿੱਚ ਰਹਿੰਦਿਆਂ ਜਿਨ੍ਹਾਂ ਥਾਵਾਂ, ਰਿਸ਼ਤਿਆਂ ਅਤੇ ਜੀਵਨ ਦੀਆਂ ਸਹੂਲਤਾਂ ਦੀ ਅਹਿਮੀਅਤ ਦਾ ਪੂਰਾ ਅਹਿਸਾਸ ਨਹੀਂ ਸੀ ਹੁੰਦਾ, ਵਿਦੇਸ਼ ਆ ਕੇ ਉਹੀ ਚੀਜ਼ਾਂ ਹੋਰ ਵੀ ਵਧੇਰੇ ਯਾਦ ਆਉਂਦੀਆਂ ਹਨ। ਵਿਦਿਆਰਥੀਆਂ ਦੀਆਂ ਇਨ੍ਹਾਂ ਭਾਵਨਾਤਮਕ ਗੱਲਾਂ ਨੇ ਸਰੋਤਿਆਂ ਨੂੰ ਪਰਵਾਸੀ ਜੀਵਨ ਦੇ ਉਸ ਪੱਖ ਨਾਲ ਜੋੜਿਆ, ਜਿਸ ਨੂੰ ਅਕਸਰ ਬਾਹਰੋਂ ਦੇਖ ਕੇ ਸਮਝਣਾ ਮੁਸ਼ਕਲ ਹੁੰਦਾ ਹੈ।
ਕਵੀ ਦਰਬਾਰ ਦੌਰਾਨ ਗੁਰਬਚਨ ਸਿੰਘ ਗਿੱਲ, ਹਰਜੱਸ ਸਿੰਘ ਪੋਪਲੀ, ਰਾਮ ਕੁਮਾਰ, ਸੁਖਦੇਵ ਸਿੰਘ ਖ਼ਾਲਸਾ, ਜਗੀਰ ਸਿੰਘ ਵਿਰਕ, ਸਿਮਰਨ ਸਿੰਘ ਮਲੂਕਾ, ਡਾ. ਮੇਜਰ ਸਿੰਘ ਤਤਲਾ, ਸੁਰਿੰਦਰ ਸਿੰਘ ਪੋਪਲੀ, ਤਜਿੰਦਰ ਸਿੰਘ, ਪਰਮਿੰਦਰ ਕੌਰ ਵਿਰਕ, ਅਮਰਜੀਤ ਕੌਰ ਧਾਲੀਵਾਲ, ਕਮਲਜੀਤ ਕੌਰ ਖ਼ਾਲਸਾ, ਬਲਦੇਵ ਕੌਰ ਸੇਖੋਂ, ਭੁਪਿੰਦਰ ਕੌਰ ਪੋਪਲੀ ਅਤੇ ਬਲਜੀਤ ਕੌਰ ਮੋਹਾਲੀ ਨੇ ਆਪਣੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਰਾਹੀਂ ਜੀਵਨ ਦੇ ਅਨੁਭਵਾਂ, ਸਮਾਜਿਕ ਮਸਲਿਆਂ ਅਤੇ ਮਨੁੱਖੀ ਭਾਵਨਾਵਾਂ ਦੀ ਪੇਸ਼ਕਾਰੀ ਕੀਤੀ।
ਅੰਤ ਵਿੱਚ ਡਾ. ਮੇਜਰ ਸਿੰਘ ਤਤਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਪਣੀ ਮਾਂ-ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਭਾਸ਼ਾਈ ਅਤੇ ਸੱਭਿਆਚਾਰਕ ਜੜ੍ਹਾਂ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ। ਇਸ ਮੌਕੇ ਰੋਬਿਨਪ੍ਰੀਤ ਸਿੰਘ ਅਤੇ ਗੁਰਸ਼ਰਨ ਸਿੰਘ ਸੰਧੂ ਨੂੰ ਸਭਾ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
- Download Babushahi App
-
-