ਮੂਸੇਵਾਲਾ ਦੀ ਹਾਰ 'ਤੇ ਬਵਾਲ; ਮਾਨਸਾ 'ਚ ਰਾਜਾ ਵੜਿੰਗ ਅਤੇ ਮੂਸੇਵਾਲਾ ਸਮਰਥਕ ਆਹਮੋ-ਸਾਹਮਣੇ! ਵਰਕਰਾਂ ਨੇ ਵੜਿੰਗ 'ਤੇ ਲਾਏ ਗੰਭੀਰ ਇਲਜ਼ਾਮ (ਵੇਖੋ ਵੀਡੀਓ)
BABUSHAHI NETWORK
ਮਾਨਸਾ, 2 ਅਗਸਤ 2026- ਪੰਜਾਬ ਕਾਂਗਰਸ 'ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਕਲੇਸ਼ ਥੰਮ੍ਹਣ ਦਾ ਨਾਮ ਨਹੀਂ ਲੈ ਰਿਹਾ। ਦਿਨ-ਬ-ਦਿਨ ਪਾਰਟੀ ਦੀ ਗੁੱਟਬੰਦੀ ਹੋਰ ਵਧਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਮਾਨਸਾ ਵਿਖੇ ਆਯੋਜਿਤ ਪੰਜਾਬ ਕਾਂਗਰਸ ਦੇ ਵਿਸ਼ੇਸ਼ ਸਮਾਗਮ ਦੌਰਾਨ ਦੇਖਣ ਨੂੰ ਮਿਲੀ, ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਜ਼ਬਰਦਸਤ ਹੰਗਾਮਾ ਹੋਇਆ। ਪਾਰਟੀ ਦੇ 'ਹਰ ਬੂਥ ਕਾਂਗਰਸ ਮਜ਼ਬੂਤ' ਪ੍ਰੋਗਰਾਮ ਦੌਰਾਨ ਰਾਜਾ ਵੜਿੰਗ ਨੂੰ ਆਪਣੇ ਹੀ ਵਰਕਰਾਂ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਮਾਨਸਾ ਵਿੱਚ ਆਯੋਜਿਤ ਇਸ ਵਰਕਰ ਮੀਟਿੰਗ ਵਿੱਚ ਜਿਵੇਂ ਹੀ ਰਾਜਾ ਵੜਿੰਗ ਨੇ ਸੰਬੋਧਨ ਕੀਤਾ, ਉੱਥੇ ਮੌਜੂਦ ਸਿੱਧੂ ਮੂਸੇਵਾਲਾ ਦੇ ਸਮਰਥਕਾਂ ਨੇ ਤੁਰੰਤ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਮਰਥਕਾਂ ਨੇ ਰਾਜਾ ਵੜਿੰਗ ਉੱਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਦਾ ਜ਼ਿੰਮੇਵਾਰ ਖੁਦ ਮੂਸੇਵਾਲਾ ਨੂੰ ਠਹਿਰਾ ਰਹੇ ਹਨ।
ਦਰਅਸਲ, ਇੱਕ ਦਿਨ ਪਹਿਲਾਂ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਸੀ ਕਿ ਸਿੱਧੂ ਮੂਸੇਵਾਲਾ ਵਰਗੀ ਵੱਡੀ ਅਤੇ ਫੇਮਸ ਸ਼ਖ਼ਸੀਅਤ ਹੋਣ ਦੇ ਬਾਵਜੂਦ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਗਭਗ 64,000 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਵੜਿੰਗ ਨੇ ਇਸ ਹਾਰ ਦਾ ਕਾਰਨ ਬੂਥ ਪੱਧਰ 'ਤੇ ਕਾਂਗਰਸ ਸੰਗਠਨ ਦੀ ਕਮਜ਼ੋਰੀ ਦੱਸਿਆ ਸੀ। ਪਰ ਸਮਰਥਕਾਂ ਨੇ ਇਸ 'ਤੇ ਕੜਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਵੜਿੰਗ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੂਸੇਵਾਲਾ ਆਪਣੇ ਕਾਰਨ ਹਾਰੇ ਸਨ।
ਸਮਰਥਕਾਂ ਦਾ ਸਪੱਸ਼ਟ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਆਪਣੇ ਹਲਕੇ ਜਾਂ ਆਪਣੇ ਕਾਰਨ ਨਹੀਂ ਹਾਰੇ ਸਨ, ਸਗੋਂ ਕਾਂਗਰਸ ਪਾਰਟੀ ਦੇ ਹੀ ਕੁਝ ਸਥਾਨਕ ਸੀਨੀਅਰ ਆਗੂਆਂ ਦੇ ਅੰਦਰੂਨੀ ਵਿਰੋਧ ਕਾਰਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਖੁਦ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ। ਇਸ ਤੋਂ ਬਾਅਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਮਾਨਸਾ ਤੋਂ ਮੂਸੇਵਾਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਸ ਸਮੇਂ ਸੀਨੀਅਰ ਨੇਤਾ ਨਾਜਰ ਸਿੰਘ ਮਾਨਸ਼ਾਹੀਆ ਸਮੇਤ ਕਈ ਹੋਰ ਸਥਾਨਕ ਲੀਡਰਾਂ ਨੇ ਮੂਸੇਵਾਲਾ ਦੀ ਟਿਕਟ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਵਿਜੇ ਸਿੰਗਲਾ ਨੇ ਸਿੱਧੂ ਮੂਸੇਵਾਲਾ ਨੂੰ 64,000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।
- Download Babushahi App
-
-