ਪੰਜਾਬੀ ਯੂਨੀਵਰਸਿਟੀ ਵਿਖੇ ਉੱਘੇ ਕਾਨੂੰਨਦਾਨ ਡਾ. ਜਸਪ੍ਰੀਤ ਸਿੰਘ (ਅਮਰੀਕਾ) ਦਾ ਹੋਇਆ ਸਨਮਾਨ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਸਾਨੂੰ ਆਪਣੇ ਪੁਰਾਣੇ ਵਿਦਿਆਰਥੀਆਂ 'ਤੇ ਹੈ ਬਹੁਤ ਮਾਣ:ਡਾ. ਜਗਦੀਪ ਸਿੰਘ
ਪਟਿਆਲਾ, 15 ਜੁਲਾਈ 2026- ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਉੱਘੇ ਕਾਨੂੰਨਦਾਨ ਅਤੇ ਦਾਨੀ ਡਾ. ਜਸਪ੍ਰੀਤ ਸਿੰਘ,ਜੋ ਕਿ ਅਮਰੀਕਾ ਵਿੱਚ ਐਟੋਰਨੀ ਐਟ ਲਾਅ ਵਜੋਂ ਕਾਰਜਸ਼ੀਲ ਹਨ, ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਪ੍ਰਧਾਨਗੀ ਵਾਲ਼ੇ ਇਸ ਸਮਾਰੋਹ ਵਿੱਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਉਪ-ਕੁਲਪਤੀ, ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡਾ. ਕਰਮਜੀਤ ਸਿੰਘ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਤੋਂ ਡਾ. ਪ੍ਰਿਤਪਾਲ ਸਿੰਘ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਰਤਨ ਸਿੰਘ ਸ਼ਾਮਲ ਸਨ, ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਇਸ ਪ੍ਰੋਗਰਾਮ ਨੂੰ ਬੇਹੱਦ ਸਲਾਹੁਣਯੋਗ ਦਸਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਜਦੋਂ ਆਪਣੀ ਮਾਤ-ਭੂਮੀ ਅਤੇ ਸਿੱਖਿਆ ਦੇ ਅਦਾਰਿਆਂ ਉੱਤੇ ਮਾਣ ਮਹਿਸੂਸ ਕਰਦਿਆਂ ਮਦਦਗਾਰ ਵਜੋਂ ਆ ਖੜ੍ਹੇ ਹੋ ਜਾਂਦੇ ਹਨ, ਤਾਂ ਅਜਿਹੇ ਕਦਮ ਸੂਬੇ ਦੇ ਸੁਨਿਹਰੇ ਭਵਿੱਖ ਦੀ ਨਵੀਂ ਇਬਾਰਤ ਲਿਖ ਦਿੰਦੇ ਹਨ।
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਜਸਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੁਰਾਣੇ ਵਿਦਿਆਰਥੀਆਂ 'ਤੇ ਬਹੁਤ ਮਾਣ ਹੈ, ਜੋ ਵਿਦੇਸ਼ਾਂ ਵਿੱਚ ਜਾ ਕੇ ਨਾ ਸਿਰਫ਼ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰ ਰਹੇ ਹਨ, ਬਲਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਡਾ. ਜਸਪ੍ਰੀਤ ਸਿੰਘ ਵੱਲੋਂ ਯੂਨੀਵਰਸਿਟੀ ਦੇ ਵਿਕਾਸ ਲਈ ਦਿੱਤਾ ਜਾ ਰਿਹਾ ਇਹ ਵੱਡਾ ਯੋਗਦਾਨ ਸ਼ਲਾਘਾਯੋਗ ਹੈ। ਇਹ ਅਕਾਦਮਿਕ ਅਤੇ ਬਨਿਆਦੀ ਢਾਂਚੇ ਦੇ ਸੁਧਾਰ ਲਈ ਬੇਹੱਦ ਸਹਾਈ ਸਿੱਧ ਹੋਵੇਗਾ। ਅਜਿਹੇ ਸਹਿਯੋਗ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ਅਤੇ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ 'ਤੇ ਹੋਰ ਮਜ਼ਬੂਤ ਕਰਨ ਵਿੱਚ ਮਦਦਗਾਰ ਹੋਣਗੇ।
ਡਾ. ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਅੱਜ ਆਪਣੀ ਇਸ ਮਾਤ-ਸੰਸਥਾ ਵਿਖੇ ਪਰਤ ਕੇ ਬੇਹੱਦ ਭਾਵੁਕ ਅਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਦੇ ਜੀਵਨ ਦੀ ਨੀਂਹ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਇਸ ਸੰਸਥਾ ਦੇ ਰਿਣੀ ਹੋਣ ਦੇ ਨਾਤੇ ਆਪਣਾ ਫ਼ਰਜ਼ ਅਦਾ ਕਰਨ।
ਉਨ੍ਹਾਂ ਵਿਸ਼ੇਸ਼ ਤੌਰ 'ਤੇ ਸਾਂਝਾ ਕੀਤਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਇੱਥੋਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਉਹ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹਨ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਅਤੇ ਉੱਚੀ ਸੋਚ ਸਦਕਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ, ਪਰ ਸਾਨੂੰ ਕਦੇ ਵੀ ਆਪਣੀ ਮਿੱਟੀ ਅਤੇ ਆਪਣੇ ਵਿਦਿਅਕ ਅਦਾਰਿਆਂ ਨੂੰ ਨਹੀਂ ਭੁੱਲਣਾ ਚਾਹੀਦਾ। ਸਮਾਗਮ ਦੇ ਸ਼ੁਰੂ ਵਿੱਚ ਡੀਨ ਅਲੂਮਨੀ ਡਾ. ਰਾਜਬੰਸ ਸਿੰਘ ਗਿੱਲ ਨੇ ਸਵਾਗਤੀ ਸ਼ਬਦ ਬੋਲੇ ਅਤੇ ਸਮਾਰੋਹ ਦੇ ਅੰਤ ਵਿੱਚ ਡੀਨ, ਇੰਟਰਨੈਸ਼ਨਲ ਅਫੇਅਰਜ਼ ਡਾ. ਦਮਨਜੀਤ ਸੰਧੂ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
- Download Babushahi App
-
-