ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਕੀਤੀਆਂ ਗਤੀਵਿਧੀਆਂ
ਜਾਗਰੂਕ ਹੋਕੇ ਡੇਂਗੂ ਤੋਂ ਬਚਿਆ ਜਾ ਸਕਦਾ ਹੈ :- ਡਾ ਜਸਪ੍ਰੀਤ ਸਿੰਘ ਬੇਦੀ
ਗੁਰਪ੍ਰੀਤ ਸਿੰਘ ਜਖਵਾਲੀ
ਫਤਿਹਗੜ੍ਹ ਸਾਹਿਬ 19 ਅਕਤੂਬਰ
( ) ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਜਸਪ੍ਰੀਤ ਸਿੰਘ ਬੇਦੀ ਦੀ ਯੋਗ ਅਗਵਾਈ ਜ਼ਿਲਾ ਹਸਪਤਾਲ ਅਤੇ ਹੋਟ ਸਪਾਟ ਏਰੀਏ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆ। ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਅਤੇ ਉਹਨਾਂ ਦੇ ਨਾਲ ਆਏ ਵਾਰਸਾਂ ਨੂੰ ਡੇਂਗੂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ । ਜਾਣਕਾਰੀ ਸਾਂਝੀ ਕਰਦਿਆਂ ਐਸਐਮਓ ਡਾ ਜਸਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਡੇਂਗੂ ਤੋ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਲਈ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਡੇਂਗੂ ਏਡੀਜ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਅਤੇ ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ, ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਆਲੇ ਦੁਆਲੇ ਅਤੇ ਘਰਾਂ ਵਿੱਚ ਕੂਲਰਾਂ,ਗਮਲਿਆਂ, ਟੁੱਟੇ ਭੱਜੇ ਬਰਤਨਾ,ਫਰਿਜ ਦੀਆਂ ਟਰੇਆ ਆਦਿ ਵਿੱਚ ਪਾਣੀ ਜਮਾ ਨਾ ਹੋਣ ਦਿੱਤਾ ਜਾਵੇ , ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨੇ ਜਾਣ, ਮੱਛਰ ਭਜਾਊ ਕਰੀਮਾਂ ਦਾ ਇਸਤੇਮਾਲ ਅਤੇ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ । ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਲੋੜ ਪੈਣ ਤੇ ਸਾਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨਾਂ ਡੇਂਗੂ ਤੋਂ ਬਚਾਅ , ਇਸਦੇ ਚਿੰਨ, ਨਿਸ਼ਾਨੀਆਂ, ਲੱਛਣਾਂ ਅਤੇ ਇਸ ਦੇ ਇਲਾਜ ਸਬੰਧੀ ਵਿਸਥਾਰ ਸਹਿਤ ਜਾਣੂ ਕਰਵਾਇਆ। ਇਸ ਮੌਕੇ ਤੇ ਰਿਸਰਚ ਸਾਇੰਟਿਸਟ ਡਾ ਸੰਪਨ ਅਤਰੀ, ਜਿਲਾ ਐਪੀਡਿਮਾਲੋਜਿਸਟ ਡਾ ਸੁਭਮ ਸੂਰੀ, ਜਿਲਾ ਮਾਸ਼ ਮੀਡੀਆ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਸਟਾਫ ਨਰਸ ਦਲਜੀਤ ਕੌਰ, ਸਿਹਤ ਕਰਮਚਾਰੀ ਜਗਰੂਪ ਸਿੰਘ ਤੋਂ ਇਲਾਵਾ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
- Download Babushahi App
-
-