ਮਿਸਲ ਸਤਲੁਜ ਪਾਰਟੀ ਦੀ ਬੰਦੀ ਸਿੰਘਾਂ ਲਈ ਦਸਤਖ਼ਤ ਮੁਹਿੰਮ ਨੂੰ ਭਰਵਾਂ ਹੁੰਗਾਰਾ
ਪਟਿਆਲਾ 4 ਅਗਸਤ, 2026
ਬੰਦੀ ਸਿੰਘਾਂ ਦੀ ਰਿਹਾਈ ਲਈ ਜਨ-ਸਮਰਥਨ ਦੀ ਮਜ਼ਬੂਤੀ ਦੇ ਉਦੇਸ਼ ਨਾਲ ਮਿਸਲ ਸਤਲੁਜ ਪਾਰਟੀ ਵੱਲੋਂ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਆਲੋਵਾਲ (ਭਾਦਸੋਂ ਰੋਡ, ਪਟਿਆਲਾ) ਵਿਖੇ ਚਲਾਈ ਜਾ ਰਹੀ ਦਸਤਖ਼ਤ ਪਟੀਸ਼ਨ ਮੁਹਿੰਮ ਦੂਜੇ ਦਿਨ ਵੀ ਉਤਸ਼ਾਹਪੂਰਵਕ ਜਾਰੀ ਰਹੀ। ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਪਟੀਸ਼ਨ 'ਤੇ ਦਸਤਖ਼ਤ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਭਰਪੂਰ ਸਮਰਥਨ ਕੀਤਾ।
ਇਸ ਮੌਕੇ ਮਿਸਲ ਸਤਲੁਜ ਪਾਰਟੀ ਦੇ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਸਰਦਾਰ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਇਹ ਮੁਹਿੰਮ ਇਨਸਾਫ਼, ਮਨੁੱਖੀ ਅਧਿਕਾਰਾਂ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਦਾ ਇੱਕ ਸਾਰਥਕ ਯਤਨ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਇਸ ਲਈ ਉਨ੍ਹਾਂ ਦੀ ਰਿਹਾਈ ਵਿੱਚ ਹੋ ਰਹੀ ਦੇਰੀ ਨਿਆਂ ਦੇ ਸਿਧਾਂਤਾਂ ਦੇ ਉਲਟ ਹੈ।
ਉਨ੍ਹਾਂ ਦੱਸਿਆ ਕਿ ਅੱਜ ਦੀ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ ਦੀ ਨੀਤੀ ਪ੍ਰਤੀ ਗਹਿਰੀ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਦਸਤਖ਼ਤ ਕਰਕੇ ਆਪਣਾ ਸਮਰਥਨ ਦਰਜ ਕਰਵਾਇਆ।
ਮੁਹਿੰਮ ਦੌਰਾਨ ਮਿਸਲ ਸਤਲੁਜ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਸਰਦਾਰ ਜਰਨੈਲ ਸਿੰਘ (ਲੁਬਾਣਾ ਕਰਮੂ), ਗੁਰਮੀਤ ਸਿੰਘ (ਲੁਬਾਣਾ ਕਰਮ), ਹਰਮਨਪ੍ਰੀਤ ਸਿੰਘ (ਲੁਬਾਣਾ ਕਰਮੂ), ਲਖਵਿੰਦਰ ਸਿੰਘ, ਸੁਖਿੰਦਰ ਸਿੰਘ (ਲੌਟ), ਹਰਜੀਤ ਸਿੰਘ, ਪ੍ਰਤਾਪ ਸਿੰਘ (ਬਖਸ਼ੀਵਾਲਾ), ਕਰਨੈਲ ਸਿੰਘ (ਆਲੋਵਾਲ) ਅਤੇ ਰਾਮ ਸਿੰਘ (ਆਲੋਵਾਲ) ਨੇ ਮਿਸਲ ਸਤਲੁਜ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਲੋਕ ਲਹਿਰ ਨੂੰ ਹੋਰ ਬਲ ਮਿਲੇਗਾ।
ਪਾਰਟੀ ਦੇ ਸੀਨੀਅਰ ਆਗੂਆਂ ਨੇ ਸੰਗਤਾਂ ਨਾਲ ਸੰਪਰਕ ਕਰਦਿਆਂ ਉਨ੍ਹਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਦਸਤਖ਼ਤ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਸੰਗਤਾਂ ਨੇ ਵੀ ਉਤਸ਼ਾਹ ਨਾਲ ਮੁਹਿੰਮ ਦਾ ਸਮਰਥਨ ਕਰਦਿਆਂ ਇਸ ਨੂੰ ਇਨਸਾਫ਼ ਦੀ ਲੜਾਈ ਕਰਾਰ ਦਿੱਤਾ।
ਇਸ ਮੌਕੇ ਐਡਵੋਕੇਟ ਦਰਸ਼ਨ ਸਿੰਘ ਵਿਰਕ, ਇਕਬਾਲ ਸਿੰਘ, ਜਸਵੰਤ ਸਿੰਘ ਮਾਨ, ਐਸ.ਡੀ.ਓ. ਗੁਰਮੀਤ ਸਿੰਘ ਚਾਹਲ, ਅਮਰੀਕ ਸਿੰਘ ਚਾਹਲ ਅਤੇ ਯਾਦਵਿੰਦਰ ਸਿੰਘ ਯਾਦੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਆਪਣੇ ਸੰਬੋਧਨਾਂ ਵਿੱਚ ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕਤੰਤਰੀ ਅਤੇ ਸੰਵਿਧਾਨਕ ਢੰਗ ਨਾਲ ਚੱਲ ਰਹੀ ਇਸ ਮੁਹਿੰਮ ਦਾ ਵੱਧ ਤੋਂ ਵੱਧ ਹਿੱਸਾ ਬਣਨ ਦੀ ਅਪੀਲ ਕੀਤੀ।
- Download Babushahi App
-
-