Crime Special: ਸੱਜਣਾਂ ਵਾਂਗ ਜਾਣ ਦੀ ਥਾਂ ਮੱਥੇ 'ਤੇ ‘ਸਿੱਖਾਂ ਦੀ ਨਸਲਕੁਸ਼ੀ ਦੇ ਕਲੰਕ’ ਨਾਲ ਤੁਰਿਆ ਸੱਜਣ ਕੁਮਾਰ
ਅਸ਼ੋਕ ਵਰਮਾ
ਬਠਿੰਡਾ, 21 ਅਗਸਤ 2026: ਭਾਵੇਂ ਇਸ ਫਾਨੀ ਜਹਾਨ ਤੋਂ ਆਪੋ ਆਪਣੀ ਵਾਰੀ ਹਰ ਕਿਸੇ ਨੇ ਚਲੇ ਜਾਣਾ ਹੈ ਪਰ ਸੱਜਣਾਂ ਵਾਂਗ ਜਾਣ ਦੀ ਥਾਂ ਕਾਂਗਰਸੀ ਆਗੂ ਸੱਜਣ ਕੁਮਾਰ ਸਿੱਖ ਨਸ਼ਲਕੁਸ਼ੀ ਦਾ ਕਲੰਕ ਮੱਥੇ ’ਤੇ ਲੈਕੇ ਦੁਨੀਆਂ ਤੋਂ ਵਿਦਾ ਹੋਇਆ ਹੈ। ਹਾਲਾਂਕਿ ਦਿੱਲੀ ਦੀ ਤਿਹਾੜ ਜੇਲ੍ਹ ’ਚ ਗੁੰਮਨਾਮ ਮੌਤ ਹੋ ਜਾਣ ਕਾਰਨ ਦਿੱਲੀ ਕਤਲੇਆਮ ਨਾਲ ਜੁੜੀ ਕਾਨੂੰਨੀ ਪ੍ਰਕਿਰਿਆ ਦਾ ਅੰਤ ਹੋ ਗਿਆ ਪਰ ਇਸ ਮਾਮਲੇ ਦਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਰਹਿੰਦੀ ਦੁਨੀਆਂ ਤੱਕ ਮੱਸੇ ਰੰਘੜ ਵਰਗੇ ਜਾਬਰਾਂ ਵਾਂਗ ਸਿੱਖ ਇਤਿਹਾਸ ’ਚ ਸੱਜਣ ਕੁਮਾਰ ਨੂੰ ਇਸ ਬੱਜਰ ਪਾਪ ਲਈ ਜਾਣਿਆ ਜਾਂਦਾ ਰਹੇਗਾ। ਨੌਜਵਾਨ ਹੁੰਦਿਆਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਨਾਲ ਨਜ਼ਦੀਕਆਂ ਕਾਰਨ ਨਗਰ ਨਿਗਮ ਦੇ ਕੌਂਸਲਰ ਤੋਂ ਲੋਕ ਸਭਾ ਮੈਂਬਰ ਤੱਕ ਦਾ ਸਫਰ ਤੈਅ ਕਰਨ ਵਾਲੇ ਸੱਜਣ ਕੁਮਾਰ ਦੀ ਜਿੰਦਗੀ ਦਾ ਸਭ ਤੋਂ ਵੱਡਾ ਮੋੜ 1984 ਦਾ ਸਿੱਖ ਵਿਰੋਧੀ ਕਤਲੇਆਮ ਬਣਿਆ।
ਸਿੱਖਾਂ ਦੇ ਕਤਲਾਂ ਸਬੰਧੀ ਦੋਸ਼ਾਂ ਅਤੇ ਸਾਲਾਂ ਤੱਕ ਚੱਲੀ ਕਾਨੂੰਨੀ ਪ੍ਰਕਿਰਿਆ ਨੇ ਸੱਜਣ ਕੁਮਾਰ ਦੇ ਸਿਆਸੀ ਕੈਰੀਅਰ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ ਸੀ। ਇਸ ਮਾਮਲੇ ਨੂੰ ਸਮਝਣ ਲਈ ਰਤਾ ਪਿਛੋਕੜ ’ਚ ਜਾਈਏੇ ਤਾਂ ਸਾਹਮਣੇ ਆਉਂਦਾ ਹੈ ਕਿ ਸੱਜਣ ਕੁਮਾਰ ਦਾ ਨਾਮ ਦਿੱਲੀ ਦੀ ਰਾਜਨੀਤੀ ’ਚ ਅਜਿਹੇ ਨੇਤਾ ਵਜੋਂ ਦਰਜ ਹੈ ਜਿਸ ਨੇ ਬੇਹੱਦ ਸਧਾਰਨ ਪ੍ਰੀਵਾਰ ਨਾਲ ਸਬੰਧ ਹੋਣ ਦੇ ਬਾਵਜੂਦ ਸੱਤਾ ਦੇ ਗਲਿਆਰਿਆਂ ਤੱਕ ਆਪਣੀ ਜਗ੍ਹਾ ਬਣਾਈ ਸੀ। ਕੋਈ ਸਮਾਂ ਸੀ ਜਦੋਂ ਸੱਜਣ ਕੁਮਾਰ ਚਾਹ ਵੇਚਦਾ ਹੁੰਦਾ ਸੀ ਪਰ ਆਪਣੇ ਤਿੱਖੇ ਤੇਵਰਾਂ , ਲੋਕਾਂ ’ਚ ਹਮੇਸ਼ਾ ਸਰਗਰਮ ਰਹਿਣ ਕਾਰਨ ਰਾਜਨੀਤੀ ਦੀਆਂ ਬੁਲੰਦੀਆਂ ’ਤੇ ਪੁੱਜਿਆ ਸੀ। ਦਰਅਸਲ ਦਰਿਆਗੰਜ ਦੇ ਪਿੰਡ ਜਟਵਾੜਾ ਕਲਾਂ ’ਚ ਜਨਮੇ ਅਤੇ ਵੱਡੇ ਹੋਏ ਸੱਜਣ ਕੁਮਾਰ ਦੀ 1977 ’ਚ ਲੱਗੀ ਐਮਰਜੈਂਸੀ ਤੋਂ ਪਹਿਲਾਂ ਸੰਜੇ ਗਾਂਧੀ ਨਾਲ ਮੁਲਕਾਤ ਹੋਈ ਸੀ ਜਿਸ ਨੇ ਉਸ ਨੂੰ ਰਾਜਨੀਤੀ ’ਚ ਦਾਖਲ ਹੋਣ ’ਚ ਅਹਿਮ ਭੂਮਿਕਾ ਨਿਭਾਈ ਸੀ।
ਬੇਸ਼ੱਕ ਸੱਜਣ ਕੁਮਾਰ ਉਸ ਵਕਤ ਦਿੱਲੀ ਦੇ ਕਈ ਕਾਂਗਰਸੀ ਲੀਡਰਾਂ ਦੇ ਸੰਪਰਕ ’ਚ ਸੀ ਪਰ ਰਾਜਨੀਤੀ ਦੇ ਸਬੰਧ ਵਿੱਚ ਉਸ ਲਈ ਇਹ ਮੁਲਾਕਾਤ ਅਹਿਮ ਮੋੜ ਸੀ। ਸੰਜੇ ਗਾਂਧੀ ਦੀ ਉਨ੍ਹੀਂ ਦਿਨੀ ਮੁਲਕ ’ਚ ਤੂਤੀ ਬੋਲਦੀ ਸੀ ਜਿਸ ਦੇ ਚਲਦਿਆਂ ਸੱਜਣ ਕੁਮਾਰ ਦੇ ਉਸ ਨਾਲ ਸਬੰਧੀ ਉਸ ਦੇ ਸਿਆਸੀ ਸਫਰ ਦੀ ਸਭ ਤੋਂ ਵੱਡੀ ਤਾਕਤ ਬਣੇ। ਐਮਰਜੈਂਸੀ ਖਤਮ ਹੋਣ ਮਗਰੋਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਤਾਂ ਇਸ ਮੌਕੇੇ ਮੁਲਕ ’ਚ ਜਨਤਾ ਪਾਰਟੀ ਦੀ ਜਬਰਦਸਤ ਲਹਿਰ ਸੀ। ਇਸ ਕਰਕੇ ਕਾਂਗਰਸ ਲਈ ਇਹ ਚੋਣਾਂ ਬੇਹੱਦ ਮੁੱਛ ਦਾ ਸਵਾਲ ਮੰਨੀਆਂ ਜਾ ਰਹੀਆਂ ਸਨ। ਇਸ ਮੌਕੇ ਸੰਜੇ ਗਾਂਧੀ ਨੇ ਸੱਜਣ ਕੁਮਾਰ ਨੂੰ ਟਿਕਟ ਦਿੱਤੀ ਤਾਂ ਨਗਰ ਨਿਗਮ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕਰਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ। ਇਸ ਤੋਂ ਬਾਅਦ ਆਪਣੀਆਂ ਸੱਜਣ ਕੁਮਾਰ ਦਾ ਦਿੱਲੀ ਦੀ ਸਰਗਰਮ ਰਾਜਨੀਤੀ ’ਚ ਲਗਾਤਾਰ ਉਭਾਰ ਹੁੰਦਾ ਗਿਆ।
ਜਨਤਾ ਪਾਰਟੀ ਦੀ ਸਰਕਾਰ ਦੌਰਾਨ ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਦੀ ਵੱਖ ਵੱਖ ਮਾਮਲਿਆਂ ਦੀ ਸੁਣਵਾਈ ਮੌਕੇ ਅਕਸਰ ਸੱਜਣ ਕੁਮਾਰ ਆਪਣੇ ਸਮਰਥਕਾਂ ਨਾਲ ਅਦਾਲਤਾਂ ਦੇ ਬਾਹਰ ਸਰਗਰਮ ਰਹਿੰਦੇ ਸਨ। ਸੱਜਣ ਕੁਮਾਰ ਦੀ ਇਹੋ ਹਮਲਾਵਰ ਸਿਆਸੀ ਸ਼ੈਲੀ ਉਸ ਦੀ ਵੱਡੀ ਪਛਾਣ ਬਣ ਗਈ। ਇਸ ਦੌਰਾਨ ਪੰਜਾਬ ਦੇ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ’ਚ ਕੀਤੀ ਗਈ ਫੌਜੀ ਕਾਰਵਾਈ ਦੇ ਰੋਸ ਵਜੋਂ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ’ਚ ਹੋਏ ਸਿੱਖਾਂ ਦੇ ਕਤਲਾਂ ’ਚ ਸੱਜਣ ਕੁਮਾਰ ਦਾ ਨਾਮ ਸਾਹਮਣੇ ਆਇਆ ਸੀ ਜਿਸ ਨੇ ਕਾਂਗਰਸ ਪਾਰਟੀ ਨੂੰ ਅਸਹਿਜ ਕਰ ਦਿੱਤਾ। ਇਸ ਮੌਕੇ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਸੱਜਣ ਕੁਮਾਰ ਦੀ ਟਿਕਟ ਕੱਟ ਦਿੱਤੀ ਅਤੇ 1989 ’ਚ ਵੀ ਉਮੀਦਵਾਰ ਨਹੀਂ ਬਣਾਇਆ। ਇਸ ਦੇ ਬਾਵਜੂਦ ਸੱਜਣ ਕੁਮਾਰ ਦਾ ਸਿਆਸੀ ਪ੍ਰਭਾਵ ਪੂਰੀ ਤਰਾਂ ਖਤਮ ਨਹੀਂ ਹੋਇਆ ਬਲਕਿ 1991 ’ਚ ਬਾਹਰੀ ਦਿੱਲੀ ਤੋਂ ਚੋਣ ਜਿੱਤਕੇ ਸੰਸਦ ’ਚ ਆਪਣੀ ਵਾਪਿਸੀ ਕੀਤੀ।
ਕਾਂਗਰਸ ਪਾਰਟੀ ਨੇ 1996 ’ਚ ਸੱਜਣ ਕੁਮਾਰ ਨੂੰ ਫਿਰ ਤੋਂ ਉਮੀਦਵਾਰ ਬਣਾਇਆ ਪਰ ਇਸ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਕਤਲੇਆਮ ਕਾਰਨ ਕਾਂਗਰਸ ਨੇ ਇੱਕ ਵਾਰ ਫਿਰ ਸੱਜਣ ਕੁਮਾਰ ਦੀ ਟਿਕਟ ਕੱਟ ਦਿੱਤੀ ਪਰ 2004 ’ਚ ਪਾਰਟੀ ਨੇ ਮੁੜ ਤੋਂ ਭਰੋਸਾ ਜਤਾਇਆ। ਇਸ ਮੌਕੇ ਬਾਹਰੀ ਦਿੱਲੀ ਤੋਂ ਚੋਣ ਲੜਕੇ ਸੱਜਣ ਕੁਮਾਰ ਨੇ ਭਾਜਪਾ ਦੇ ਦਿੱਗਜ ਨੇਤਾ ਅਤੇ ਕੇਂਦਰ ’ਚ ਮੰਤਰੀ ਰਹੇ ਸਾਹਿਬ ਸਿੰਘ ਵਰਮਾ ਨੂੰ ਹਰਾਇਆ ਅਤੇ ਲੋਕ ਸਭਾ ’ਚ ਵਾਪਸ ਪੁੱਜ ਗਿਆ। ਸਾਲ 2009 ’ਚ 1984 ਕਤਲੇਆਮ ਦਾ ਮੁੱਦਾ ਫੈਸਲਾਕੁੰਨ ਬਣਿਆ ਅਤੇ ਸਿੱਖ ਜੱਥੇਬੰਦੀਆਂ ਦੇ ਵਿਰੋਧ ਕਾਰਨ ਸੱਜਣ ਕੁਮਾਰ ਦੀ ਟਿਕਟ ਵਾਪਿਸ ਲੈਣੀ ਪਈ। ਇਸ ਮੌਕੇ ਉਸ ਦੇ ਭਰਾ ਰਮੇਸ਼ ਕੁਮਾਰ ਨੂੰ ਦੱਖਣੀ ਦਿੱਲੀ ਤੋਂ ਉਮੀਦਵਾਰ ਬਣਾਇਆ ਜੋ ਭਾਜਪਾ ਉਮੀਦਵਾਰ ਨੂੰ ਹਰਾਕੇ ਜਿੱਤ ਗਿਆ ਸੀ। ਇਸ ਤੋਂ ਬਾਅਦ ਸੱਜਣ ਕੁਮਾਰ ਦਾ ਸਰਗਰਮ ਰਾਜਨੀਤੀ ਵਿੱਚ ਵਾਪਿਸ ਆਉਣ ਦੇ ਰਾਹ ਲੱੱਗਭਗ ਬੰਦ ਹੀ ਹੋ ਗਏ।
ਦੋ ਉਮਰ ਕੈਦਾਂ ਕਾਰਨ ਜੇਲ੍ਹ
ਸੱਜਣ ਕਮਾਰ ਨੂੰ 1984 ਕਤਲੇਆਮ ਕਾਰਨ ਹਾਈਕੋਰਟ ਨੇ 17 ਨਵੰਬਰ 2018 ਨੂੰ ਪੰਜ ਸਿੱਖਾਂ ਦੇ ਕਤਲ ਅਤੇ ਇੱਕ ਗੁਰਦੁਆਰਾ ਸਾੜਨ ਦੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ’ਚ ਦੋ ਸਿੱਖਾਂ ਨੂੰ ਜਿਉਂਦੇ ਸਾੜਨ ਦੇ ਮਾਮਲੇ ’ਚ ਵੀ ਫਰਵਰੀ 2025 ’ਚ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਸੀ। ਇੰਨ੍ਹਾਂ ਸਜ਼ਾਵਾਂ ਕਰਕੇ ਉਹ ਤਿਹਾੜ ਜੇਲ੍ਹ ’ਚ ਬੰਦ ਸੀ। ਹਾਲਾਂਕਿ ਪੀੜਤ ਪ੍ਰੀਵਾਰ ਫਾਂਸੀ ਦੀ ਮੰਗ ਕਰਦੇ ਆ ਰਹੇ ਸਨ ਪਰ ਹੋਣੀ ਨੂੰ ਇਹ ਮਨਜੂਰ ਨਹੀਂ ਸੀ ਅਤੇ ਸ਼ੁੱਕਰਵਾਰ ਨੂੰ ਸੱਜਣ ਕਮਾਰ ਸਿੱਖ ਨਸਲਕੁਸ਼ੀ ਦੇ ਮਾਮਲਿਆਂ ਦਾ ਬਦਨੁਮਾ ਦਾਗ ਲੈਕੇ ਜਹਾਨੋਂ ਤੁਰ ਗਿਆ
- Download Babushahi App
-
-