ਸਰਕਾਰ 01-01-2016 ਤੋਂ ਪਹਿਲਾਂ ਸੇਵਾ ਮੁਕਤ ਪੈਨਸ਼ਨਰਾਂ ਦੀਆਂ ਪੈਨਸ਼ਨਾ 2.59 ਦੇ ਗੁਣਨਾਕ ਅਨੁਸਾਰ ਸੋਧੇ: ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ
ਖੰਨਾ,( ਰਵਿੰਦਰ ਢਿੱਲੋ)
ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਪੰਜਾਬ ਮੁਲਾਜਮ ਸਾਂਝਾ ਮੰਚ ਤਹਿਸੀਲ ਪਾਇਲ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਨੇ ਮੰਗ ਕੀਤੀ ਕਿ ਸਰਕਾਰ 01-01-2016 ਤੋਂ ਪਹਿਲਾਂ ਸੇਵਾ ਮੁਕਤ ਪੈਨਸ਼ਨਰਾ ਦੀ ਪੈਨਸ਼ਨ 2.59 ਦੇ ਗੁਣਨਾਕ ਨਾਲ ਸੋਧੀ ਜਾਵੇ | ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਇਹਨਾਂ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਪੰਜਾਬ ਭਰ ਦੇ ਪੈਨਸ਼ਨਰਾਂ ਵਿੱਚ ਹੋਰ ਰੋਹ ਵੱਧ ਜਾਵੇਗਾ | ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਅਤੇ ਦੇਸ਼ ਦੇ ਬਾਕੀ ਰਾਜਾਂ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਸੱਤਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸਾਂ ਨੂੰ ਪੂਰੀ ਤਰਾਂ ਲਾਗੂ ਕੀਤਾ ਹੈ | ਇਸ ਤਹਿਤ 1 ਜਨਵਰੀ 2016 ਤੋਂ ਪੈਨਸ਼ਨਾ ਵਿੱਚ 125 ਫੀਸਦੀ ਮਹਿੰਗਾਈ ਭੱਤਾ (ਡੀ.ਏ.) ਨੂੰ ਮੂਲ ਤਨਖਾਹ / ਪੈਨਸ਼ਨ ਵਿੱਚ ਜੋੜ ਕੇ 2.59 ਫੀਸਦੀ ਦਾ ਵਾਧਾ ਕੀਤਾ ਗਿਆ ਸੀ | ਪਰ ਪੰਜਾਬ ਸਰਕਾਰ ਵਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸਾਂ ਹੋਣ ਦੇ ਬਾਵਜੂਦ 1 ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਫੈਕਟਰ ਨਾਲ ਪੈਨਸ਼ਨ ਸੋਧਣ ਦਾ ਲਾਭ ਨਹੀਂ ਦਿੱਤਾ ਗਿਆ, ਜਿਸ ਕਾਰਨ ਪੁਰਾਣੇ ਅਤੇ ਨਵੇਂ ਪੈਨਸ਼ਨਰਾਂ ਵਿੱਚ ਭਾਰੀ ਅਸਮਾਨਤਾ ਅਤੇ ਮੱਤਭੇਦ ਪੈਦਾ ਹੋ ਗਿਆ ਹੈ | ਪ੍ਰਿੰਸੀਪਲ ਸਾਹਿਬ ਨੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਅਤੇ 21ਜੂਨ 2021 ਦੇ ਕੈਬਿਨੇਟ ਫੈਸਲੇ ਨੂੰ ਅਧਾਰ ਬਣਾਦਿਆਂ ਪੁਰਾਣੇ ਪੈਨਸ਼ਨਰਾਂ ਨਾਲ ਹੋ ਰਹੇ ਇਸ ਵੱਡੇ ਵਿਤਕਰੇ ਨੂੰ ਤੁਰੰਤ ਖ਼ਤਮ ਕੀਤਾ ਜਾਵੇ | ਉਹਨਾਂ ਮੰਗ ਕੀਤੀ ਕਿ 1 ਜਨਵਰੀ 2016 ਤੋਂ ਪਹਿਲਾਂ ਦੇ ਸੇਵਾ ਮੁਕਤ ਪੈਨਸ਼ਨਰਾਂ ਦੀ ਪੈਨਸ਼ਨ ਵੀ ਨਵੇਂ ਪੈਨਸ਼ਨਰਾਂ ਵਾਂਗ 2.59 ਫੈਕਟਰ ਦੇ ਅਧਾਰ ਤੇ ਬਿਨਾਂ ਕਿਸੇ ਦੇਰੀ ਤੋਂ ਸੋਧੀ ਜਾਵੇ, ਤਾਂ ਜੋ ਬਜ਼ੁਰਗ ਪੈਨਸ਼ਨਰਾਂ ਨੂੰ ਬਣਦਾ ਬੁਢਾਪਾ ਸਨਮਾਨ ਅਤੇ ਇਨਸਾਫ਼ ਮਿਲ ਸਕੇ |
- Download Babushahi App
-
-