ਮਹਿੰਗਾਈ, ਬੇਰੁਜ਼ਗਾਰੀ ਤੇ ਪੇਪਰ ਲੀਕ ਵਰਗੇ ਜਨਤਕ ਮੁੱਦਿਆਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ
ਅਸ਼ੋਕ ਵਰਮਾ
ਮਾਨਸਾ, 18 ਮਈ 2026: ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਆਰ ਐਮ ਪੀ ਆਈ ਵਲੋਂ ਸਾਂਝੇ ਤੌਰ 'ਤੇ ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਇਥੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਇੰਨਾਂ ਪਾਰਟੀਆਂ ਦੇ ਵਰਕਰਾਂ ਵਲੋਂ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਪੇਪਰ ਲੀਕ ਵਰਗੇ ਮੁੱਦਿਆਂ ਨੂੰ ਲੈ ਕੇ ਰੋਸ ਧਰਨਾ ਦਿੱਤੇ ਅਤੇ ਦੇਸ਼ ਨੂੰ ਹਰ ਪੱਖੋਂ ਗੰਭੀਰ ਸੰਕਟ ਵਿੱਚ ਧੱਕਣ ਲਈ ਜ਼ਿੰਮੇਵਾਰ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਰੋਸ ਵਿਖਾਵੇ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਆਰ ਐਮ ਪੀ ਆਈ ਵਲੋਂ ਕਾਮਰੇਡ ਸੁਰਿੰਦਰ ਪਾਲ ਸ਼ਰਮਾ, ਜਸਬੀਰ ਕੌਰ ਨੱਤ, ਅਮਰੀਕ ਸਿੰਘ ਫਫੜੇ, ਬਲਵਿੰਦਰ ਸਿੰਘ ਘਰਾਂਗਣਾ, ਕਰਨੈਲ ਸਿੰਘ ਮਾਨਸਾ, ਬੱਲਮ ਸਿੰਘ ਫਫੜੇ, ਗਿੰਦਰ ਸਿੰਘ, ਦੀਵਾਨ ਸਿੰਘ ਅਹਿਮਦਪੁਰ, ਗਗਨਦੀਪ ਸਿਰਸੀਵਾਲਾ, ਸੁਖਚਰਨ ਸਿੰਘ ਦਾਨੇਵਾਲਾ ਅਤੇ ਗੁਰਮੀਤ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ। ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ ਦੇ ਇੰਚਾਰਜ ਕਾਮਰੇਡ ਪ੍ਰਸ਼ੋਤਮ ਸ਼ਰਮਾ ਇਸ ਧਰਨੇ ਵਿੱਚ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਬੁਲਾਰਿਆਂ ਨੇ ਕਿਹਾ ਕਿ ਜਦੋਂ ਤੇਲ ਤੇ ਗੈਸ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਵਿੱਚ ਬਹੁਤ ਹੇਠਾਂ ਆਈਆਂ ਹੋਈਆਂ ਸਨ, ਤਾਂ ਉਸ ਦਾ ਫਾਇਦਾ ਆਮ ਜਨਤਾ ਨੂੰ ਦੇਣ ਦੀ ਬਜਾਏ, ਮੋਦੀ ਸਰਕਾਰ ਦੀ ਹਿੱਸਾ ਪਤੀ ਨਾਲ ਇੰਨਾਂ ਦੇ ਰੇਟ ਉੱਚੇ ਹੀ ਬਣਾਈ ਰੱਖੇ ਗਏ , ਪਰ ਹੁਣ ਜਦ ਇਰਾਨ ਜੰਗ ਤੇ ਹਾਰਮੂਜ਼ ਸਟ੍ਰੇਟ ਬੰਦ ਹੋਣ ਕਾਰਨ ਕੌਮਾਂਤਰੀ ਪੱਧਰ 'ਤੇ ਕੀਮਤਾਂ ਵੱਧੀਆਂ ਤਾਂ ਪੰਜ ਸੂਬਿਆਂ ਦੀਆਂ ਵਿਧਾਨ ਸਭਾਈ ਚੋਣਾਂ ਖ਼ਤਮ ਹੋਣ ਸਾਰ ਸਰਕਾਰ ਵਲੋਂ ਇੰਨਾਂ ਦੀਆਂ ਕੀਮਤਾਂ ਨੂੰ ਕਿਸ਼ਤਾਂ ਵਿੱਚ ਵਧਾਇਆ ਜਾ ਰਿਹਾ ਹੈ। ਤੇਲ ਕੀਮਤਾਂ ਵਧਣ ਨਾਲ ਹਰ ਖੇਤਰ ਵਿੱਚ ਮਹਿੰਗਾਈ ਤੇਜ਼ੀ ਨਾਲ ਵੱਧ ਰਹੀ ਹੈ। ਪਰ ਅਪਣੀਆਂ ਉਜ਼ਰਤਾਂ ਵਿੱਚ ਵਾਧੇ ਦੀ ਮੰਗ ਨੂੰ ਲੈਕੇ ਹੜਤਾਲਾਂ ਕਰਨ ਵਾਲੇ ਉਦਯੋਗਿਕ ਮਜ਼ਦੂਰਾਂ ਨੂੰ ਵਿਦੇਸ਼ੀ ਸ਼ਹਿ ਤੇ ਅੰਦੋਲਨ ਕਰਦੇ ਦਸ ਕੇ ਕੁਚਲਿਆ ਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਐਸ ਕੇ ਐਮ ਦੇ ਸੱਦੇ 'ਤੇ ਚੰਡੀਗੜ੍ਹ ਰਾਜਪਾਲ ਨੂੰ ਮਿਲਣ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਅਪਣੀ ਰਾਜਧਾਨੀ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਲਾਠੀਚਾਰਜ, ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋ ਕੀਤੀ ਜਾਂਦੀ ਹੈ। ਹਰ ਸਾਲ ਕਈ ਅਹਿਮ ਪੇਪਰ ਲੀਕ ਕਰਵਾ ਕੇ ਨਵੀਆਂ ਭਰਦੀਆਂ ਨੂੰ ਟਾਲਣ ਦੀ ਤਰਜ਼ 'ਤੇ ਹੁਣ ਨੀਟ ਦਾ ਪੇਪਰ ਲੀਕ ਕਰਵਾ ਕੇ 20 ਲੱਖ ਤੋਂ ਵੱਧ ਨੌਜਵਾਨਾਂ ਦੀ ਤਿਆਰੀ ਅਤੇ ਸਖ਼ਤ ਮਿਹਨਤ ਉਤੇ ਬੇਕਿਰਕੀ ਨਾਲ ਪਾਣੀ ਫੇਰ ਦਿੱਤਾ ਗਿਆ ਹੈ। ਇੰਝ ਚਾਹੇ ਬੀਜੇਪੀ ਤੇ ਮੋਦੀ ਸਰਕਾਰ ਐਸ ਆਈ ਆਰ, ਫਿਰਕੂ ਧਰੁਵੀਕਰਨ ਅਤੇ ਈਵੀਐਮ ਦੇ ਬਲ 'ਤੇ ਚੋਣਾਂ ਜਿੱਤ ਰਹੀ ਹੈ, ਪਰ ਆਮ ਜਨਤਾ ਵਿੱਚ ਉਸ ਦੀਆਂ ਨੀਤੀਆਂ ਤੇ ਮਾੜੀ ਕਾਰਗੁਜ਼ਾਰੀ ਖਿਲਾਫ ਗੁੱਸਾ ਲਗਾਤਾਰ ਵੱਧ ਰਿਹਾ ਹੈ। ਅੱਜ ਜਾਂ ਕੱਲ ਜਨਤਾ ਨੂੰ ਇੰਨਾਂ ਨੀਤੀਆਂ ਅਤੇ ਮੋਦੀ ਦੀ ਸੰਵਿਧਾਨਕ ਤਾਨਾਸ਼ਾਹੀ ਖ਼ਿਲਾਫ਼ ਸੜਕਾਂ ਉਤੇ ਨਿੱਤਰਨਾ ਹੀ ਪਵੇਗਾ।
ਕਮਿਉਨਿਸਟ ਆਗੂਆਂ ਨੇ ਐਲਾਨ ਕੀਤਾ ਕਿ ਇੰਨਾਂ ਸੁਆਲਾਂ ਤੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੀਆਂ ਪਾਰਟੀਆਂ ਨੇ 19 ਤੋਂ 28 ਮਈ ਤੱਕ "ਲੋਕਾਂ ਕੋਲ ਚੱਲੋ' ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਐਸਆਈਆਰ ਦੇ ਨਾਂ 'ਤੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਵੀ ਗਰੀਬਾਂ ਅਤੇ ਮਜ਼ਦੂਰਾਂ ਦੀਆਂ ਲੱਖਾਂ ਵੋਟਾਂ ਕੱਟਣ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ 7 ਜੂਨ ਨੂੰ ਲੁਧਿਆਣਾ ਵਿਖੇ ਵਿਸ਼ਾਲ 'ਜਨ ਸੁਣਵਾਈ' ਵੀ ਜਥੇਬੰਦ ਕੀਤੀ ਜਾਵੇਗੀ।
- Download Babushahi App
-
-