ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ਤੇ ਕੰਟਰੈਕਟਰ ਕਰਮਚਾਰੀਆਂ ਦੇ ਪੱਕੇ ਧਰਨੇ ਦਾ ਅੱਜ ਚੌਥਾ ਦਿਨ
ਮਨਪ੍ਰੀਤ ਸਿੰਘ
ਰੂਪਨਗਰ 18 ਮਈ:
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਦੇ ਕੰਟਰੈਕਟਰ ਕਰਮਚਾਰੀਆਂ ਵੱਲੋਂ ਲਗਾਇਆ ਗਿਆ ਪੱਕਾ ਧਰਨਾ ਅੱਜ ਚੌਥੇ ਦਿਨ ਵਿੱਚ ਦਾਖਿਲ ਹੋ ਗਿਆ ਹੈ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਅੱਜ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜਬਾਗ ਦਿਖਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਜਿੱਥੇ ਮੁਲਾਜ਼ਮ ਵਰਗ ਡੀਏ ਦੀਆਂ ਕਿਸ਼ਤਾਂ ਹਾਸਲ ਕਰ ਲਈ ਮਾਨਯੋਗ ਅਦਾਲਤਾਂ ਵਿੱਚ ਪਹੁੰਚ ਕਰ ਰਹੇ ਹਨ, ਉੱਥੇ ਹੀ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਤੇ ਐਮਐਸਪੀ ਦੇਣਾ, ਪੈਨਸ਼ਨਰਾਂ ਦੀ ਪੈਨਸ਼ਨ ਵਿੱਚ 2.59 ਦੇ ਗੁਣਾਕ ਅਨੁਸਾਰ ਵਾਧਾ ਕਰਨਾ ਅਤੇ ਹੋਰ ਵੀ ਕਈ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਮਜ਼ਦੂਰ ਵਰਗ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਵੀ ਮਾਮੂਲੀ ਵਾਧਾ ਦਿੱਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਪਿਛਲੇ 30-35 ਸਾਲਾਂ ਤੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਲਗਾਤਾਰ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਿੱਧਾ ਅਦਾਰੇ ਅਧੀਨ ਸਮਾਉਣ ਸਬੰਧੀ ਵੀ ਪੰਜਾਬ ਸਰਕਾਰ ਵੱਲੋਂ ਵਿਤਕਰਾ ਕੀਤਾ ਗਿਆ ਹੈ। ਉਹਨਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਪੂਰਾ ਕਰਨ ਦੇ ਨਾਲ ਹੀ ਥਰਮਲ ਪਲਾਂਟ ਰੂਪ ਨਗਰ ਦੇ ਕੰਟਰੈਕਟਰ ਕਰਮਚਾਰੀਆਂ ਨੂੰ ਸਿੱਧਾ ਮਹਿਕਮੇ ਦੇ ਰੋਲ ਤੇ ਲਿਆ ਜਾਵੇ। ਅੱਜ ਦੇ ਇਸ ਪੱਕੇ ਧਰਨੇ ਨੂੰ ਮਹਿੰਦਰ ਸਿੰਘ, ਰਜਿੰਦਰ ਸਿੰਘ, ਅਮਰਜੀਤ ਸਿੰਘ, ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਕੇਵਲ ਸਿੰਘ, ਅਮਰਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।
- Download Babushahi App
-
-