ਬਰਨਾਲਾ ਦੇ ਹੰਡਿਆਇਆ 'ਚ ਚੱਲਿਆ ਪੁਲਿਸ ਦਾ 'ਪੀਲਾ ਪੰਜਾਬ', ਨਸ਼ਾ ਤਸਕਰੀ ਦੀ ਕਮਾਈ ਨਾਲ ਬਣਾਈ ਅਵੈਧ ਸੰਪਤੀ ਢਾਹੀ
Kamaljeet Singh
ਬਰਨਾਲਾ : ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪਿੰਡ ਹੰਡਿਆਇਆ ਵਿਖੇ ਨਸ਼ਾ ਤਸਕਰੀ ਨਾਲ ਬਣਾਈ ਗਈ ਅਵੈਧ ਸੰਪਤੀ 'ਤੇ ਬੁਲਡੋਜ਼ਰ ਚਲਾ ਕੇ ਉਸਨੂੰ ਢਾਹ ਦਿੱਤਾ ਹੈ। ਪੁਲਿਸ ਅਨੁਸਾਰ ਇਹ ਨਿਰਮਾਣ ਪੰਚਾਇਤੀ ਜ਼ਮੀਨ 'ਤੇ ਅਵੈਧ ਕਬਜ਼ਾ ਕਰਕੇ ਕੀਤਾ ਗਿਆ ਸੀ।
ਮੌਕੇ 'ਤੇ ਕਾਰਵਾਈ ਦੀ ਨਿਗਰਾਨੀ ਕਰ ਰਹੇ ਐਸ.ਪੀ. ਬਰਨਾਲਾ ਸੰਜੀਵ ਗੋਇਲ ਨੇ ਦੱਸਿਆ ਕਿ ਸਬੰਧਤ ਵਿਅਕਤੀ ਰਾਜੂ ਸਿੰਘ ਪੁੱਤਰ ਜੂਟਾ ਸਿੰਘ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ (NDPS Act) ਸਮੇਤ ਲਗਭਗ 11 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਰਾਜੂ ਸਿੰਘ ਦੇ ਪਰਿਵਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ ਅਤੇ ਪਰਿਵਾਰ ਦੇ ਦੋ ਮੈਂਬਰ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ।
ਐਸ.ਪੀ. ਗੋਇਲ ਅਨੁਸਾਰ, ਰਾਜੂ ਸਿੰਘ ਨੇ ਨਸ਼ਾ ਤਸਕਰੀ ਦੀ ਕਮਾਈ ਨਾਲ ਪੰਚਾਇਤੀ ਜ਼ਮੀਨ 'ਤੇ ਇਹ ਅਵੈਧ ਉਸਾਰੀ ਕੀਤੀ ਸੀ, ਜਿਸ ਸਬੰਧੀ ਸਬੰਧਤ ਵਿਭਾਗ ਵੱਲੋਂ ਪਹਿਲਾਂ ਵੀ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ।
ਨਸ਼ੇ ਦੀ ਸਮੱਸਿਆ 'ਤੇ ਬੋਲਦਿਆਂ ਐਸ.ਪੀ. ਸੰਜੀਵ ਗੋਇਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਵਿੱਚ ਨਸ਼ੇ ਦੇ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਉਸਨੂੰ ਛੁਪਾਉਣ ਦੀ ਬਜਾਏ ਸਮੇਂ ਸਿਰ ਪਛਾਣ ਕੇ ਉਨ੍ਹਾਂ ਦਾ ਇਲਾਜ ਕਰਵਾਉਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਨੂੰ ਮੁੜ-ਵਸੇਬਾ ਅਤੇ ਡੀ-ਐਡਿਕਸ਼ਨ ਸੈਂਟਰਾਂ ਰਾਹੀਂ ਇਲਾਜ ਕਰਵਾ ਕੇ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਪੂਰਾ ਸਹਿਯੋਗ ਕਰ ਰਹੀ ਹੈ।
ਪੁਲਿਸ ਪ੍ਰਸ਼ਾਸਨ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਨਸ਼ਾ ਤਸਕਰਾਂ ਅਤੇ ਉਨ੍ਹਾਂ ਵੱਲੋਂ ਅਵੈਧ ਤਰੀਕੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਖ਼ਿਲਾਫ਼ ਇਹ ਸਖ਼ਤ ਕਾਰਵਾਈ ਅੱਗੇ ਵੀ ਨਿਰੰਤਰ ਜਾਰੀ ਰਹੇਗੀ।
- Download Babushahi App
-
-