ਜਗਰਾਓਂ ਵਿਚ ਨਾਜਾਇਜ਼ ਉਸਾਰੀਆਂ ਦਾ ਮੁੱਦਾ ਗਰਮਾਇਆ; ਛੁੱਟੀ ਵਾਲੇ ਦਿਨ ਹੋ ਰਹੇ ਨਿਰਮਾਣਾਂ 'ਤੇ ਉੱਠੇ ਸਵਾਲ
ਅੱਖਾਂ ਬੰਦ ਕਰਕੇ ਪਾਸ ਕੀਤੇ ਜਾ ਰਹੇ ਹਨ ਨਕਸ਼ੇ, ਨਗਰ ਕੌਂਸਲ ਸੁੱਤੀ ਘੂਕ
ਜਗਰਾਓਂ, 14 ਜੁਲਾਈ (ਦੀਪਕ ਜੈਨ) ਸ਼ਹਿਰ ਵਿਚ ਕਥਿਤ ਨਾਜਾਇਜ਼ ਬਿਲਡਿੰਗਾਂ ਦੇ ਨਿਰਮਾਣ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਰਹੇ ਹਨ। ਦੋਸ਼ ਲਗਾਏ ਜਾ ਰਹੇ ਹਨ ਕਿ ਕੁਝ ਥਾਵਾਂ 'ਤੇ ਛੁੱਟੀ ਵਾਲੇ ਦਿਨ ਨਿਰਮਾਣ ਦਾ ਕੰਮ ਤੇਜ਼ੀ ਨਾਲ ਚੱਲਦਾ ਹੈ, ਜਿਸ ਕਾਰਨ ਨਗਰ ਕੌਂਸਲ ਦੀ ਨਿਗਰਾਨੀ ਅਤੇ ਕਾਰਵਾਈ ਨੂੰ ਲੈ ਕੇ ਚਰਚਾ ਛਿੜ ਗਈ ਹੈ। ਇਹ ਵੀ ਸਵਾਲ ਉੱਠ ਰਹੇ ਹਨ ਕਿ ਜੇਕਰ ਉਸਾਰੀਆਂ ਨਿਯਮਾਂ ਅਨੁਸਾਰ ਹਨ ਤਾਂ ਇਹ ਕੰਮ ਆਮ ਦਿਨਾਂ ਦੀ ਬਜਾਏ ਛੁੱਟੀ ਵਾਲੇ ਦਿਨਾਂ ਵਿਚ ਹੀ ਕਿਉਂ ਕੀਤਾ ਜਾਂਦਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਮੋਹਿਤ ਸ਼ਰਮਾ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਸ਼ਹਿਰ ਵਿਚ ਕੋਈ ਵੀ ਨਾਜਾਇਜ਼ ਉਸਾਰੀ ਜਾਂ ਮਨਜ਼ੂਰਸ਼ੁਦਾ ਨਕਸ਼ੇ ਤੋਂ ਉਲਟ ਨਿਰਮਾਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅਜਿਹੇ ਹਰ ਮਾਮਲੇ ਵਿਚ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਈ.ਓ. ਮੋਹਿਤ ਸ਼ਰਮਾ ਨੇ ਦੱਸਿਆ ਕਿ ਸੈਂਟਰਲ ਸਿਟੀ ਵਿਚ "ਈਸਟ ਮੋਤੀ ਬਾਗ" ਨਾਮ ਨਾਲ ਦੱਸੀ ਜਾ ਰਹੀ ਜਾਇਦਾਦ 'ਤੇ ਲੈਂਟਰ ਪਾਉਣ ਦੇ ਮਾਮਲੇ ‘ਚ ਮੁਲਾਜਮ ਭੇਜ ਕੇ ਲੈਂਟਰ ਪਾਉਣ ਦਾ ਕੰਮ ਰੁਕਵਾ ਦਿੱਤਾ ਗਿਆ ਸੀ, ਜੇਕਰ ਦੁਬਾਰਾ ਫਿਰ ਗੈਰਕਾਨੂੰਨੀ ਲੈਂਟਰ ਪਾਇਆ ਗਿਆ ਹੈ ਤਾਂ ਸਬੰਧਿਤ ਧਿਰ ਨੂੰ ਮਾਲਕੀ ਨਾਲ ਸਬੰਧਿਤ ਰਜਿਸਟਰੀ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਨਗਰ ਕੌਂਸਲ ਸੰਤੁਸ਼ਟ ਨਾ ਹੋਈ ਤਾਂ ਸਬੰਧਿਤ ਧਿਰ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਫਿਲਹਾਲ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਅਤੇ ਨਗਰ ਕੌਂਸਲ ਦੇ ਰੁਖ ‘ਤੇ ਲੋਕਾਂ ਦੀ ਨਜ਼ਰ ਟਿਕੀ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਾਂਚ ਤੋਂ ਬਾਅਦ ਨਗਰ ਕੌਂਸਲ ਵਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ। ਸੂਤਰਾਂ ਅਨੁਸਾਰ ਰਜਿਸਟਰੀ ਮੁਤਾਬਿਕ ਹੀ ਨਕਸ਼ੇ ਪਾਸ ਕਰਨੇ ਹੁੰਦੇ ਹਨ ਅਤੇ ਨਗਰ ਕੌਂਸਲ ਜਗਰਾਓਂ ‘ਚ ਫਰਦ ਦੇ ਅਧਾਰ ‘ਤੇ ਹੀ ਨਕਸ਼ੇ ਪਾਸ ਕੀਤੇ ਜਾ ਰਹੇ ਹਨ ਕਿਉਂਕਿ ਫਰਦ ਵਿਚ ਸਿਰਫ ਮਾਲਕੀ ਦਰਸਾਈ ਹੁੰਦੀ ਨਾਂ ਹੱਦਾਂ ਅਤੇ ਨਾ ਹੀ ਸੜਕਾਂ ਦੀ ਜਾਣਕਾਰੀ ਹੁੰਦੀ ਹੈ।
- Download Babushahi App
-
-