ਸੰਘਰਸ਼ ਰੰਗ ਲਿਆਇਆ – ਸਰਕਾਰ ਝੁਕੀ, ਸਫਾਈ ਕਾਮੇ ਜਿੱਤੇ!
ਅਣਮਿੱਥੇ ਸਮੇਂ ਦੀ ਹੜਤਾਲ ਸਮਾਪਤ, ਪੰਜਾਬ ਸਰਕਾਰ ਨੇ ਮੰਨੀਆਂ ਮੁੱਖ ਮੰਗਾਂ – ਜਗਰਾਉਂ ਵਿੱਚ ਮੁੜ ਸ਼ੁਰੂ ਹੋਈ ਸਫਾਈ ਵਿਵਸਥਾ
ਜਗਰਾਉਂ, 04 ਅਗਸਤ 2026(ਦੀਪਕ ਜੈਨ)ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਚਲ ਰਹੀ ਹੜਤਾਲ ਅੱਜ ਪੰਜਾਬ ਸਰਕਾਰ ਵੱਲੋਂ ਮੁੱਖ ਮੰਗਾਂ ਮੰਨਣ ਤੋਂ ਬਾਅਦ ਅਧਿਕਾਰਕ ਤੌਰ 'ਤੇ ਸਮਾਪਤ ਕਰ ਦਿੱਤੀ ਗਈ। ਇਸ ਇਤਿਹਾਸਕ ਜਿੱਤ ਨਾਲ ਪੰਜਾਬ ਭਰ ਦੇ ਸਫਾਈ ਸੇਵਕਾਂ, ਸੀਵਰਮੈਨਾਂ ਅਤੇ ਸਮੂਹ ਮਿਉਂਸਪਲ ਕਾਮਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲੋਕਲ ਬਾਡੀ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਵਿਸਥਾਰਪੂਰਵਕ ਮੀਟਿੰਗ ਅਤੇ ਵਿਚਾਰ-ਚਰਚਾ ਤੋਂ ਬਾਅਦ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ 'ਤੇ ਸਹਿਮਤੀ ਬਣ ਗਈ ਹੈ।
ਸਰਕਾਰ ਦੇ ਵੱਡੇ ਫ਼ੈਸਲੇ
2021 ਦੀ ਪਾਲਿਸੀ ਅਨੁਸਾਰ ਕੰਟਰੈਕਟ ਬੇਸ 'ਤੇ ਕੰਮ ਕਰਦੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਪੱਕਾ ਕੀਤਾ ਜਾਵੇਗਾ।
ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਸਮੂਹ ਮਿਉਂਸਪਲ ਕਰਮਚਾਰੀਆਂ ਨੂੰ ਕੰਟਰੈਕਟ ਬੇਸ 'ਤੇ ਲਿਆਂਦਾ ਜਾਵੇਗਾ।
ਸਮੂਹ ਯੋਗ ਕਰਮਚਾਰੀਆਂ ਲਈ ₹20,520 ਮਹੀਨਾਵਾਰ ਤਨਖਾਹ 01-08-2026 ਤੋਂ ਲਾਗੂ ਕਰ ਦਿੱਤੀ ਗਈ ਹੈ।
ਹੜਤਾਲ ਖਤਮ ਹੋਣ ਤੋਂ ਬਾਅਦ ਅੱਜ ਜਗਰਾਉਂ ਵਿਖੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੇ ਮੁੜ ਸ਼ਹਿਰ ਦੀ ਸਫਾਈ ਅਤੇ ਸੀਵਰ ਪ੍ਰਬੰਧ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਨਾਲ ਸ਼ਹਿਰ ਦੀਆਂ ਸੇਵਾਵਾਂ ਆਮ ਵਾਂਗ ਬਹਾਲ ਹੋ ਗਈਆਂ।
ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਇਹ ਜਿੱਤ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੰਜਾਬ ਦੇ ਸਮੂਹ ਸਫਾਈ ਸੇਵਕਾਂ, ਸੀਵਰਮੈਨਾਂ ਅਤੇ ਮਿਉਂਸਪਲ ਕਾਮਿਆਂ ਦੀ ਏਕਤਾ, ਹੌਸਲੇ ਅਤੇ ਲੰਮੇ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਸੰਘਰਸ਼ ਦੌਰਾਨ ਸਾਥ ਦੇਣ ਵਾਲੀਆਂ ਸਮੂਹ ਜਥੇਬੰਦੀਆਂ, ਕਰਮਚਾਰੀਆਂ ਅਤੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ।
- Download Babushahi App
-
-