ਵਿਧਾਨ ਸਭਾ 'ਚ ਪੇਪਰ ਲੀਕ ਮੁੱਦੇ 'ਤੇ ਜ਼ਬਰਦਸਤ ਹੰਗਾਮਾ: ਹਰਜੋਤ ਬੈਂਸ ਅਤੇ ਪ੍ਰਤਾਪ ਬਾਜਵਾ ਹੋਏ ਆਹਮੋ-ਸਾਹਮਣੇ, ਕਾਂਗਰਸ ਦਾ ਵਾਕਆਊਟ
ਹਰਜੋਤ ਬੈਂਸ ਦਾ ਪਲਟਵਾਰ: "ਮੈਂ ਪੂਰੀ ਤਿਆਰੀ ਨਾਲ ਆਇਆ ਹਾਂ, ਬਹਿਸ ਤੋਂ ਭੱਜ ਰਹੇ ਨੇ ਵਿਰੋਧੀ- ਕਾਂਗਰਸੀ ਵਿਧਾਇਕ ਹਾਊਸ ਦੇ ਭਗੌੜੇ"
ਹਰਪਾਲ ਚੀਮਾ ਦਾ ਤੰਜ: "ਪੰਜਾਬ 'ਚ ਪੇਪਰ ਲੀਕ ਨਹੀਂ, ਸਗੋਂ ਕਾਂਗਰਸ ਪਾਰਟੀ ਖੁਦ ਲੀਕ ਹੋ ਚੁੱਕੀ ਹੈ; 70 ਹਜ਼ਾਰ ਨੌਕਰੀਆਂ ਮੈਰਿਟ 'ਤੇ ਦਿੱਤੀਆਂ"
ਚੰਡੀਗੜ੍ਹ, 3 ਅਗਸਤ 2026- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਫਾਰਮੇਸੀ ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਆਹਮੋ-ਸਾਹਮਣੇ ਆ ਗਏ। ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰ ਦੇ ਨੇੜੇ ਪ੍ਰਤਾਪ ਸਿੰਘ ਬਾਜਵਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਚਾਲੇ ਤਿੱਖੀ ਬਹਿਸਬਾਜ਼ੀ ਦੇਖਣ ਨੂੰ ਮਿਲੀ। ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰਨੀ ਪਈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਵਿੱਚ ਫਾਰਮੇਸੀ ਪੇਪਰ ਲੀਕ ਦਾ ਮੁੱਦਾ ਚੁੱਕਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫ਼ੇ ਦੀ ਮੰਗ ਕੀਤੀ। ਬਾਜਵਾ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕਈ ਵਾਰ ਪੇਪਰ ਲੀਕ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਬੈਂਸ 'ਤੇ ਨਿਸ਼ਾਨਾ ਸਾਧਦਿਆਂ ਚੇਤੇ ਕਰਵਾਇਆ ਕਿ ਜਦੋਂ ਦਿੱਲੀ ਵਿਖੇ ਨੀਟ (NEET) ਪ੍ਰੀਖਿਆ ਦੇ ਵਿਵਾਦ ਨੂੰ ਲੈ ਕੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਹੋਇਆ ਸੀ, ਤਾਂ ਹਰਜੋਤ ਬੈਂਸ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਮੰਗਿਆ ਸੀ। ਬਾਜਵਾ ਨੇ ਸਵਾਲ ਕੀਤਾ ਕਿ ਹੁਣ ਜਦੋਂ ਪੰਜਾਬ ਵਿੱਚ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ, ਤਾਂ ਕੀ ਹਰਜੋਤ ਬੈਂਸ ਆਪਣੀ ਜਿੰਮੇਵਾਰੀ ਸਮਝਦੇ ਹੋਏ ਅਸਤੀਫ਼ਾ ਦੇਣਗੇ? ਕਾਂਗਰਸੀ ਵਿਧਾਇਕ ਚਿੱਟੇ ਕੱਪੜਿਆਂ ਵਿੱਚ ਅਤੇ ਗਲ਼ਾਂ ਵਿੱਚ ਕਾਲੇ ਪਰਨੇ ਪਾ ਕੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
"ਮੈਂ ਪੂਰੀ ਤਿਆਰੀ ਨਾਲ ਆਇਆ ਹਾਂ, ਭੱਜੋ ਨਾ": ਹਰਜੋਤ ਬੈਂਸ
ਕਾਂਗਰਸ ਦੇ ਹੰਗਾਮੇ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਸਦਨ ਵਿੱਚ ਪੂਰੀ ਤਿਆਰੀ ਅਤੇ ਤੱਥਾਂ ਨਾਲ ਆਏ ਹਨ। ਬੈਂਸ ਨੇ ਤਲਖ਼ ਅੰਦਾਜ਼ ਵਿੱਚ ਕਿਹਾ, "ਮੈਂ ਸਾਰੇ ਆਂਕੜੇ ਅਤੇ ਜ਼ਰੂਰੀ ਦਸਤਾਵੇਜ਼ ਲੈ ਕੇ ਆਇਆ ਹਾਂ। ਅੰਗਰੇਜ਼ੀ ਪੜ੍ਹਨੀ ਸਿਰਫ਼ ਤੁਹਾਨੂੰ ਹੀ ਨਹੀਂ ਆਉਂਦੀ, ਮੈਨੂੰ ਵੀ ਆਉਂਦੀ ਹੈ। ਕਾਂਗਰਸੀ ਵਿਧਾਇਕ ਬਹਿਸ ਸੁਣਨ ਦੀ ਬਜਾਏ ਹਾਊਸ ਤੋਂ ਭੱਜ ਰਹੇ ਹਨ। ਇਹ ਵਿਧਾਨ ਸਭਾ ਦੇ ਭਗੌੜੇ ਹਨ।" ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹੈ ਪਰ ਵਿਰੋਧੀ ਧਿਰ ਕੋਲ ਕੋਈ ਠੋਸ ਮੁੱਦਾ ਨਹੀਂ ਹੈ।
ਸਦਨ ਵਿੱਚ ਵੱਧਦੇ ਹੰਗਾਮੇ ਨੂੰ ਵੇਖਦਿਆਂ ਸਪੀਕਰ ਨੇ ਮੈਂਬਰਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਨ ਕਾਲ ਪੰਜਾਬ ਦੇ ਤਿੰਨ ਕਰੋੜ ਲੋਕਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਹੁੰਦਾ ਹੈ, ਇਸ ਲਈ ਇਸ ਵਿੱਚ ਵਿਘਨ ਨਾ ਪਾਇਆ ਜਾਵੇ।
ਦੂਜੇ ਪਾਸੇ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ, "ਅੱਜ ਪੰਜਾਬ ਵਿੱਚ ਕਾਂਗਰਸ ਪਾਰਟੀ ਖੁਦ ਲੀਕ ਅਤੇ ਖ਼ਤਮ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਲਗਭਗ 70,000 ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ ਦਿੱਤੀਆਂ ਹਨ। ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ। ਕਾਂਗਰਸ ਆਪਣੀ ਖ਼ਤਮ ਹੋ ਰਹੀ ਸਿਆਸੀ ਜ਼ਮੀਨ ਤੋਂ ਧਿਆਨ ਭਟਕਾਉਣ ਲਈ ਅਜਿਹੇ ਡਰਾਮੇ ਕਰ ਰਹੀ ਹੈ।" ਸਦਨ ਵਿੱਚ ਮੰਤਰੀਆਂ ਦੇ ਜਵਾਬਾਂ ਅਤੇ ਹੰਗਾਮੇ ਦੌਰਾਨ ਕਾਂਗਰਸੀ MLAs ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਵਿਧਾਨ ਸਭਾ ਵਿੱਚੋਂ ਵਾਕਆਊਟ (Walkout) ਕਰ ਦਿੱਤਾ।
- Download Babushahi App
-
-