ਕਾਂਗਰਸ 'ਚ ਅੰਦਰੂਨੀ ਧੜੇਬੰਦੀ ਚਰਚਾ 'ਚ: ਚੰਨੀ ਦੇ ਪੋਸਟਰ 'ਚੋਂ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਤਸਵੀਰ ਗਾਇਬ,
Ravi Jakhu
ਫਿਰੋਜ਼ਪੁਰ, 3 ਅਗਸਤ 2026:ਪੰਜਾਬ ਕਾਂਗਰਸ ਦੇ ਅੰਦਰੂਨੀ ਮਤਭੇਦ ਅਤੇ ਧੜੇਬੰਦੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਫਿਰੋਜ਼ਪੁਰ ਵਿਖੇ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਅਸ਼ੋਕ ਸਚਦੇਵਾ ਦੇ ਅਹੁਦਾ ਸੰਭਾਲਣ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਪਹੁੰਚੇ, ਪਰ ਇਸ ਪ੍ਰੋਗਰਾਮ ਦੇ ਪੋਸਟਰਾਂ ਅਤੇ ਪ੍ਰਚਾਰ ਸਮੱਗਰੀ ਵਿੱਚੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਸਵੀਰ ਗਾਇਬ ਹੋਣ ਕਾਰਨ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਗਰਮਾ ਗਈ ਹੈ।
.jpg)
ਇਸ ਸਮਾਗਮ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, "ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ 'ਤੇ ਕਾਂਗਰਸ ਦਾ ਪਰਚਮ ਲਹਿਰਾਉਣ ਲਈ ਹਰ ਇੱਕ ਕਾਂਗਰਸੀ ਵਰਕਰ ਦਾ ਧੰਨਵਾਦ। ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਅਸ਼ੋਕ ਸਚਦੇਵਾ ਜੀ ਨੂੰ ਵਧਾਈ! ਅੱਜ ਦਾ ਇਹ ਸਮਾਗਮ ਮਹਿਜ਼ ਅਹੁਦਾ ਸੰਭਾਲਣ ਦਾ ਸਮਾਗਮ ਨਹੀਂ, ਸਗੋਂ 2027 ਦੇ ਵੱਡੇ ਸਿਆਸੀ ਬਦਲਾਅ ਦੀ ਸ਼ੁਰੂਆਤ ਹੈ। ਪੰਜਾਬ ਵਿਰੋਧੀ ਤਾਕਤਾਂ ਨੂੰ ਪਛਾੜ ਕੇ ਸੂਬੇ ਦੀ ਖੋਹੀ ਹੋਈ ਸ਼ਾਨ ਬਹਾਲ ਕਰਨਾ ਹੀ ਸਾਡਾ ਇੱਕੋ-ਇੱਕ ਨਿਸ਼ਾਨਾ ਹੈ।"ਚੰਨੀ ਵੱਲੋਂ ਫਿਰੋਜ਼ਪੁਰ ਸਮਾਗਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਬਦਲਾਅ ਦੀ ਸ਼ੁਰੂਆਤ ਦੱਸਣ ਅਤੇ ਪੋਸਟਰ ਵਿੱਚੋਂ ਸੂਬਾ ਪ੍ਰਧਾਨ ਦੀ ਤਸਵੀਰ ਨਾ ਹੋਣ ਕਾਰਨ ਵਿਰੋਧੀ ਧਿਰਾਂ ਨੂੰ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ 'ਤੇ ਨਿਸ਼ਾਨਾ ਸਾਧਣ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ।
- Download Babushahi App
-
-