ਪਰਮੀਸ਼ ਵਰਮਾ ਫਿਰੌਤੀ ਤੇ ਹਮਲਾ ਮਾਮਲਾ: ਦੋ ਥਾਣੇਦਾਰਾਂ ਵਿਰੁਧ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ
Ravi Jakhu
ਐੱਸ.ਏ.ਐੱਸ. ਨਗਰ (ਮੋਹਾਲੀ), 16 ਜੁਲਾਈ, 2026: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ (Parmish Verma) ਤੋਂ ਫਿਰੌਤੀ ਮੰਗਣ ਅਤੇ ਉਨ੍ਹਾਂ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਮੋਹਾਲੀ ਅਦਾਲਤ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਕੇਸ ਦੀ ਸੁਣਵਾਈ ਵਿੱਚ ਲਗਾਤਾਰ ਹੋ ਰਹੀ ਦੇਰੀ ਅਤੇ ਲਾਪਰਵਾਹੀ 'ਤੇ ਗੰਭੀਰ ਨਾਰਾਜ਼ਗੀ ਜਤਾਉਂਦਿਆਂ ਅਦਾਲਤ ਨੇ ਗਵਾਹੀ ਲਈ ਪੇਸ਼ ਨਾ ਹੋਣ ਵਾਲੇ ਦੋ ਥਾਣੇਦਾਰਾਂ ਸਮੇਤ ਤਿੰਨ ਜਣਿਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ (Non-Bailable Warrants) ਜਾਰੀ ਕਰ ਦਿੱਤੇ ਹਨ। ਅਦਾਲਤ ਵੱਲੋਂ ਇਹ ਕਾਰਵਾਈ ਗੁਰਕੀਰਤ ਸਿੰਘ, ਏ.ਐੱਸ.ਆਈ. ਸੁਖਪਾਲ ਸਿੰਘ ਅਤੇ ਏ.ਐੱਸ.ਆਈ. ਜਸਪਾਲ ਸਿੰਘ ਦੇ ਖ਼ਿਲਾਫ਼ ਕੀਤੀ ਗਈ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਰੂਪਨਗਰ ਰੇਂਜ ਦੇ ਡੀ.ਆਈ.ਜੀ. (DIG) ਡਾ. ਨਾਨਕ ਸਿੰਘ ਨੂੰ ਇੱਕ ਵਿਸ਼ੇਸ਼ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਹਦਾਇਤ ਕੀਤੀ ਗਈ ਹੈ ਕਿ ਕੇਸ ਨਾਲ ਸੰਬੰਧਿਤ ਸਾਰੇ ਅਹਿਮ ਸਬੂਤ ਅਤੇ ਗਵਾਹ ਸਮੇਂ ਸਿਰ ਅਦਾਲਤ ਵਿੱਚ ਪੇਸ਼ ਕੀਤੇ ਜਾਣੇ ਯਕੀਨੀ ਬਣਾਏ ਜਾਣ। ਇਸ ਤੋਂ ਇਲਾਵਾ, ਜੇਲ੍ਹ ਵਿੱਚ ਬੰਦ ਮੁੱਖ ਮੁਲਜ਼ਮਾਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ, ਸੁਖਪ੍ਰੀਤ ਬੁੱਢਾ, ਆਸ਼ੀਸ਼ ਅਤੇ ਹਰਜਿੰਦਰ ਸਿੰਘ ਨੂੰ 20 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ (Production Warrants) ਵੀ ਜਾਰੀ ਕੀਤੇ ਗਏ ਹਨ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਮੁਲਜ਼ਮਾਂ ਖ਼ਿਲਾਫ਼ 18 ਜਨਵਰੀ 2024 ਨੂੰ ਹੀ ਦੋਸ਼ ਤੈਅ (Charges Frame) ਹੋ ਚੁੱਕੇ ਹਨ, ਪਰ ਇਸਤਗਾਸਾ ਪੱਖ (Prosecution) ਨੂੰ ਕਈ ਮੌਕੇ ਮਿਲਣ ਦੇ ਬਾਵਜੂਦ ਸਬੂਤ ਪੂਰੇ ਨਹੀਂ ਕੀਤੇ ਗਏ। ਅਦਾਲਤ ਨੇ ਹੁਣ ਇਸਤਗਾਸਾ ਪੱਖ ਨੂੰ ਸਬੂਤ ਪੇਸ਼ ਕਰਨ ਦਾ ਇਹ ਆਖ਼ਰੀ ਮੌਕਾ ਦਿੱਤਾ ਹੈ।
- Download Babushahi App
-
-