ਤਹਿਸੀਲ ਕੰਪਲੈਕਸ ਜਗਰਾਉਂ ਵਿੱਚ ਆਮ ਲੋਕਾਂ ਦੀ ਜੇਬ 'ਤੇ ਡਾਕਾ? ਪਾਰਕਿੰਗ ਫੀਸ ਤੋਂ ਲੈ ਕੇ ਅਸਟਾਮਾਂ ਤੱਕ ਵਸੂਲੀ ਦੇ ਦੋਸ਼ਾਂ ਨੇ ਖੜ੍ਹੇ ਕੀਤੇ ਸਵਾਲ
ਪ੍ਰਸ਼ਾਸਨ ਦੀ ਨੱਕ ਹੇਠ ਕਥਿਤ ਲੁੱਟ-ਖਸੁੱਟ ਜਾਰੀ, ਲੋਕਾਂ ਨੇ ਚੁੱਕੀ ਸਖ਼ਤ ਕਾਰਵਾਈ ਦੀ ਮੰਗ
ਜਗਰਾਉਂ(ਦੀਪਕ ਜੈਨ)
ਤਹਿਸੀਲ ਕੰਪਲੈਕਸ ਜਗਰਾਉਂ, ਜਿੱਥੇ ਹਰ ਰੋਜ਼ ਸੈਂਕੜੇ ਲੋਕ ਆਪਣੇ ਜ਼ਰੂਰੀ ਸਰਕਾਰੀ ਕੰਮਾਂ ਲਈ ਪਹੁੰਚਦੇ ਹਨ, ਉੱਥੇ ਆਮ ਲੋਕਾਂ ਨੂੰ ਰਾਹਤ ਮਿਲਣ ਦੀ ਬਜਾਏ ਕਥਿਤ ਤੌਰ 'ਤੇ ਵਾਧੂ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਪਿਛਲੇ ਦਿਨੀਂ ਅਸਟਾਮ ਫਰੋਸ਼ਾਂ ਵੱਲੋਂ ਨਿਰਧਾਰਤ ਕੀਮਤ ਤੋਂ ਵੱਧ ਰੇਟਾਂ 'ਤੇ ਅਤੇ ਕਥਿਤ ਤੌਰ 'ਤੇ ਬਲੈਕ ਵਿੱਚ ਅਸਟਾਮ ਵੇਚੇ ਜਾਣ ਦੇ ਮਾਮਲੇ ਨੇ ਸੁਰਖੀਆਂ ਬਟੋਰੀਆਂ ਸਨ। ਇਸ ਸਬੰਧੀ ਖਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਸਾਹਮਣੇ ਨਾ ਆਉਣ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਬਣੀ ਹੋਈ ਹੈ।
ਹੁਣ ਇਸੇ ਤਹਿਸੀਲ ਕੰਪਲੈਕਸ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪਾਰਕਿੰਗ ਠੇਕੇਦਾਰ ਵੱਲੋਂ ਨਿਰਧਾਰਤ ਦਰਾਂ ਤੋਂ ਵੱਧ ਪਾਰਕਿੰਗ ਫੀਸ ਵਸੂਲਣ ਦੇ ਦੋਸ਼ ਲੱਗ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਟੂ-ਵੀਲਰ ਪਾਰਕਿੰਗ ਦੀ ਸਰਕਾਰੀ ਫੀਸ 15 ਰੁਪਏ ਹੋਣ ਦੇ ਬਾਵਜੂਦ 20 ਰੁਪਏ ਅਤੇ ਕਾਰ ਪਾਰਕਿੰਗ ਦੀ ਨਿਰਧਾਰਤ ਫੀਸ 30 ਰੁਪਏ ਦੀ ਥਾਂ 40 ਰੁਪਏ ਵਸੂਲੇ ਜਾ ਰਹੇ ਹਨ। ਇੱਥੋਂ ਤੱਕ ਕਿ ਠੇਕੇਦਾਰ ਵੱਲੋਂ ਆਪਣੇ ਤੌਰ 'ਤੇ ਤਿਆਰ ਕਰਵਾਏ ਗਏ ਫਲੈਕਸ ਬੋਰਡਾਂ 'ਤੇ ਵੀ ਇਹ ਵਧੀਆਂ ਹੋਈਆਂ ਦਰਾਂ ਦਰਸਾਈਆਂ ਗਈਆਂ ਹਨ, ਜੋ ਤਹਿਸੀਲ ਕੰਪਲੈਕਸ ਦੀਆਂ ਕੰਧਾਂ 'ਤੇ ਲਗਾਏ ਹੋਏ ਹਨ।
ਤਹਿਸੀਲ ਕੰਪਲੈਕਸ ਵਿੱਚ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਆਏ ਕਈ ਲੋਕਾਂ ਨੇ ਦੱਸਿਆ ਕਿ ਪਿਛਲੇ ਠੇਕੇਦਾਰ ਦੇ ਸਮੇਂ ਪਾਰਕਿੰਗ ਫੀਸ ਸਰਕਾਰੀ ਦਰਾਂ ਅਨੁਸਾਰ ਹੀ ਲਈ ਜਾਂਦੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਠੇਕੇਦਾਰ ਵੱਲੋਂ ਟੈਂਡਰ ਸੰਭਾਲਣ ਤੋਂ ਬਾਅਦ ਇੱਕਦਮ ਰੇਟ ਵਧਾ ਦਿੱਤੇ ਗਏ ਹਨ, ਜਿਸ ਕਾਰਨ ਹਰ ਰੋਜ਼ ਆਉਣ ਵਾਲੇ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪੈ ਰਿਹਾ ਹੈ। ਲੋਕਾਂ ਦਾ ਦਾਅਵਾ ਹੈ ਕਿ ਹਰ ਟੂ-ਵੀਲਰ ਤੋਂ 5 ਰੁਪਏ ਅਤੇ ਹਰ ਕਾਰ ਤੋਂ 10 ਰੁਪਏ ਵੱਧ ਵਸੂਲ ਕੇ ਰੋਜ਼ਾਨਾ ਵੱਡੀ ਰਕਮ ਇਕੱਠੀ ਕੀਤੀ ਜਾ ਰਹੀ ਹੈ।
ਸਭ ਤੋਂ ਹੈਰਾਨੀਜਨਕ ਗੱਲ ਇਹ ਦੱਸੀ ਜਾ ਰਹੀ ਹੈ ਕਿ ਜਿੱਥੇ ਇਹ ਕਥਿਤ ਵਸੂਲੀ ਹੋ ਰਹੀ ਹੈ, ਉਸ ਤੋਂ ਕੁਝ ਹੀ ਕਦਮਾਂ ਦੀ ਦੂਰੀ 'ਤੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਦਾ ਦਫ਼ਤਰ ਸਥਿਤ ਹੈ। ਇਸ ਦੇ ਬਾਵਜੂਦ ਅਸਟਾਮ ਫਰੋਸ਼ਾਂ ਅਤੇ ਪਾਰਕਿੰਗ ਫੀਸ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਕੰਪਲੈਕਸ ਦੇ ਅੰਦਰ ਹੀ ਨਿਰਧਾਰਤ ਦਰਾਂ ਤੋਂ ਵੱਧ ਰਕਮ ਵਸੂਲੀ ਜਾ ਰਹੀ ਹੈ ਤਾਂ ਇਸ ਨਾਲ ਪ੍ਰਸ਼ਾਸਨਿਕ ਨਿਗਰਾਨੀ ਅਤੇ ਜਵਾਬਦੇਹੀ 'ਤੇ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ।
ਨਿਧਾਰੀਤ ਰੇਟ ਤੋਂ ਵੱਧ ਰੁਪਏ ਵਸੂਲੇ ਜਾਣ ਸਬੰਧੀ ਜਦੋਂ ਪਾਰਕਿੰਗ ਠੇਕੇਦਾਰ ਦਾ ਪੱਖ ਜਾਨਣ ਲਈ ਉਸਨੂੰ ਫੋਨ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਮੈਂ ਕੁਝ ਸਮੇਂ ਬਾਅਦ ਤੁਹਾਨੂੰ ਦੁਬਾਰਾ ਫੋਨ ਕਰਦਾ ਹਾਂ ਪਰ ਖਬਰ ਲਿਖੇ ਜਾਣ ਤੱਕ ਉਸ ਵੱਲੋਂ ਦੁਬਾਰਾ ਫੋਨ ਕਰਕੇ ਆਪਣਾ ਪੱਖ ਨਹੀਂ ਰੱਖਿਆ ਗਿਆ।
ਇਸ ਸਬੰਧੀ ਜਦੋਂ ਸਥਾਨਕ ਐਸਡੀਐਮ ਬਾਦਲ ਦੀਨ ਨਾਲ ਸੰਪਰਕ ਕਰਕੇ ਪਾਰਕਿੰਗ ਫੀਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੁਣ ਆਇਆ ਹੈ। ਉਨ੍ਹਾਂ ਦੱਸਿਆ ਕਿ ਉਹ ਪਾਰਕਿੰਗ ਠੇਕੇਦਾਰ ਨੂੰ ਤੁਰੰਤ ਬੁਲਾ ਕੇ ਮਾਮਲੇ ਦੀ ਜਾਂਚ ਕਰਨਗੇ ਅਤੇ ਜੇਕਰ ਨਿਰਧਾਰਤ ਦਰਾਂ ਤੋਂ ਵੱਧ ਰਕਮ ਵਸੂਲਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਦੀ ਅਗਲੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ। ਲੋਕਾਂ ਦਾ ਸਵਾਲ ਹੈ ਕਿ ਕੀ ਇਸ ਵਾਰ ਵੀ ਮਾਮਲਾ ਸਿਰਫ਼ ਭਰੋਸਿਆਂ ਤੱਕ ਹੀ ਸੀਮਤ ਰਹੇਗਾ ਜਾਂ ਫਿਰ ਅਸਟਾਮ ਫਰੋਸ਼ਾਂ ਦੇ ਮਾਮਲੇ ਵਾਂਗ ਇਹ ਵੀ ਸਮੇਂ ਦੇ ਨਾਲ ਠੰਡੇ ਬਸਤੇ ਵਿੱਚ ਪੈ ਜਾਵੇਗਾ? ਜੇਕਰ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਸੰਬੰਧਤ ਧਿਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਸਿਰਫ਼ ਆਮ ਲੋਕਾਂ ਦਾ ਭਰੋਸਾ ਬਹਾਲ ਕਰੇਗੀ, ਸਗੋਂ ਸਰਕਾਰੀ ਦਫ਼ਤਰਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵੀ ਮਜ਼ਬੂਤ ਕਰੇਗੀ।
- Download Babushahi App
-
-