ਭਿਖਾਰੀ ਤੋਂ 2 ਹਜ਼ਾਰ ਜੁਰਮਾਨਾ, ਸ਼ਰਾਬੀ ਤੋਂ ਸਿਰਫ਼ 1 ਹਜ਼ਾਰ ਕਿਉਂ?- ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਰੇਲ ਮੰਤਰਾਲੇ 'ਤੇ ਚੁੱਕੇ ਸਵਾਲ
ਚੰਡੀਗੜ੍ਹ, 22 ਅਗਸਤ 2026- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਸਵਾਲ ਚੁੱਕਦਿਆਂ ਕਿਹਾ ਕਿ, ਰੇਲ ਮੰਤਰਾਲੇ ਵੱਲੋਂ ਰੇਲਵੇ ਵਿੱਚ ਵੱਖ-ਵੱਖ ਅਪਰਾਧਾਂ ਲਈ ਜੁਰਮਾਨਾ ਲਗਾ ਕੇ ਮੁਲਜ਼ਮਾਂ ਨੂੰ ਅਦਾਲਤੀ ਕਾਰਵਾਈ ਅਤੇ ਮੁਕੱਦਮੇ ਦੀ ਪ੍ਰੇਸ਼ਾਨੀ ਤੋਂ ਬਚਾਉਣ ਦੀ ਵਿਵਸਥਾ ਪਹਿਲੀ ਨਜ਼ਰ ਵਿੱਚ ਚੰਗੀ ਪਹਿਲ ਲੱਗਦੀ ਹੈ, ਪਰ ਵੱਖ-ਵੱਖ ਅਪਰਾਧਾਂ ਲਈ ਨਿਰਧਾਰਤ ਜੁਰਮਾਨਿਆਂ ਦੀ ਰਕਮ ’ਤੇ ਸਵਾਲ ਉੱਠਣੇ ਸੁਭਾਵਿਕ ਹਨ।
ਰੇਲਵੇ ਸਟੇਸ਼ਨ ਜਾਂ ਰੇਲਗੱਡੀ ਵਿੱਚ ਭੀਖ ਮੰਗਣ ਜਾਂ ਬਿਨਾਂ ਇਜਾਜ਼ਤ ਸਮਾਨ ਵੇਚਣ ਵਾਲੇ ਵਿਅਕਤੀ ਲਈ 2 ਹਜ਼ਾਰ ਰੁਪਏ ਜੁਰਮਾਨਾ ਤੈਅ ਕੀਤਾ ਗਿਆ ਹੈ, ਜਦਕਿ ਸ਼ਰਾਬ ਪੀ ਕੇ ਰੇਲਵੇ ਪਰਿਸਰ ਜਾਂ ਰੇਲਗੱਡੀ ਵਿੱਚ ਹੰਗਾਮਾ ਕਰਨ ਵਾਲੇ ਵਿਅਕਤੀ ਤੋਂ ਸਿਰਫ਼ 1 ਹਜ਼ਾਰ ਰੁਪਏ ਜੁਰਮਾਨਾ ਲਿਆ ਜਾਵੇਗਾ। ਸਵਾਲ ਇਹ ਹੈ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਸ਼ਾਂਤੀ ਭੰਗ ਕਰਨ ਵਾਲਾ ਨਸ਼ੇੜੀ ਵੱਡਾ ਅਪਰਾਧੀ ਹੈ ਜਾਂ ਮਜ਼ਬੂਰੀ ਵਿੱਚ ਭੀਖ ਮੰਗਣ ਵਾਲਾ ਗਰੀਬ ਵਿਅਕਤੀ?
ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲਾ ਵਿਅਕਤੀ 2 ਹਜ਼ਾਰ ਰੁਪਏ ਦਾ ਜੁਰਮਾਨਾ ਕਿੱਥੋਂ ਭਰੇਗਾ? ਜੁਰਮਾਨਾ ਨਾ ਭਰਨ ਦੀ ਸਥਿਤੀ ਵਿੱਚ ਉਸ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਦੇ ਉਲਟ, ਬਿਨਾਂ ਪਲੇਟਫਾਰਮ ਟਿਕਟ ਰੇਲਵੇ ਪਰਿਸਰ ਵਿੱਚ ਦਾਖ਼ਲ ਹੋਣ ਵਾਲੇ ਵਿਅਕਤੀ ਲਈ ਸਿਰਫ਼ 500 ਰੁਪਏ ਜੁਰਮਾਨਾ ਨਿਰਧਾਰਤ ਹੈ।
ਚਾਵਲਾ ਨੇ ਕਿਹਾ, ਰੇਲ ਮੰਤਰਾਲੇ ਨੂੰ ਅਪੀਲ ਹੈ ਕਿ ਜੁਰਮਾਨਿਆਂ ਦੀ ਮੁੜ ਸਮੀਖਿਆ ਕੀਤੀ ਜਾਵੇ ਅਤੇ ਅਪਰਾਧ ਦੀ ਗੰਭੀਰਤਾ ਦੇ ਨਾਲ ਵਿਅਕਤੀ ਦੀ ਆਰਥਿਕ ਸਥਿਤੀ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ। ਨਸ਼ੇ ਵਿੱਚ ਹੰਗਾਮਾ ਕਰਨ ਵਾਲਿਆਂ ’ਤੇ ਵਧੇਰੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਦਕਿ ਗਰੀਬਾਂ ਪ੍ਰਤੀ ਮਨੁੱਖੀ ਸੰਵੇਦਨਸ਼ੀਲਤਾ ਕਾਇਮ ਰਹਿਣੀ ਚਾਹੀਦੀ ਹੈ।
- Download Babushahi App
-
-