ਕਨਵੈਨਸ਼ਨ ਦਾ ਅਹਿਦ: ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ ਮੁਲਾਜ਼ਮਾਂ ਦੀ ਦਿੱਲੀ ਰੈਲੀ-ਸੁਭਾਸ਼ ਲਾਂਬਾ
ਅਸ਼ੋਕ ਵਰਮਾ
ਬਰਨਾਲਾ, 26 ਅਕਤੂਬਰ 2026: ਕੁੱਲ ਹਿੰਦ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਨੇ ਵਿਸ਼ਾਲ ਕਨਵੈਂਸ਼ਨ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ 12 ਦਸੰਬਰ ਦੀ ਦਿੱਲੀ ਰੈਲੀ ਕੇਂਦਰ ਦੀ ਸਰਕਾਰ ਅਤੇ ਰਾਜਾਂ ਦੀ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ। ਬਰਨਾਲਾ ਵਿਖੇ ਪੰਜਾਬ ਦੇ ਮੁਲਾਜ਼ਮਾਂ ਦੀ ਵਿਸ਼ਾਲ ਕਨਵੈਂਸ਼ਨ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਨੇ ਕਿਹਾ ਕਿ ਇਸ ਰੈਲੀ ਦਾ ਉਦੇਸ਼ ਕੇਂਦਰ ਤੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ ਵਿਸ਼ਾਲ ਰੋਸ ਦਾ ਪ੍ਰਗਟਾਵਾ ਹੋਵੇਗਾ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ 11 ਦਸੰਬਰ ਤੱਕ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਓਹਨਾ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਵਿੱਢੇ ਘੋਲ ਦੇ ਪੂਰਨ ਸਮਰਥਨ ਦਾ ਐਲਾਨ ਕੀਤਾ।
ਬਰਨਾਲਾ ਦੇ ਤਰਕਸ਼ੀਲ ਹਾਲ ਵਿੱਚ ਇਕੱਠੇ ਹੋਏ ਸੈਂਕੜੇ ਪ੍ਰਤੀਨਿਧਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਅਤੇ ਸਮੂਹ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਮੁਲਾਜ਼ਮ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਵਿਖੇ ਸ਼ਿਰਕਤ ਕਰਨ। ਇਸ ਉਪਰੰਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਸਾਥੀ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਸਾਥੀ ਤੀਰਥ ਬਾਸੀ ਨੇ ਆਪਣੇ ਵੱਖ-ਵੱਖ ਸੰਬੋਧਨਾਂ ਵਿੱਚ ਐਲਾਨ ਕੀਤਾ ਕਿ ਪੰਜਾਬ ਤੋਂ ਫੈਡਰੇਸ਼ਨ ਦੇ ਨਾਲ ਸੰਬੰਧਿਤ ਕੋਈ 10 ਹਜ਼ਾਰ ਦੇ ਕਰੀਬ ਸਾਥੀ ਇਸ ਰੈਲੀ ਵਿੱਚ ਸ਼ਾਮਿਲ ਹੋਣਗੇ।
ਫੈਡਰੇਸ਼ਨ ਦੇ ਸੂਬਾਈ ਆਗੂਆਂ ਗੁਰਦੀਪ ਸਿੰਘ ਬਾਜਵਾ,ਸੁਖਵਿੰਦਰ ਸਿੰਘ ਚਹਿਲ,ਕਰਮਜੀਤ ਸਿੰਘ ਬੀਹਲਾ ਅਤੇ ਮੱਖਣ ਸਿੰਘ ਵਾਹਦਪੁਰੀ ਨੇ ਕਿਹਾ ਕਿ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਦਿੱਲੀ ਦੀ ਰੈਲੀ ਵਿੱਚ ਮੋਦੀ ਸਰਕਾਰ ਅਤੇ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਪੰਜਾਬ ਦੇ ਮੁਲਾਜ਼ਮ ਆਪਣੀ ਤਾਕਤ ਦੋਵਾਂ ਸਰਕਾਰਾਂ ਨੂੰ ਦਿਖਾਉਣਗੇ। ਉਹਨਾਂ ਕਿਹਾ ਕਿ ਦਿੱਲੀ ਦੀ ਰੈਲੀ ਦੇਸ਼ ਵਿਆਪੀ ਅੰਦੋਲਨਾਂ ਦੀ ਦਿਸ਼ਾ ਤੈਅ ਕਰੇਗੀ।
ਇਸ ਮੌਕੇ ਜੰਗਲਾਤ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਅਮਰੀਕ ਸਿੰਘ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਪ੍ਰਧਾਨ ਹਰਮਨਦੀਪ ਕੌਰ ਗਿੱਲ, ਆਸ਼ਾ ਵਰਕਰ ਤੇ ਫੈਸੀ ਲਿਟਰੇਟਰ ਯੂਨੀਅਨ ਦੀ ਪ੍ਰਧਾਨ ਰਾਣੋਖੇੜੀ ਗਿਲਾਂ, ਮਿਡ ਡੇ ਮੀਲ ਵਰਕਰ ਯੂਨੀਅਨ ਦੀ ਪ੍ਰਧਾਨ ਬਿਮਲਾ ਰਾਣੀ ਅਤੇ ਇਸਤਰੀ ਤਾਲਮੇਲ ਕਮੇਟੀ ਦੀ ਜਨਰਲ ਸਕੱਤਰ ਗੁਰਪ੍ਰੀਤ ਕੌਰ ਨੇ ਵੱਖ ਵੱਖ ਸੰਬੋਧਨਾ ਵਿੱਚ ਐਲਾਨ ਕੀਤਾ ਕਿ ਪੰਜਾਬ ਦੀਆਂ ਹਜ਼ਾਰਾਂ ਔਰਤਾਂ ਇਸ ਰੈਲੀ ਵਿੱਚ ਕਾਫਲਿਆਂ ਦੇ ਰੂਪ ਦੇ ਵਿੱਚ ਸ਼ਾਮਿਲ ਹੋਣਗੀਆਂ। ਸਬਾਈ ਆਗੂਆਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਗਲੇ ਪੇ-ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਜਾਵੇ ਮਾਣ ਭੱਤੇ ਤੇ ਕੰਮ ਕਰਦੀਆਂ ਸਮੂਹ ਇਸਤਰੀ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।
ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਡੀਸੀ ਦਫਤਰ ਕਰਮਚਾਰੀ ਯੂਨੀਅਨ ਬਰਨਾਲਾ ਦੇ ਪ੍ਰਧਾਨ ਨਿਰਮਲ ਸਿੰਘ ਚਾਨੇ ਪੀਐਸਐਮਐਸਯੂ ਦੇ ਆਗੂ ਸਾਥੀ ਰਵਿੰਦਰ ਸ਼ਰਮਾ,ਦਰਸ਼ਨ ਸਿੰਘ ਬੇਲੁਮਾਜਰਾ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਸਾਥੀ ਸੁਰਿੰਦਰ ਸ਼ਰਮਾ, ਫੈਡਰੇਸ਼ਨ ਜਿਲਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਚੀਮਾ, ਸਟੇਟ ਆਗੂ ਅਨਿਲ ਕੁਮਾਰ, ਗੌਰਮਿੰਟ ਟੀਚਰ ਯੂਨੀਅਨ ਦੇ ਹਰਿੰਦਰ ਮੱਲੀਆਂ, ਤਾਰ ਸਿੰਘ ਗਿੱਲ, ਅਜਿੰਦਰਪਾਲ ਸਿੰਘ, ਬਲਵਿੰਦਰ ਸਿੰਘ,ਹਰਪਾਲ ਸਿੰਘ ਸਹੋਰ, ਵਿਵੇਕ ਚੀਮਾ, ਗੁਰਪ੍ਰੀਤ ਮਾਨ, ਰਸ਼ਪਾਲ ਸਿੰਘ ਠੀਕਰੀਵਾਲਾ ,ਸੰਦੀਪ ਪੱਤੀ,ਕਮਲਜੀਤ ਕੌਰ ਮਹਿਤਾ,ਈਸ਼ਰ ਸਿੰਘ,ਦਰਸ਼ਨ ਸਿੰਘ ਪੰਡੋਰੀ,ਸੁਖਦੇਵ ਸਿੰਘ ਚੰਗਾਲੀਵਾਲਾ ਆਦਿ ਨੇ ਸੰਬੋਧਨ ਕੀਤਾ।
- Download Babushahi App
-
-