ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬਰਨਾਲਾ ਵਿਖੇ ਤਿੰਨ ਰੋਜ਼ਾ ਸੂਬਾਈ ਪੁਸਤਕ ਮੇਲਾ ਲਾਉਣ ਦਾ ਫੈਸਲਾ
-ਉਸਾਰੂ ਸਾਹਿਤ,ਵਿਗਿਆਨਕ ਸੋਚ,ਪੱਤਰਕਾਰੀ ਅਤੇ ਸਿਹਤ ਸਬੰਧੀ ਹੋਣਗੇ ਸੈਮੀਨਾਰ ਵੀ ਹੋਣਗੇ ਮੇਲੇ ਦਾ ਹਿੱਸਾ
-ਮੁਕਤਾ ਦਾਭੋਲਕਰ, ਡਾ.ਗੌਹਰ ਰਜ਼ਾ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ.ਹਰਵਿੰਦਰ ਭੱਟੀ ਡਾ.ਕੁਲਦੀਪ ਦੀਪ ਤੇ ਡਾ.ਰਜਿੰਦਰ ਪਾਲ ਬਰਾੜ ਆਦਿ ਕਰਨਗੇ ਸੰਬੋਧਨ
ਅਸ਼ੋਕ ਵਰਮਾ
ਬਰਨਾਲਾ, 4 ਅਗਸਤ 2026:ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇੱਥੇ ਤਰਕਸ਼ੀਲ ਭਵਨ ਵਿਖੇ ਸੂਬਾ ਕਮੇਟੀ ਮੀਟਿੰਗ ਹੋਈ। ਜਿਸ ਵਿੱਚ ਬਰਨਾਲਾ ਵਿਖੇ ਤਿੰਨ ਰੋਜ਼ਾ ਸੂਬਾਈ ਪੁਸਤਕ ਮੇਲਾ ਲਗਾਉਣ ਦਾ ਨਿਰਣਾ ਕੀਤਾ ਗਿਆ। ਮੇਲੇ ਦੌਰਾਨ ਡਾ. ਦਾਭੋਲਕਰ ਦੀ ਬੇਟੀ ਮੁਕਤਾ ਦਾਭੋਲਕਰ ਸਮੇਤ ਕਈ ਮੰਨੇ ਪ੍ਰਮੰਨੇ ਬੁੱਧੀਜੀਵੀ ਵੱਖ ਵੱਖ ਵਿਸ਼ਿਆਂ 'ਤੇ ਸੈਮੀਨਾਰਾਂ ਨੂੰ ਸੰਬੋਧਨ ਕਰਨਗੇ। ਸੱਭਿਆਚਾਰਕ ਪੇਸ਼ਕਾਰੀਆਂ ਅਤੇ ਵਿਦਿਆਰਥੀਆਂ ਦੇ ਲਿਖਾਈ ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾਈ ਜੱਥੇਬੰਦਕ ਮੁਖੀ ਰਾਜਿੰਦਰ ਭਦੌੜ ਤੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋਂ, ਰਾਜਪਾਲ ਬਠਿੰਡਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿਸਿਹਤਮੰਦ ਸੱਭਿਆਚਾਰ, ਵਿਗਿਆਨਕ ਚੇਤਨਾ ਤੇ ਲੋਕ ਪੱਖੀ ਸਾਹਿਤ ਨੂੰ ਵਿਕਸਤ ਕਰਨ ਦੇ ਮੰਤਵ ਤਹਿਤ ਸੁਸਾਇਟੀ ਨੇ ਮਰਹੂਮ ਚਿੰਤਕ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ 21 ਤੋਂ 23 ਅਗਸਤ ਤੱਕ 'ਤਿੰਨ ਰੋਜ਼ਾ ਸੂਬਾਈ ਪੁਸਤਕ ਮੇਲਾ' ਤਰਕਸ਼ੀਲ ਭਵਨ ਬਰਨਾਲਾ ਵਿਖੇ ਲਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਪੰਜਾਬ ਦੇ ਨਾਮਵਰ ਪਬਲੀਕੇਸ਼ਨਜ਼/ ਪ੍ਰਕਾਸ਼ਕਾਂ ਵੱਲੋਂ ਤਰਕਸ਼ੀਲ ,ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ।ਆਗੂਆਂ ਦੱਸਿਆ ਕਿ 21ਅਗਸਤ ਨੂੰ ਇਸ ਪੁਸਤਕ ਮੇਲੇ ਦਾ ਉਦਘਾਟਨ ਡਾ.ਦਾਭੋਲਕਰ ਦੀ ਬੇਟੀ ਮੁਕਤਾ ਦਾਭੋਲਕਰ ਕਰਨਗੇ। ਉਪਰੰਤ ‘ਮਹਾਂਰਾਸ਼ਟਰ ਦੀ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਕਾਰਜ, ਪ੍ਰਾਪਤੀਆਂ ਅਤੇ ਚੁਣੌਤੀਆਂ ’ ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ।
22 ਅਗਸਤ ਨੂੰ ਪਹਿਲੇ ਸੈਸ਼ਨ ਵਿੱਚ ‘ਪੰਜਾਬੀ ਸਾਹਿਤ ਅਤੇ ਵਿਗਿਆਨਕ ਚਿੰਤਨ' ਦੇ ਵਿਸ਼ੇ 'ਤੇ ਡਾ.ਰਾਜਿੰਦਰਪਾਲ ਸਿੰਘ ਚਰਚਾ ਕਰਨਗੇ।ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਸੂਬਾਈ ਜਨਰਲ ਸਕੱਤਰ ਡਾ.ਕੁਲਦੀਪ ਸਿੰਘ ਦੀਪ ਵੱਲੋਂ ਕੀਤੀ ਜਾਵੇਗੀ। ਇਸੇ ਹੀ ਦਿਨ ਦੂਜੇ ਸੈਸ਼ਨ ਵਿੱਚ ਮਰਹੂਮ ਪੱਤਰਕਾਰ ਗੌਰੀ ਲੰਕੇਸ਼ ਨੂੰ ਸਮਰਪਿਤ ‘ਮੀਡੀਆ ਅਤੇ ਫਿਰਕਾਪ੍ਰਸਤੀ' ਵਿਸ਼ੇ ਸਬੰਧੀ ਨਾਮਵਰ ਲੋਕ ਪੱਖੀ ਪੱਤਰਕਾਰ ਸ਼ਿਵਇੰਦਰ, ਅੰਸ਼ੁਲ ਛਤਰਪਤੀ, ਜਤਿੰਦਰ ਕੌਰ ਤੁੜ ਅਤੇ ਨੇਹਾ ਦੀਕਸ਼ਿਤ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ।
ਤੀਜੇ ਸੈੱਸ਼ਨ ਦੌਰਾਨ ਪ੍ਰੋ.ਹਰਵਿੰਦਰ ਸਿੰਘ ਭੱਟੀ ‘ਨੌਜਵਾਨ ਪੀੜ੍ਹੀ ਦਾ ਪਰਵਾਸ ਅਤੇ ਮਾਪਿਆਂ ਦਾ ਸੰਕਟ' ਵਿਸ਼ੇ ਸਬੰਧੀ ਵਿਚਾਰ ਸਾਂਝੇ ਕਰਨਗੇ।ਆਖ਼ਰੀ ਦਿਨ 23 ਅਗਸਤ ਨੂੰ ਪ੍ਰਸਿੱਧ ਚਿੰਤਕ ਅਤੇ ਫ਼ਿਲਮਸਾਜ਼ ਪ੍ਰੋ.ਗੌਹਰ ਰਜ਼ਾ ‘ਮੋਜੂਦਾ ਦੌਰ ਵਿੱਚ ਵਿਗਿਆਨਕ ਸੋਚ ਨੂੰ ਚੁਣੌਤੀਆਂ ਅਤੇ ਸਾਡੇ ਕਾਰਜ ’ ਸਬੰਧੀ ਸੰਬੋਧਨ ਕਰਨਗੇ ਅਤੇ ਪ੍ਰਧਾਨਗੀ ਨਾਵਲਕਾਰ ਬਲਦੇਵ ਸੜਕਨਾਮਾ ਕਰਨਗੇ। ਦੂਜੇ ਸੈੱਸ਼ਨ ਵਿੱਚ ਸਿਹਤ ਮਾਹਿਰਾਂ ਡਾ.ਅੰਮ੍ਰਿਤਪਾਲ ਸਿੰਘ, ਡਾ.ਜਗਰੂਪ ਸਿੰਘ ਅਤੇ ਡਾ. ਜਸ਼ਨਪ੍ਰੀਤ ਸਿੰਘ ਵੱਲੋਂ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਚਾਨਣਾ ਪਾਇਆ ਜਾਵੇਗਾ। ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਪ੍ਰਸਿੱਧ ਨਾਟਕਕਾਰ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਸੁਕਰਾਤ' ਦੀ ਪੇਸ਼ਕਾਰੀ ਹੋਵੇਗੀ।
ਪੁਸਤਕ ਮੇਲੇ ਹਿਤ ਗਠਿਤ ਪ੍ਰਬੰਧਕ ਕਮੇਟੀ ਮੈਂਬਰ ਦੀਪ ਦਿਲਬਰ,ਖੁਸ਼ਵੰਤ ਬਰਗਾੜੀ, ਅਮਿਤ ਮਿੱਤਰ ਅਤੇ ਵਰਿੰਦਰ ਦਿਵਾਨਾ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ,ਪੋਸਟਰ ਮੁਕਾਬਲੇ ਕਰਵਾਉਣ ਸਮੇਤ ਗਾਇਕੀ ਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਹੋਵੇਗੀ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਤਰਕਸ਼ੀਲ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸੁਸਾਇਟੀ ਸੂਬਾ ਕਮੇਟੀ ਆਗੂ ਸੁਖਵਿੰਦਰ ਬਾਗਪੁਰ, ਗੁਰਪ੍ਰੀਤ ਸ਼ਹਿਣਾ, ਮੋਹਨ ਬਡਲਾ,ਜੂਝਾਰ ਲੌਂਗੋਵਾਲ ਅਤੇ ਕੁਲਜੀਤ ਡੰਗਰਖੇੜਾ ਨੇ ਸਮਾਜ ਦੇ ਸਮੂਹ ਵਰਗਾਂ ਦੇ ਲੋਕਾਂ ਨੂੰ ਪਰਿਵਾਰਾਂ ਸਮੇਤ ਇਸ ਪੁਸਤਕ ਮੇਲੇ ਸ਼ਿਰਕਤ ਦਾ ਖੁੱਲ੍ਹਾ ਸੱਦਾ ਦਿੱਤਾ।
- Download Babushahi App
-
-