ਸ਼ਹੀਦ ਭਗਤ ਸਿੰਘ ਨਗਰ ਵਿੱਚ ਐਸ.ਆਈ.ਆਰ ਮੁਹਿੰਮ ਨੇ 92.50% ਵੋਟਰ ਕੀਤੇ ਗਏ ਕਵਰ
*ਪਹਿਲੇ ਪੜਾਅ ਦੀ ਸਮਾਪਤੀ ’ਤੇ 4,46,702 ਗਿਣਤੀ ਫਾਰਮ ਡਿਜੀਟਲ ਕੀਤੇ ਗਏ,*
*36,223 ਵੋਟਰਾਂ ਦੇ Uncollectable ਫਾਰਮ,*
*ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 3 ਹੋਰ ਪੋਲਿੰਗ ਸਟੇਸ਼ਨ ਬਣੇ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 06 ਅਗਸਤ, 2026
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ' (SIR) ਦਾ ਪਹਿਲਾ ਪੜਾਅ ਸਫਲਤਾ ਪੂਰਵਕ ਮੁਕੰਮਲ ਹੋ ਗਿਆ ਹੈ, ਜਿਸ ਦੌਰਾਨ ਘਰ-ਘਰ ਜਾ ਕੇ ਕੀਤੀ ਗਈ ਗਿਣਤੀ (enumeration) ਦੀ ਪ੍ਰਕਿਰਿਆ ਵਿੱਚ ਜ਼ਿਲ੍ਹੇ ਦੇ 92.50% ਫੀਸਦੀ ਵੋਟਰਾਂ ਨੂੰ ਕਵਰ ਕੀਤਾ ਗਿਆ ਹੈ। ਜ਼ਿਲ੍ਹੇ ਨੇ ਕੁੱਲ 4,82,925 ਰਜਿਸਟਰਡ ਵੋਟਰਾਂ ਵਿੱਚੋਂ 4,46,702 ਵੋਟਰਾਂ ਦੇ ਫਾਰਮ ਡਿਜੀਟਲ ਕਰ ਲਏ ਹਨ, ਜੋ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚਲਾਈ ਜਾ ਰਹੀ ਵੋਟਰ ਸੂਚੀ ਸੁਧਾਈ ਮੁਹਿੰਮ ਵਿੱਚ ਇੱਕ ਅਹਿਮ ਪੜਾਅ ਹੈ।
ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਘਰ-ਘਰ ਜਾ ਕੇ ਗਿਣਤੀ ਕਰਨ ਦਾ ਪੜਾਅ 3 ਅਗਸਤ ਨੂੰ ਪੂਰਾ ਹੋ ਗਿਆ ਸੀ ਅਤੇ ਜ਼ਿਲ੍ਹੇ ਦੇ ਚੋਣ ਅਮਲੇ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ। "ਪਹਿਲੇ ਪੜਾਅ ਦੀ ਸਫਲ ਸਮਾਪਤੀ ਸਾਡੇ ਸਮੁੱਚੇ ਚੋਣ ਅਮਲੇ ਦੇ ਸਮਰਪਿਤ ਅਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ। ਸਿਆਸੀ ਪਾਰਟੀਆਂ, ਮੀਡੀਆ ਅਤੇ ਆਮ ਜਨਤਾ ਵੱਲੋਂ ਦਿੱਤਾ ਗਿਆ ਸਹਿਯੋਗ ਵੀ ਬਹੁਤ ਅਹਿਮ ਰਿਹਾ ਹੈ।" ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ 36,223 ਵੋਟਰਾਂ ਦੇ ਗਿਣਤੀ ਫਾਰਮ ਪ੍ਰਾਪਤ ਨਹੀਂ ਹੋਏ ਹਨ। ਜਿਸ ਵਿੱਚ 7338 ਵੋਟਰਾਂ ਦੀ ਮੌਤ, 20342 ਪੱਕੇ ਤੌਰ ਤੇ ਦੂਜੀਆਂ ਥਾਵਾਂ ਤੇ ਤਬਦੀਲ, 6779 ਗੈਰਹਜਿਰ ਵੋਟਰ ਸਨ, ਇਨ੍ਹਾਂ ਵਿੱਚੋਂ ਬਹੁਤੇ ਮਾਮਲੇ ਉਨ੍ਹਾਂ ਵੋਟਰਾਂ ਨਾਲ ਸਬੰਧਤ ਹਨ ਜੋ ਹੁਣ ਆਪਣੇ ਰਜਿਸਟਰਡ ਪਤਿਆਂ ਤੇ ਮੌਜੂਦ ਨਹੀਂ ਹਨ। ਬਾਕੀ ਰਹਿੰਦੇ ਮਾਮਲਿਆਂ ਨੂੰ SIR ਪ੍ਰਕਿਰਿਆ ਦੇ ਅਗਲੇ ਪੜਾਵਾਂ ਦੌਰਾਨ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਹੁਣ ਆਪਣਾ ਧਿਆਨ 13 ਅਗਸਤ, 2026 ਨੂੰ ਵੋਟਰ ਸੂਚੀ ਦੇ ਖਰੜੇ (ਡਰਾਫਟ) ਨੂੰ ਪ੍ਰਕਾਸ਼ਿਤ ਕਰਨ ਵੱਲ ਕੇਂਦਰਿਤ ਕੀਤਾ ਹੈ।
ਖਰੜਾ ਵੋਟਰ ਸੂਚੀ ਦੀਆਂ ਕਾਪੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਹ ਜ਼ਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ (EROs) ਦੇ ਦਫ਼ਤਰਾਂ ਅਤੇ ਬੂਥ ਪੱਧਰੀ ਅਧਿਕਾਰੀਆਂ (BLOs) ਕੋਲ ਵੀ ਉਪਲਬਧ ਹੋਣਗੀਆਂ। ਜ਼ਿਲ੍ਹਾ ਚੋਣ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਵੋਟਰਾਂ ਦੇ ਨਾਮ ਖਰੜਾ ਸੂਚੀ ਵਿੱਚ ਸ਼ਾਮਲ ਨਹੀਂ ਹਨ, ਉਨ੍ਹਾਂ ਕੋਲ ਅਜੇ ਵੀ ਆਪਣੇ ਨਾਮ ਸ਼ਾਮਿਲ ਕਰਵਾਉਣ ਦਾ ਮੌਕਾ ਹੋਵੇਗਾ। "ਕੋਈ ਵੀ ਯੋਗ ਵੋਟਰ ਜਿਸਦਾ ਨਾਮ ਖਰੜਾ ਵੋਟਰ ਸੂਚੀ ਵਿੱਚ ਨਹੀਂ ਹੈ, ਉਸਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦਾਅਵੇ ਪੇਸ਼ ਕਰਨ ਦੀ ਪ੍ਰਕਿਰਿਆ 13 ਅਗਸਤ ਤੋਂ 12 ਸਤੰਬਰ ਤੱਕ, ਯਾਨੀ 30 ਦਿਨਾਂ ਲਈ ਖੁੱਲ੍ਹੀ ਰਹੇਗੀ।" ਯੋਗ ਵਿਅਕਤੀ ਇਸ ਮਿਆਦ ਦੌਰਾਨ ਸਬੰਧਤ ERO ਜਾਂ ਬੂਥ ਪੱਧਰੀ ਅਧਿਕਾਰੀ ਕੋਲ ਫਾਰਮ 6 ਜਮ੍ਹਾਂ ਕਰਵਾ ਸਕਦੇ ਹਨ।
ਅਗਲੇ ਪੜਾਅ ਵਿੱਚ ਜ਼ਿਲ੍ਹੇ ਵਿੱਚ ਪਛਾਣੇ ਗਏ 19,383 ਗੈਰ-ਮੈਪ ਕੀਤੇ (unmapped) ਵੋਟਰ ਹੋਣਗੇ। ਇਨ੍ਹਾਂ 19,383 ਗੈਰ-ਮੈਪ ਕੀਤੇ ਵੋਟਰਾਂ ਨੂੰ ਨੋਟਿਸ ਭੇਜੇ ਜਾਣਗੇ ਅਤੇ ਨੋਟਿਸ 13 ਅਗਸਤ ਤੋਂ ਇਨ੍ਹਾਂ ਵੋਟਰਾਂ ਨੂੰ ਜਾਰੀ ਕਰਨਾ ਸ਼ੁਰੂ ਕੀਤਾ ਜਾਵੇਗਾ। ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਨਿਰਧਾਰਤ 12 ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇੱਕ ਦਸਤਾਵੇਜ਼—ਜਿਵੇਂ ਕਿ ਜਨਮ ਸਰਟੀਫਿਕੇਟ ਜਾਂ ਵਿਦਿਅਕ ਯੋਗਤਾ ਸਰਟੀਫਿਕੇਟ—ਜਮ੍ਹਾਂ ਕਰਵਾ ਕੇ ਆਪਣਾ ਜਵਾਬ ਦੇ ਸਕਣਗੇ।
ਦਸਤਾਵੇਜ਼ਾਂ ਦੀ ਜਾਂਚ ਕਰਨ ਅਤੇ ਸਬੰਧਤ ਵੋਟਰਾਂ ਦਾ ਪੱਖ ਸੁਣਨ ਤੋਂ ਬਾਅਦ, ਈ.ਆਰ.ਓ. (EROs) ਢੁਕਵੇਂ ਹੁਕਮ ਜਾਰੀ ਕਰਨਗੇ। ਹਰੇਕ ਯੋਗ ਵੋਟਰ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਅਸਲ ਵੋਟਰ, ਵੋਟਰ ਸੂਚੀ ਵਿੱਚੋਂ ਬਾਹਰ ਨਾ ਰਹਿ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰਾਫਟ ਸੂਚੀ ਦੇ ਪ੍ਰਕਾਸ਼ਿਤ ਹੋਣ ਤੇ ਉਸ ਦੀ ਧਿਆਨ ਨਾਲ ਜਾਂਚ ਕਰਨ ਅਤੇ ਜੇਕਰ ਉਨ੍ਹਾਂ ਦੇ ਨਾਮ ਸੂਚੀ ਵਿੱਚ ਨਹੀਂ ਹਨ ਜਾਂ ਕੋਈ ਸੁਧਾਰ ਲੋੜੀਂਦਾ ਹੈ, ਤਾਂ ਤੁਰੰਤ ਚੋਣ ਅਧਿਕਾਰੀਆਂ ਨਾਲ ਸੰਪਰਕ ਕਰਨ। ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰਕਿਰਿਆ 12 ਅਕਤੂਬਰ ਨੂੰ ਵੋਟਰ ਸੂਚੀ ਦੇ ਅੰਤਿਮ ਪ੍ਰਕਾਸ਼ਨ ਨਾਲ ਸਮਾਪਤ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਐਸ.ਆਈ.ਆਰ. (SIR) ਮੁਹਿੰਮ ਦੇ ਨਾਲ-ਨਾਲ, ਪੋਲਿੰਗ ਸਟੇਸ਼ਨਾਂ ਦੇ ਤਰਕਸੰਗਤੀਕਰਨ (rationalisation) ਦੇ ਨਤੀਜੇ ਵਜੋਂ ਜ਼ਿਲ੍ਹੇ ਭਰ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਪੋਲਿੰਗ ਸਟੇਸ਼ਨਾਂ ਦੀ ਗਿਣਤੀ 615 ਤੋਂ ਵੱਧ ਕੇ 618 ਹੋ ਗਈ ਹੈ, ਜਿਸ ਵਿੱਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਤਿੰਨ ਨਵੇਂ ਪੋਲਿੰਗ ਸਟੇਸ਼ਨ ਸ਼ਾਮਲ ਕੀਤੇ ਗਏ ਹਨ। ਵਿਸਤ੍ਰਿਤ ਪੋਲਿੰਗ ਢਾਂਚੇ ਨਾਲ ਭਵਿੱਖ ਦੀਆਂ ਚੋਣ ਪ੍ਰਕਿਰਿਆਵਾਂ ਦੌਰਾਨ ਵੋਟਰਾਂ ਲਈ ਪਹੁੰਚ ਨੂੰ ਹੋਰ ਸੁਖਾਲਾ ਬਣਾਉਣ ਦੀ ਉਮੀਦ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਗਿਣਤੀ-ਮਿਣਤੀ (enumeration) ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕਰਨ ਵਾਲੀਆਂ ਟੀਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ 615 ਬੀ.ਐਲ.ਓ. (BLOs), 62 ਸੁਪਰਵਾਈਜ਼ਰ, 06 ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ (AEROs), 3 ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ (EROs), ਹੋਰ ਚੋਣ ਅਧਿਕਾਰੀ ਅਤੇ ਫੀਲਡ ਸਟਾਫ ਜਮੀਨੀ ਪੱਧਰ ’ਤੇ ਕੰਮ ਕੀਤਾ। ਉਨ੍ਹਾਂ ਨੇ ਕਿਹਾ, 92.50% ਫੀਸਦੀ ਕਵਰੇਜ ਦੀ ਪ੍ਰਾਪਤੀ ਸਾਡੀਆਂ ਫੀਲਡ-ਪੱਧਰੀ ਚੋਣ ਟੀਮਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅਸੀਂ ਸਾਰੇ ਭਾਈਵਾਲਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਐਸ.ਆਈ.ਆਰ (SIR) ਦੇ ਬਾਕੀ ਪੜਾਵਾਂ ਦੌਰਾਨ ਵੀ ਅਜਿਹਾ ਹੀ ਸਹਿਯੋਗ ਦੇਣ।"
- Download Babushahi App
-
-