ਯੂ.ਪੀ. ਤੋਂ ਮਾਛੀਵਾੜਾ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ
ਆੜ੍ਹਤੀ ਸਮੇਤ 3 ਦੀ ਮੌਕੇ ’ਤੇ ਹੀ ਮੌਤ, 2 ਗੰਭੀਰ ਜਖ਼ਮੀ
ਰਵਿੰਦਰ ਢਿੱਲੋਂ
ਖੰਨਾ, 16 ਜੁਲਾਈ 2026 :
ਪੁਲਸ ਜ਼ਿਲ੍ਹਾ ਖੰਨਾ ਅਧੀਨ ਮਾਛੀਵਾੜਾ ਇਲਾਕੇ ਦੇ ਲੋਕਾਂ ਨੂੰ ਉਸ ਸਮੇਂ ਦੁਖਦਈ ਖ਼ਬਰ ਮਿਲੀ ਜਦੋਂ ਯੂ.ਪੀ. ਤੋਂ ਪਰਤ ਰਹੇ ਇੱਥੋਂ ਦੇ ਪਰਿਵਾਰ ਨਾਲ ਵੱਡਾ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਮਾਛੀਵਾੜਾ ਦੇ ਆੜ੍ਹਤੀ ਤੇ ਸ਼ੈਲਰ ਮਾਲਕ ਸੰਤੋਖ ਸਿੰਘ ਬਾਜਵਾ (65) ਵਾਸੀ ਪਿੰਡ ਇਰਾਕ, ਹਰਜੀਤ ਸਿੰਘ (60) ਵਾਸੀ ਹਾਦੀਵਾਲ ਅਤੇ ਭੁਪਿੰਦਰ ਕੌਰ ਦੀ ਮੌਤ ਹੋ ਗਈ ਜਦਕਿ ਹਾਦਸੇ ਵਿਚ ਆੜ੍ਹਤੀ ਮੁਕੰਦ ਸਿੰਘ ਬੈਨੀਪਾਲ ਅਤੇ ਲਾਡੀ ਸਿੰਘ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕੰਦ ਸਿੰਘ ਬੈਨੀਪਾਲ ਲਖੀਮਪੁਰ ਖੇਰੀ (ਯੂ.ਪੀ.) ਵਿਖੇ ਖੇਤੀਬਾੜੀ ਕਰਦੇ ਹਨ ਜਿਨ੍ਹਾਂ ਦ ਕਾਰੋਬਾਰ ਮਾਛੀਵਾੜਾ ਵਿਖੇ ਵੀ ਹੈ। ਆੜ੍ਹਤੀ ਸੰਤੋਖ ਸਿੰਘ ਬਾਜਵਾ ਅਤੇ ਹਰਜੀਤ ਸਿੰਘ ਹਾਦੀਵਾਲ ਵੀ ਇਨ੍ਹਾਂ ਦੇ ਰਿਸ਼ਤੇਦਾਰ ਹਨ ਜੋ ਕਿ ਯੂ.ਪੀ. ਵਿਖੇ ਇਨ੍ਹਾਂ ਨੂੰ ਮਿਲਣ ਲਈ ਗਏ ਸਨ। ਅੱਜ ਜਦੋਂ ਮੁਕੰਦ ਸਿੰਘ ਬੈਨੀਪਾਲ ਆਪਣੀ ਸਮੇਤ ਇਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਸਕਾਰਪਿਓ ਗੱਡੀ ਰਾਹੀਂ ਯੂ.ਪੀ. ਤੋਂ ਮਾਛੀਵਾੜਾ ਆ ਰਹੇ ਸਨ ਤਾਂ ਰਸਤੇ ਵਿਚ ਸਵੇਰੇ 7.30 ਵਜੇ ਬਰੇਲੀ ਸ਼ਹਿਰ ਨੇੜ੍ਹੇ ਨਿਰਮਾਣ ਅਧੀਨ ਹਾਈਵੇ ਤੋ ਲੰਘਦਿਆਂ ਕੈਂਟਰ ਨਾਲ ਸਿੱਧੀ ਟੱਕਰ ਹੋ ਗਈ। ਇਹ ਸੜਕ ਹਾਦਸਾ ਐਨਾ ਭਿਆਨਕ ਸੀ ਕਿ ਆੜ੍ਹਤੀ ਸੰਤੋਖ ਸਿੰਘ, ਭੁਪਿੰਦਰ ਕੌਰ ਅਤੇੇ ਹਰਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਮੁਕੰਦ ਸਿੰਘ ਤੇ ਉਨ੍ਹਾਂ ਦਾ ਭਾਣਜਾ ਲਾਡੀ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਤੁਰੰਤ ਨੇੜ੍ਹਲੇ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਬਰੇਲੀ ਦੇ ਨਵਾਬਗੰਜ ਥਾਣਾ ਦੀ ਪੁਲਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਤਿੰਨੋ ਹੀ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਜਦੋਂ ਉਨ੍ਹਾਂ ਦੀ ਮੌਤ ਦੀ ਸੂਚਨਾ ਘਰ ਵਿਚ ਪਹੁੰਚੀ ਤਾਂ ਮਾਹੌਲ ਬਹੁਤ ਹੀ ਗ਼ਮਗੀਨ ਹੋ ਗਿਆ। ਲਾਸ਼ਾਂ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇਹਾਂ ਮਾਛੀਵਾੜਾ ਵਿਖੇ ਲਿਆਂਦੀਆਂ ਜਾਣਗੀਆਂ ਜਿੱਥੇ ਅੰਤਿਮ ਸਸਕਾਰ ਕੀਤਾ ਜਾਵੇਗਾ।
- Download Babushahi App
-
-