ਹਰੀ ਕੇ ਪੱਤਣ ਹੁਣ ‘ਸ਼ਹੀਦੀ ਪੱਤਣ’ ਵਜੋਂ ਜਾਣਿਆ ਜਾਵੇਗਾ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਹਰੀ ਕੇ ਪੱਤਣ ਤੋਂ ਇਤਿਹਾਸਕ ਸੰਬੋਧਨ
‘ਕੌਮ ਦਾ ਕੋਈ ਸ਼ਹੀਦ ਲਾਵਾਰਸ ਨਹੀਂ’; ਹਰੀ ਕੇ ਪੱਤਣ ਵਿਖੇ ਵਿਛੜੀਆਂ ਰੂਹਾਂ ਲਈ ਅਰਦਾਸ! ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕੀਤੇ ਵੱਡੇ ਐਲਾਨ, SGPC ਬਣਾਵੇਗੀ ਸ਼ਹੀਦੀ ਯਾਦਗਾਰ
ਅਕਾਲ ਤਖ਼ਤ ਸਾਹਿਬ ਤਿਆਰ ਕਰਵਾਏਗਾ ਸ਼ਹੀਦਾਂ ਦੇ ਅੰਕੜਿਆਂ ਦਾ ਇਤਿਹਾਸਕ ਦਸਤਾਵੇਜ਼- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਹਰੀ ਕੇ ਪੱਤਣ ਵਿਖੇ ਵਿਛੜੀਆਂ ਰੂਹਾਂ ਦੀ ਯਾਦ 'ਚ ਅਰਦਾਸ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਥਾਨ ਨੂੰ ‘ਸ਼ਹੀਦੀ ਪੱਤਣ’ ਐਲਾਨਦਿਆਂ ਯਾਦਗਾਰ ਬਣਾਉਣ ਦੇ ਆਦੇਸ਼, ਬੰਦੀ ਸਿੰਘਾਂ ਦੀ ਰਿਹਾਈ 'ਤੇ ਚੁੱਕੇ ਸਵਾਲ
Babushahi Network
ਤਰਨਤਾਰਨ/ਹਰੀ ਕੇ ਪੱਤਣ, 14 ਜੁਲਾਈ 2026- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਹਰੀ ਕੇ ਪੱਤਣ (ਤਰਨਤਾਰਨ) ਵਿਖੇ 90ਵੇਂ ਦੇ ਦਹਾਕੇ ਦੌਰਾਨ ਸਰਕਾਰੀ ਤਸ਼ੱਦਦ ਅਤੇ ਮਨੁੱਖੀ ਹੱਕਾਂ ਦੇ ਘਾਣ ਦਾ ਸ਼ਿਕਾਰ ਹੋ ਕੇ ਦਰਿਆਵਾਂ ਵਿੱਚ ਵਹਾਈਆਂ ਗਈਆਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਕਰਵਾਈ ਗਈ ਵਿਸ਼ੇਸ਼ ਅਰਦਾਸ ਸਭਾ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਭਾਰੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਸਾਹਿਬ ਨੇ ਜਿੱਥੇ ਉਸ ਵੇਲੇ ਦੀ ਹਕੂਮਤ ਅਤੇ ਪੁਲਿਸ ਦੇ ਜ਼ੁਲਮਾਂ ਦੀ ਦਾਸਤਾਨ ਬਿਆਨ ਕੀਤੀ, ਉੱਥੇ ਹੀ ਕਈ ਅਹਿਮ ਐਲਾਨ ਵੀ ਕੀਤੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਵੁਕ ਹੁੰਦਿਆਂ ਐਲਾਨ ਕੀਤਾ ਕਿ ਜਿਸ ਹਰੀ ਕੇ ਪੱਤਣ ਦੇ ਪਾਣੀਆਂ ਵਿੱਚ ਸਾਡੇ ਨਿਰਦੋਸ਼ ਪੁੱਤਾਂ ਨੂੰ ਵਹਾਇਆ ਗਿਆ, ਅੱਜ ਤੋਂ ਬਾਅਦ ਉਸ ਸਥਾਨ ਨੂੰ ‘ਸ਼ਹੀਦੀ ਪੱਤਣ’ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਮੌਕੇ 'ਤੇ ਮੌਜੂਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਦਿੱਤਾ ਕਿ ਸਮੁੱਚੇ ਪੰਥ ਦੇ ਸਹਿਯੋਗ ਨਾਲ ਇਸ ਸਥਾਨ 'ਤੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਸ਼ਾਨਦਾਰ ਯਾਦਗਾਰ ਸਥਾਪਿਤ ਕੀਤੀ ਜਾਵੇ, ਕਿਉਂਕਿ ਸ਼ਹੀਦ ਹੀ ਕੌਮ ਦਾ ਅਸਲ ਸਰਮਾਇਆ ਹੁੰਦੇ ਹਨ।
ਆਪਣੇ ਸੰਬੋਧਨ ਵਿੱਚ ਜਥੇਦਾਰ ਨੇ ਕਿਹਾ, "ਸਾਡੇ ਸੂਬੇ ਦਾ ਨਾਮ ਪੰਜ ਦਰਿਆਵਾਂ ਦੇ ਨਾਮ 'ਤੇ 'ਪੰਜਾਬ' ਪਿਆ ਹੈ। ਪਰ 90ਵੇਂ ਦੇ ਦਹਾਕੇ ਵਿੱਚ, ਜਿਨ੍ਹਾਂ ਦਰਿਆਵਾਂ ਨੇ ਸਾਨੂੰ ਜੀਵਨ ਦੇਣਾ ਸੀ, ਉਸ ਵੇਲੇ ਦੀ ਹਕੂਮਤ ਅਤੇ ਕੇ. ਪੀ. ਐੱਸ. ਗਿੱਲ ਤੇ ਅਜੀਤ ਸਿੰਘ ਸੰਧੂ ਵਰਗੇ ਪੁਲਿਸ ਅਫ਼ਸਰਾਂ ਨੇ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ ਮਾਵਾਂ ਦੇ ਪੁੱਤਾਂ ਨੂੰ ਇਨ੍ਹਾਂ (ਦਰਿਆਵਾਂ) ਵਿੱਚ ਰੋੜ ਦਿੱਤਾ।" ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਨਾਲ ਕੋਈ ਵੈਰ ਨਹੀਂ ਹੁੰਦਾ ਅਤੇ ਸਸਕਾਰ ਕਰਨਾ ਪਰਿਵਾਰ ਦਾ ਆਖਰੀ ਹੱਕ ਹੁੰਦਾ ਹੈ, ਪਰ ਹਾਕਮਾਂ ਨੇ ਸਾਡਾ ਉਹ ਹੱਕ ਵੀ ਖੋਹ ਲਿਆ ਅਤੇ ਨੌਜਵਾਨਾਂ ਦੇ ਟੁਕੜੇ-ਟੁਕੜੇ ਕਰਕੇ ਦਰਿਆਵਾਂ ਵਿੱਚ ਵਹਾ ਦਿੱਤਾ।
ਜਥੇਦਾਰ ਨੇ ਸਪੱਸ਼ਟ ਕੀਤਾ ਕਿ ਇਹ ਲੜਾਈ ਕਿਸੇ ਵਿਸ਼ੇਸ਼ ਧਰਮ ਦੀ ਨਹੀਂ ਬਲਕਿ ਮਨੁੱਖੀ ਹੱਕਾਂ ਦੀ ਹੈ। ਉਨ੍ਹਾਂ ਦੱਸਿਆ ਕਿ ਦਰਿਆਵਾਂ ਵਿੱਚ ਵਹਾਏ ਗਏ ਪੰਜਾਬ ਦੇ ਪੁੱਤਾਂ ਵਿੱਚ ਤਰਨਤਾਰਨ ਦਾ ਇੱਕ ਹਿੰਦੂ ਨੌਜਵਾਨ ਗੁਲਸ਼ਨ ਕੁਮਾਰ ਵੀ ਸ਼ਾਮਲ ਸੀ। ਉਨ੍ਹਾਂ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਨੂੰ ਸਜਦਾ ਕਰਦਿਆਂ ਕਿਹਾ ਕਿ ਜਦੋਂ ਭਾਈ ਖਾਲੜਾ ਨੇ ਸ਼ਮਸ਼ਾਨਘਾਟਾਂ ਵਿੱਚ ਲਾਵਾਰਸ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਭਿਆਨਕ ਅੰਕੜੇ ਜਨਤਕ ਕੀਤੇ, ਤਾਂ ਹਕੂਮਤ ਨੇ ਉਨ੍ਹਾਂ ਨੂੰ ਵੀ ਅਗਵਾ ਕਰਕੇ ਦਰਿਆ ਵਿੱਚ ਰੋੜ ਦਿੱਤਾ। ਉਨ੍ਹਾਂ ਗਰਜਦਿਆਂ ਕਿਹਾ, "ਸਾਡੀ ਕੌਮ ਦਾ ਕੋਈ ਵੀ ਸ਼ਹੀਦ ਲਾਵਾਰਸ ਨਹੀਂ ਹੈ, ਸਮੁੱਚਾ ਖਾਲਸਾ ਪੰਥ ਆਪਣੇ ਸ਼ਹੀਦਾਂ ਦਾ ਵਾਰਸ ਹੈ।"
ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਲ 1982 ਤੋਂ ਲੈ ਕੇ 1993-94 ਤੱਕ ਜਿੰਨੇ ਵੀ ਨੌਜਵਾਨ ਸ਼ਹੀਦ ਕੀਤੇ ਗਏ, ਲਾਵਾਰਸ ਕਹਿ ਕੇ ਸਾੜੇ ਗਏ ਜਾਂ ਦਰਿਆਵਾਂ ਵਿੱਚ ਰੋੜੇ ਗਏ, ਉਨ੍ਹਾਂ ਸਾਰਿਆਂ ਦੇ ਅੰਕੜੇ ਇਕੱਠੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਰੋਮਣੀ ਕਮੇਟੀ ਰਾਹੀਂ ਇੱਕ ਇਤਿਹਾਸਕ ਦਸਤਾਵੇਜ਼ ਤਿਆਰ ਕਰਵਾ ਕੇ ਹਮੇਸ਼ਾ ਲਈ ਸਾਂਭਿਆ ਜਾਵੇਗਾ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ ਦੇ ਦੋਹਰੇ ਕਾਨੂੰਨ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿੱਥੇ ਸਾਡੇ ਬੰਦੀ ਸਿੰਘਾਂ ਨੂੰ ਦਹਾਕਿਆਂ ਬੱਧੀ ਸਜ਼ਾਵਾਂ ਕੱਟਣ ਦੇ ਬਾਵਜੂਦ ਪੈਰੋਲ ਤੱਕ ਨਹੀਂ ਮਿਲ ਰਹੀ, ਉੱਥੇ ਹੀ ਮਨੁੱਖਤਾ ਦਾ ਘਾਣ ਕਰਨ ਵਾਲੇ ਪੁਲਿਸ ਅਧਿਕਾਰੀਆਂ (ਜਿਵੇਂ ਜਸਪਾਲ ਸਿੰਘ) ਨੂੰ ਜੇਲ੍ਹਾਂ ਵਿੱਚੋਂ ਬਾਹਰ ਕੱਢ ਕੇ ਕੋਠੀਆਂ ਵਿੱਚ ਐਸ਼ ਕਰਵਾਈ ਜਾ ਰਹੀ ਹੈ। ਉਨ੍ਹਾਂ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਕਿ ਪੰਥ ਸਭ ਕੁਝ ਦੇਖ ਰਿਹਾ ਹੈ ਅਤੇ ਸਾਨੂੰ ਇਨ੍ਹਾਂ ਸਾਜ਼ਿਸ਼ਾਂ ਨੂੰ ਸਮਝਣਾ ਪਵੇਗਾ।
ਇਸ ਮੌਕੇ ਖਾਲੜਾ ਮਿਸ਼ਨ ਦੇ ਮੁੱਖ ਗਵਾਹ ਰਾਜੀਵ ਸਿੰਘ ਰੰਧਾਵਾ, ਬੀਬੀ ਕਵਲਜੀਤ ਕੌਰ (ਪਤਨੀ ਸ਼ਹੀਦ ਕੁਲਦੀਪ ਸਿੰਘ ਬਚੜੇ), ਬੀਬੀ ਲਖਵਿੰਦਰ ਕੌਰ (ਪਤਨੀ ਕਿਰਪਾਲ ਸਿੰਘ ਰੰਧਾਵਾ), ਕੁਲਵੰਤ ਸਿੰਘ ਜਾਮਾਰਾਏ, ਐਡਵੋਕੇਟ ਸੁਰਿੰਦਰ ਪਾਲ ਸਿੰਘ ਘਰਿਆਲਾ, ਭਾਈ ਬਲਵਿੰਦਰ ਸਿੰਘ ਝਬਾਲ, ਭਾਈ ਸਤਨਾਮ ਸਿੰਘ ਅੰਮੀਸ਼ਾਹ ਅਤੇ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਅਖੀਰ ਵਿੱਚ ਜਥੇਦਾਰ ਸਾਹਿਬ ਨੇ ਨੌਜਵਾਨੀ ਨੂੰ ਭਾਵੁਕਤਾ ਦੇ ਨਾਲ-ਨਾਲ ਵਿਵੇਕ ਬੁੱਧੀ ਵਰਤਣ ਅਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲੜ ਲੱਗੇ ਰਹਿਣ ਦੀ ਅਪੀਲ ਕੀਤੀ।
- Download Babushahi App
-
-