ਜਦੋਂ ਖਾੜਕੂਆਂ ਵੱਲੋਂ ਹਿੰਦੂ ਮਾਰੇ ਗਏ ਸਨ, ਤਾਂ ਭਾਈ ਖਾਲੜਾ ਉਨ੍ਹਾਂ ਦੇ ਹੱਕ 'ਚ ਵੀ ਭੁੱਖ ਹੜਤਾਲਾਂ 'ਤੇ ਬੈਠੇ ਸਨ- ਰਾਜੀਵ ਸਿੰਘ ਰੰਧਾਵਾ ਨੇ ਕੀਤਾ ਵੱਡਾ ਖੁਲਾਸਾ
Babushahi Network
ਅੰਮ੍ਰਿਤਸਰ/ਚੰਡੀਗੜ੍ਹ, 14 ਜੁਲਾਈ 2026- ਮਨੁੱਖੀ ਅਧਿਕਾਰਾਂ ਦੇ ਮਹਾਨ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਅਤੇ 25 ਹਜ਼ਾਰ ਲਾਵਾਰਸ ਲਾਸ਼ਾਂ ਦੀ ਯਾਦ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦੌਰਾਨ, ਭਾਈ ਖਾਲੜਾ ਨੂੰ ਅਗਵਾ ਕੀਤੇ ਜਾਣ ਦੀ ਦਿਲ-ਕੰਬਾਊ ਘਟਨਾ ਦੇ ਮੁੱਖ ਅਤੇ ਚਸ਼ਮਦੀਦ ਗਵਾਹ ਰਾਜੀਵ ਸਿੰਘ ਰੰਧਾਵਾ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਰੰਧਾਵਾ ਨੇ ਅਤੀਤ ਦੇ ਪੰਨੇ ਫਰੋਲਦਿਆਂ ਕਿਹਾ ਕਿ ਜੇਕਰ ਅਸੀਂ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਦੇਖੀਏ ਤਾਂ ਫਾਂਸੀ ਚੜ੍ਹਨ ਵਾਲੇ ਯੋਧਿਆਂ ਵਿੱਚੋਂ 121 ਵਿੱਚੋਂ 93 ਬੰਦੇ ਸਿੱਖ ਸਨ।
ਉਨ੍ਹਾਂ ਕਿਹਾ ਕਿ ਕੁਰਬਾਨੀਆਂ ਦੇ ਹਿਸਾਬ ਨਾਲ ਇਸ ਦੇਸ਼ ਦੀ ਸੋਚ 'ਤੇ ਸਿੱਖਾਂ ਦਾ 76% ਹੱਕ ਬਣਦਾ ਹੈ। ਭਾਈ ਖਾਲੜਾ 'ਤੇ ਪਾਕਿਸਤਾਨੀ ਏਜੰਟ ਹੋਣ ਦੇ ਲੱਗਣ ਵਾਲੇ ਦੋਸ਼ਾਂ ਅਤੇ 25,000 ਲਾਵਾਰਸ ਲਾਸ਼ਾਂ ਦੇ ਅੰਕੜਿਆਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਰੰਧਾਵਾ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਉਸ ਦੇਸ਼-ਭਗਤ ਪਰਿਵਾਰ ਵਿੱਚੋਂ ਸਨ, ਜਿਨ੍ਹਾਂ ਦੇ ਪੁਰਖੇ ਭਾਈ ਸੂਰਾ ਸਿੰਘ ਜੀ 1761 ਵਿੱਚ ਅਹਿਮਦ ਸ਼ਾਹ ਅਬਦਾਲੀ ਵਿਰੁੱਧ ਲੜਦਿਆਂ ਸ਼ਹੀਦ ਹੋਏ ਸਨ।
ਉਨ੍ਹਾਂ ਦੇ ਦਾਦਾ ਬਾਬਾ ਹਰਨਾਮ ਸਿੰਘ ਜੀ ਖਾਲੜਾ ਗਦਰ ਪਾਰਟੀ ਦੇ ਸਰਗਰਮ ਆਗੂ ਸਨ ਅਤੇ ਕਾਮਾਗਾਟਾਮਾਰੂ (ਗੁਰੂ ਨਾਨਕ ਜਹਾਜ਼) ਕਾਂਡ ਦੌਰਾਨ 10 ਸਾਲ ਨਜ਼ਰਬੰਦ ਰਹੇ। ਇਸੇ ਤਰ੍ਹਾਂ 1942 ਦੇ 'ਭਾਰਤ ਛੱਡੋ ਅੰਦੋਲਨ' ਦੌਰਾਨ ਮਾਸਟਰ ਕਰਤਾਰ ਸਿੰਘ ਚਾਰ ਸਾਲ ਜੇਲ੍ਹ ਵਿੱਚ ਰਹੇ।
ਰਾਜੀਵ ਰੰਧਾਵਾ ਨੇ ਕਿਹਾ ਕਿ ਭਾਈ ਖਾਲੜਾ ਨੇ ਸਾਰੀ ਉਮਰ ਬਤੌਰ ਗੁਰਸਿੱਖ ਮਨੁੱਖੀ ਅਧਿਕਾਰਾਂ ਲਈ ਬਿਨਾਂ ਕਿਸੇ ਹਿੰਦੂ-ਸਿੱਖ ਦੇ ਵਿਤਕਰੇ ਦੇ ਕੰਮ ਕੀਤਾ। ਜਦੋਂ 1988 ਵਿੱਚ ਖਾੜਕੂਆਂ ਵੱਲੋਂ ਹਿੰਦੂ ਮਾਰੇ ਗਏ ਸਨ, ਤਾਂ ਭਾਈ ਖਾਲੜਾ ਉਨ੍ਹਾਂ ਦੇ ਹੱਕ ਵਿੱਚ ਵੀ ਭੁੱਖ ਹੜਤਾਲਾਂ 'ਤੇ ਬੈਠੇ ਸਨ।
- Download Babushahi App
-
-