ਪੰਜਾਬ ਉੱਤੇ ਦਿੱਲੀ ਦੀ ਕੇਜਰੀਵਾਲ ਗੈਂਗ ਦਾ ਕਬਜ਼ਾ ਕਰਵਾਉਣ ਵਾਲਿਆਂ ਦੇ ਮੂੰਹੋਂ ਸੰਘੀ ਢਾਂਚੇ ਦੇ ਬਿਆਨ ਸ਼ੋਭਾ ਨਹੀਂ ਦਿੰਦੇ: ਕੇਵਲ ਸਿੰਘ ਢਿੱਲੋਂ
ਸੀਬੀਆਈ ਜਾਂਚ ਸ਼ੁਰੂ ਹੁੰਦੇ ਹੀ ਦਿੱਲੀ ਦੀ ਕੇਜਰੀਵਾਲ ਗੈਂਗ ਨੂੰ ਪੰਜਾਬ ਦਾ ਸੰਘੀ ਢਾਂਚਾ ਖ਼ਤਰੇ ਵਿੱਚ ਨਜ਼ਰ ਆਉਣ ਲੱਗਾ: ਢਿੱਲੋਂ
ਚੰਡੀਗੜ੍ਹ, 8 ਅਕਤੂਬਰ ( )- ਪੰਜਾਬ ਸਰਕਾਰ ਦੇ ਉੱਚ ਅਹੁਦਿਆਂ ਤੋਂ ਲੈ ਕੇ ਮੰਤਰੀਆਂ ਦੀਆਂ ਕੋਠੀਆਂ ਤੱਕ, ਉੱਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਗੈਂਗ ਦਾ ਕਬਜ਼ਾ ਕਰਵਾਉਣ ਵਾਲਿਆਂ ਦੇ ਮੂੰਹੋਂ ਸੰਘੀ ਢਾਂਚੇ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਇਹ ਸ਼ਬਦ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਕਹੇ। ਉਨ੍ਹਾਂ ਕਿਹਾ ਕਿ ਜਦੋਂ ਸੀਬੀਆਈ ਨੇ ਸਰਕਾਰ ਵਿੱਚ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਜਾਂਚ ਸ਼ੁਰੂ ਕੀਤੀ ਤਾਂ ਦਿੱਲੀ ਦੇ ਇਸ ਗੈਂਗ ਨੂੰ ਪੰਜਾਬ ਦਾ ਸੰਘੀ ਢਾਂਚਾ ਖ਼ਤਰੇ ਵਿੱਚ ਨਜ਼ਰ ਆਉਣ ਲੱਗ ਪਿਆ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਇਹ ਦਲੀਲ ਦੇਣਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਕਾਰਨ ਮਨਘੜਤ ਮਾਮਲੇ ਉਛਾਲੇ ਜਾ ਰਹੇ ਹਨ, ਇਸ ਗੱਲ ਦਾ ਸਬੂਤ ਹੈ ਕਿ ‘ਆਪ’ ਸਿਰਫ਼ ਸਿਆਸੀ ਬਹਾਨੇਬਾਜ਼ੀ ਨਾਲ ਬਚਣ ਦਾ ਰਾਹ ਤਲਾਸ਼ ਰਹੀ ਹੈ। ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਮੀਡੀਆ ਵਿੱਚ ਕਹਿ ਰਹੇ ਹਨ ਕਿ ਸੀਬੀਆਈ ਜਾਂਚ ਸੰਘੀ ਢਾਂਚੇ ਵਿੱਚ ਦਖ਼ਲ ਹੈ। ਇਹ ਸਰਕਾਰ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਮੀਡੀਆ ਵਿੱਚ ਇਹ ਦਲੀਲਾਂ ਦੇ ਰਹੀ ਸੀ ਅਤੇ ਹੁਣ ਸੁਪਰੀਮ ਕੋਰਟ ਅੱਗੇ ਵੀ ਇਹੀ ਖੋਖਲੀਆਂ ਦਲੀਲਾਂ ਦੇ ਰਹੀ ਹੈ।”
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਸੀਬੀਆਈ ਨੂੰ ਨਾ ਭਾਜਪਾ ਨੇ ਜਾਂਚ ਕਰਨ ਲਈ ਨਹੀਂ ਕਿਹਾ ਅਤੇ ਨਾ ਹੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ, ਸੀਬੀਆਈ ਜਾਂਚ ਕਰਵਾਉਣ ਦੇ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੇ ਹਨ, ਇਹ ਅਦਾਲਤੀ ਹੁਕਮ ਵੀ ਉਸ ਸਮੇਂ ਦਿੱਤੇ ਗਏ, ਜਦੋਂ ਈਡੀ ਵੱਲੋਂ ਤਿੰਨ ਵਾਰ ਚਿੱਠੀਆਂ ਲਿਖਣ ਦੇ ਬਾਵਜੂਦ ਪੰਜਾਬ ਪੁਲਿਸ ਨੇ ਨਾ ਐੱਫਆਈਆਰ ਦਰਜ ਕੀਤੀ ਅਤੇ ਨਾ ਹੀ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਕੋਈ ਜਾਂਚ ਕਰਵਾਈ। ਇਸ ਤੋਂ ਪਤਾ ਲੱਗਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਨਹੀ, ਬਲਕਿ ਦਾਲ ਹੀ ਕਾਲ਼ੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਸੰਘੀ ਢਾਂਚੇ ਨੂੰ ਅਸਲ ਖ਼ਤਰਾ ਇਸ ਭ੍ਰਿਸ਼ਟਾਚਾਰੀ ਸਰਕਾਰ ਤੋਂ ਹੈ। ਜਦੋਂ ਮੁੱਖ ਮੰਤਰੀ ਦਫ਼ਤਰ (ਸੀਐੱਮਓ) ਹੀ ਭ੍ਰਿਸ਼ਟਾਚਾਰੀਆਂ ਦਾ ਅੱਡਾ ਬਣ ਜਾਵੇ ਤਾਂ ਹੇਠਾਂ ਕੀ ਹਾਲ ਹੋਵੇਗਾ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੋਂ ਧਿਆਨ ਭਟਕਾਉਣ ਲਈ ਸੰਘੀ ਢਾਂਚੇ ਦਾ ਨਾਮ ਲੈ ਕੇ ਹਮਦਰਦੀ ਹਾਸਲ ਕਰਨਾ ਚਾਹੁੰਦੀ ਹੈ, ਪਰ ਪੰਜਾਬ ਦੀ ਜਨਤਾ ਸਭ ਕੁਝ ਸਮਝਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੰਨੇ ਵੀ ਉੱਚੇ ਅਹੁਦਿਆਂ ’ਤੇ ਕਿਉਂ ਨਾ ਬੈਠੇ ਹੋਣ।
- Download Babushahi App
-
-