ਪੰਜਾਬ ਭਾਜਪਾ ਨੂੰ ਵੱਡਾ ਝਟਕਾ; ਸਾਬਕਾ IAS ਤੇ ਸੂਬਾ ਜਨਰਲ ਸੈਕਟਰੀ ਨੇ ਅਹੁਦਾ ਛੱਡਣ ਦਾ ਕੀਤਾ ਐਲਾਨ
Babushahi Network
ਚੰਡੀਗੜ੍ਹ, 7 ਜੂਨ 2026: ਪੰਜਾਬ ਭਾਜਪਾ ਦੇ ਸੰਗਠਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂ, ਸਾਬਕਾ ਆਈ.ਏ.ਐਸ. (IAS) ਅਧਿਕਾਰੀ ਅਤੇ ਪੰਜਾਬ ਭਾਜਪਾ ਦੇ ਸੂਬਾ ਜਨਰਲ ਸੈਕਟਰੀ (State General Secretary) ਜਗਮੋਹਨ ਰਾਜੂ ਨੇ ਪਾਰਟੀ ਹਾਈਕਮਾਂਡ ਅੱਗੇ ਸੰਗਠਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਅਹੁਦਿਆਂ ਤੋਂ ਮੁਕਤ ਕੀਤੇ ਜਾਣ ਦੀ ਇੱਛਾ ਜ਼ਾਹਿਰ ਕਰਦਿਆਂ, ਅਹੁਦਾ ਛੱਡਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੰਗਠਨ ਵਿੱਚ ਕੋਈ ਵੀ ਅਹੁਦਾ ਨਹੀਂ ਲੈਣਾ ਚਾਹੁੰਦੇ, ਤਾਂ ਜੋ ਉਹ ਆਪਣਾ ਪੂਰਾ ਸਮਾਂ ਅਤੇ ਊਰਜਾ ਪੰਜਾਬ ਨਾਲ ਜੁੜੇ ਅਹਿਮ ਸਰੋਕਾਰਾਂ 'ਤੇ ਲਗਾ ਸਕਣ।
ਜਗਮੋਹਨ ਰਾਜੂ ਨੇ ਇਸ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਉਹ ਪੰਜਾਬ ਅਤੇ ਦੇਸ਼ ਦੇ ਕਈ ਅਜਿਹੇ ਗੰਭੀਰ ਮੁੱਦਿਆਂ 'ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਉੱਤੇ ਲੰਬੇ ਸਮੇਂ ਤੱਕ ਨਿਰੰਤਰ ਅਤੇ ਡੂੰਘਾਈ ਨਾਲ ਕੰਮ ਕਰਨ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ, "ਮੈਨੂੰ ਫਿਲਹਾਲ ਸੰਗਠਨਾਤਮਕ ਜ਼ਿੰਮੇਵਾਰੀ ਤੋਂ ਮੁਕਤ ਰੱਖਿਆ ਜਾਵੇ ਤਾਂ ਜੋ ਮੈਂ ਇਨ੍ਹਾਂ ਜੁੜੇ ਹੋਏ ਮੁੱਦਿਆਂ ਉੱਤੇ ਹੋਰ ਵੱਧ ਸਮਾਂ ਅਤੇ ਪੂਰੀ ਐਨਰਜੀ ਲਗਾ ਕੇ ਕੰਮ ਕਰ ਸਕਾਂ ਅਤੇ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹ ਸਕਾਂ।"
ਕਾਬਿਲੇਗੌਰ ਹੈ ਕਿ ਜਗਮੋਹਨ ਰਾਜੂ ਪਹਿਲਾਂ ਵੀ ਪੰਜਾਬ ਦੀ ਭਲਾਈ ਅਤੇ ਹੱਕਾਂ ਨਾਲ ਜੁੜੇ ਮੁੱਦੇ ਲਗਾਤਾਰ ਚੁੱਕਦੇ ਰਹੇ ਹਨ। ਉਨ੍ਹਾਂ ਨੇ ਜਿਨ੍ਹਾਂ ਮੁੱਖ ਵਿਸ਼ਿਆਂ 'ਤੇ ਵਿਸ਼ੇਸ਼ ਤੌਰ 'ਤੇ ਕੰਮ ਕਰਨ ਦੀ ਗੱਲ ਕਹੀ ਹੈ, ਉਨ੍ਹਾਂ ਵਿੱਚ ਗਰੀਬ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ, ਅਨੁਸੂਚਿਤ ਜਾਤੀਆਂ (SC) ਅਤੇ ਸਿੱਖਾਂ ਦੇ ਸੰਵਿਧਾਨਕ ਹੱਕ, ਪੰਜਾਬ ਵਿੱਚ ਚੱਲ ਰਿਹਾ ਧਰਮ ਪਰਿਵਰਤਨ ਅਤੇ ਨਸ਼ਿਆਂ ਦਾ ਗੰਭੀਰ ਸੰਕਟ, ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ, ਦਰਿਆਈ ਪਾਣੀ ਅਤੇ ਸੂਬੇ ਦੀ ਰਾਜਧਾਨੀ ਦਾ ਮੁੱਦਾ, ਅੰਮ੍ਰਿਤਸਰ ਸਣੇ ਪੰਜਾਬ ਦੇ ਹੋਰ ਇਤਿਹਾਸਕ ਤੇ ਰਾਸ਼ਟਰੀ ਮਹੱਤਤਾ ਵਾਲੇ ਵਿਰਾਸਤੀ ਮੁੱਦੇ ਸ਼ਾਮਲ ਹਨ।
ਇੱਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਲੰਬਾ ਤਜ਼ਰਬਾ ਰੱਖਣ ਵਾਲੇ ਜਗਮੋਹਨ ਰਾਜੂ ਦੇ ਇਸ ਫੈਸਲੇ ਨੇ ਪੰਜਾਬ ਭਾਜਪਾ ਦੇ ਅੰਦਰੂਨੀ ਹਲਕਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਲੀਡਰਸ਼ਿਪ ਉਨ੍ਹਾਂ ਦੀ ਇਸ ਅਪੀਲ 'ਤੇ ਕੀ ਫੈਸਲਾ ਲੈਂਦੀ ਹੈ।
- Download Babushahi App
-
-