ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ - ਓਪੀਡੀ ਸੇਵਾਵਾਂ ਰਹੀਆਂ ਠੱਪ
ਮੰਨੀਆਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਹੋਣ ਤੱਕ ਜਾਰੀ ਰਹੇਗੀ ਹੜਤਾਲ: ਆਗੂ
ਅਸ਼ੋਕ ਵਰਮਾ
ਬਰਨਾਲਾ , 25 ਅਗਸਤ 2026:ਜ਼ਿਲ੍ਹਾ ਬਰਨਾਲਾ ਦੇ ਸਮੂਹ 'ਆਮ ਆਦਮੀ ਕਲੀਨਿਕਾਂ' 'ਚ ਐਂਪੈਨਲਮੈਂਟ ਪ੍ਰਣਾਲੀ ਅਧੀਨ ਕੰਮ ਕਰਦੇ ਡਾਕਟਰਾਂ/ਕਾਮਿਆਂ ਵੱਲੋਂ ਅੱਜ 'ਸਾਂਝਾ ਫਰੰਟ ਆਮ ਆਦਮੀ ਕਲੀਨਿਕ ਸਟਾਫ਼ ਯੂਨੀਅਨ ਦੀ ਅਗਵਾਈ ਹੇਠ ਹੜਤਾਲ ਉਪਰੰਤ ਇੱਥੇ ਸਿਵਲ ਹਸਪਤਾਲ ਵਿਖੇ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ। ਓਪੀਡੀ ਸੇਵਾਵਾਂ ਬੰਦ ਰਹੀਆਂ, ਮਰੀਜ਼ਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ।ਆਮ ਆਦਮੀ ਕਲੀਨਿਕ ਸਾਂਝਾ ਫਰੰਟ 'ਚ ਸ਼ਾਮਲ ਜ਼ਿਲ੍ਹਾ ਮੈਡੀਕਲ ਅਫ਼ਸਰ ਪ੍ਰਧਾਨ ਡਾ.ਲਵਿਸ਼ ਬਰਨਾਲਾ, ਫਾਰਮਾਸਿਸਟ ਪ੍ਰਧਾਨ ਰੌਬਿਨ ਬਰਨਾਲਾ ਤੇ ਸਹਾਇਕ ਸਟਾਫ਼ ਪ੍ਰਧਾਨ ਰਾਜਵੀਰ ਸਿੱਧੂ ਨੇ ਕਿਹਾ ਕਿ ਲੰਘੀ 27 ਜੁਲਾਈ ਦੀ ਹੜਤਾਲ ਸਮੇਂ ਸਰਕਾਰ ਤੇ ਵਿਭਾਗੀ ਉੱਚ ਅਧਿਕਾਰੀਆਂ ਨਾਲ ਬੈਠਕ ਮੌਕੇ ਤਿੰਨ ਮੰਗਾਂ 'ਤੇ ਸਹਿਮਤੀ ਬਣੀ ਸੀ।
ਉਹਨਾਂ ਕਿਹਾ ਕਿ ਸਾਂਝਾ ਫਰੰਟ ਦੀਆਂ ਤਿੰਨ ਮੁੱਖ ਮੰਗਾਂ ਪਹਿਲੀ ਇਹ ਕਿ ਇਨ੍ਹਾਂ ਕਾਮਿਆਂ ਨੂੰ ਕੈਜ਼ੂਅਲ ਲੀਵ ਦੇ ਨਾਲ ਮੈਡੀਕਲ ਲੀਵ ਦੀ ਸੁਵਿਧਾ ਦਿੱਤੀ ਜਾਵੇ। ਦੂਜੀ ਨੌਕਰੀ ਦੀ ਸੁਰੱਖਿਆ (Job Security) ਦਿੱਤੀ ਜਾਵੇ ਅਤੇ ਤੀਸਰੀ ਸੀ ਕਿ ਮੌਜੂਦਾ ਐਂਪੈਨਲਮੈਂਟ ਪ੍ਰਣਾਲੀ ਨੂੰ ਖਤਮ ਕਰਕੇ ਕਰਮਚਾਰੀਆਂ ਨੂੰ ਸਿੱਧਾ ਵਿਭਾਗੀ ਸਿਹਤ ਸੇਵਾਵਾਂ (DHS) ਦੇ ਅਧੀਨ ਕਾਂਟ੍ਰੈਕਟ 'ਤੇ ਲਿਆਂਦਾ ਜਾਵੇ।
ਫਰੰਟ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਵੱਲੋਂ ਇਨ੍ਹਾਂ ਮੰਗਾਂ 'ਤੇ ਸਹਿਮਤੀ ਬਣਨ ਦੇ ਬਾਵਜੂਦ ਮਹੀਨਾ ਬੀਤਣ ਦੇ ਬਾਵਜੂਦ ਅਜੇ ਤੱਕ ਇਨ੍ਹਾਂ ਵਿੱਚੋਂ ਕੋਈ ਵੀ ਮੰਗ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਕੀਤੀ ਗਈ।
ਸਾਂਝਾ ਫਰੰਟ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਮੰਨੀਆਂ ਮੰਗਾਂ ਤੁਰੰਤ ਲਾਗੂ ਕਰੇ । ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਦੀ ਪੂਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਹੜਤਾਲ ਜਾਰੀ ਤੇ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ
ਇਸ ਮੌਕੇ ਸਾਂਝਾ ਫਰੰਟ ਨੇ ਸੀ ਐੱਚ ਓ ਯੂਨੀਅਨ, ਆਊਟਸੋਰਸਿੰਗ ਯੂਨੀਅਨ, ਫਾਰਮਾਸਿਸਟ ਐਸੋਸੀਏਸ਼ਨ ਆਦਿ ਦੇ 27 ਦੇ ਸੰਘਰਸ਼ੀ ਪ੍ਰੋਗਰਾਮ ਦੀ ਪੂਰਨ ਹਮਾਇਤ ਦਾ ਐਲਾਨ ਵੀ ਕੀਤਾ। ਇਸ ਮੌਕੇ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਜਿਵੇਂ ਕਿ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ, ਇਨਕਲਾਬੀ ਕੇਂਦਰ ਦੇ ਜ਼ਿਲ੍ਹਾ ਪ੍ਰਧਾਨ ਡਾ.ਰਾਜਿੰਦਰ ਪਾਲ ਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਰਮੇਸ਼ ਕੁਮਾਰ ਹਮਦਰਦ ਨੇ ਵੀ ਸ਼ਿਰਕਤ ਕੀਤੀ।
- Download Babushahi App
-
-