Political Special ਨਿਗਮ ਚੋਣਾਂ: ਮੱਥੇ ਆਣ ਲੱਗਣ ਜਿਹੜੇ ਹੋਣ ਭੌਰ ਆਸ਼ਕ ਨਿਕਲ ਜਾਣ ਤਲਵਾਰ ਦੀ ਧਾਰ ਵਿੱਚੋਂ
ਅੱਤ ਦੀ ਗਰਮੀ ’ਚ ਅੰਬਰੀਂ ਚੜ੍ਹੀ ਚੋਣ ਅਖਾੜੇ ਦੀ ਸਿਆਸੀ ਧੂੜ
ਅਸ਼ੋਕ ਵਰਮਾ
ਬਠਿੰਡਾ, 16 ਮਈ 2026 : ਨਗਰ ਨਿਗਮ ਦੇ ਜਰਨਲ ਹਾਊਸ ਦਾ ਗਠਨ ਕਰਨ ਲਈ ਕਰਵਾਈ ਜਾ ਰਹੀ ਚੋਣ ਨੂੰ ਲੈਕੇ ਬੇਸ਼ੱਕ 26 ਮਈ ਨੂੰ ਵੋਟਾਂ ਪੈਣਗੀਆਂ ਪਰ ਸਿਆਸੀ ਪੱਖ ਤੋਂ ਅਹਿਮ ਮੰਨੇ ਜਾਂਦੇ ਬਠਿੰਡਾ ਹਲਕੇ ਵਿਚ ਚੋਣ ਅਖਾੜੇ ਦੀ ਧੂੜ ਅਗੇਤਿਆਂ ਹੀ ਅਸਮਾਨੀ ਚੜ੍ਹਨ ਲੱਗੀ ਹੈ। ਅੱਜ ਨਾਮਜਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਸੀ ਜਿੰਨ੍ਹਾਂ ਦੀ ਜਾਂਚ ਤੋਂ ਬਾਅਦ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਬਾਕੀ ਹੈ ਪਰ ਉਮੀਦਵਾਰਾਂ ਨੇ ਚੋਣ ਪ੍ਰਚਾਰ ਲਈ ਵਹੀਰਾਂ ਘੱਤ ਦਿੱਤੀਆਂ ਹਨ। ਗਰਮੀ ’ਚ ਹੋਏ ਵਾਧੇ ਕਾਰਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਵੇਰ ਅਤੇ ਦੇਰ ਸ਼ਾਮ ਤੱਕ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਵੋਟਾਂ ਪੈਣ ’ਚ ਹਾਲੇ 10 ਦਿਨ ਬਾਕੀ ਹਨ ਪਰ ਤਾਪਮਾਨ ਹੁਣੇ ਤੋਂ ਰਿਕਾਰਡ ਤੋੜਨ ਲੱਗਿਆ ਹੈ। ਮੌਸਮ ਵਿਭਾਗ ਨੇ 17 ਮਈ ਤੋਂ ਬਾਅਦ ਗਰਮ ਹਵਾਵਾਂ ਅਤੇ ਲੂਅ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਦਰਜ ਕੀਤਾ ਗਿਆ ਜਦੋਂਕਿ ਘੱਟੋ ਘੱਟ ਤਾਪਮਾਨ 22 ਡਿਗਰੀ ਸੀ। ਮੌਸਮ ਵਿਗਿਆਨੀਆਂ ਅਨੁਸਾਰ ਅੱਜ ਤਾਪਮਾਨ 40 ਡਿਗਰੀ ਰਿਹਾ ਜਿਸ ਦੇ 17 ਮਈ ਨੂੰ 43 ਡਿਗਰੀ ਸੈਲਸ਼ੀਅਸ ਅਤੇ 18, 19 ਤੇ 20 ਮਈ ਨੂੰ 44 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਜਤਾਈ ਗਈ ਹੈ। ਗਰਮੀ ਕਾਰਨ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੌਰਾਨ ਤਰੇਲੀਆਂ ਆਉਣ ਲੱਗੀਆਂ ਹਨ। ਖਾਸ ਤੌਰ ’ਤੇ ਔਰਤ ਉਮੀਦਵਾਰਾਂ ਲਈ ਇਹ ਚੋਣ ਕਈ ਪੱਖਾਂ ਤੋਂ ਸੰਕਟ ਲਿਆਈ ਹੈ ਪਰ ਮਜਬੂਰੀ ਵੱਸ ਸਭ ਬਰਦਾਸ਼ਤ ਕਰਨਾ ਪੈ ਰਿਹਾ ਹੈ। ਆਉਂਦੇ ਦਿਨੀਂ ਚੋਣ ਪ੍ਰਚਾਰ ਦੇ ਕੀ ਰੰਗ ਬੱਝਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪਰ ਗਰਮੀ ਕਾਰਨ ਉਮੀਦਵਾਰਾਂ ਨੂੰ ਵੋਟਰਾਂ ਤੋਂ ਵੋਟਾਂ ਮੰਗਣ ਲਈ ਨੁੱਕੜ ਸਭਾਵਾਂ ਜਾਂ ਘਰੋ ਘਰੀਂ ਪੁੱਜ ਕੇ ਆਪਣੀ ਗੱਲ ਰੱਖਣੀ ਪੈ ਰਹੀ ਹੈ।
ਇੰਨ੍ਹਾਂ ਚੋਣਾਂ ਦੇ ਮਾਮਲੇ ’ਚ ਦਿਲਚਸਪ ਪੱਖ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਬਠਿੰਡਾ ’ਚ ਵਕਾਰ ਦਾਅ ’ਤੇ ਲੱਗਿਆ ਹੋਇਆ ਹੈ। ਖਾਸ ਤੌਰ ’ਤੇ ਟਿਕਟਾਂ ਦੀ ਵੰਡ ਦੌਰਾਨ ਹਲਕਾ ਵਿਧਾਇਕ ਜਗਰੂਪ ਗਿੱਲ ਨੂੰ ਨੁੱਕਰੇ ਲਾਉਣ ਕਾਰਨ ਇਹ ਸਿਆਸੀ ਲੜਾਈ ਇੱਕ ਨਾਜ਼ੁਕ ਮੋੜ ’ਤੇ ਪੁੱਜ ਗਈ ਹੈ। ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਲਈ ਇਹ ਚੋਣ ਜਿੱਤਣੀ ਮੁੱਛ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਇਹ ਚੋਣਾਂ ਹੀ ਬਠਿੰਡਾ ਹਲਕੇ ’ਚ 2027 ਦਾ ਰਾਹ ਖੋਹਲਣਗੀਆਂ। ਕਰੀਬ 4 ਸਾਲ ਰਹੀ ਡਿੱਕਡੋਲੇ ਖਾਂਦੀ ਸੱਤਾ ਕਾਰਨ ਕਾਂਗਰਸ ਪਾਰਟੀ ਲਈ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਸਿਆਸੀ ਦੰਗਲ ਵੱਡੀ ਚੁਣੌਤੀ ਹੈ ਜਦੋਂਕਿ ਹੋਰਨਾਂ ਪਾਰਟੀਆਂ ਚੋਂ ਸ਼੍ਰੋਮਣੀ ਅਕਾਲੀ ਦਲ ’ਚ ਸ਼ਮਲ ਹੋਏ ਨੇਤਾਵਾਂ ਅਤੇ ਟਕਸਾਲੀ ਆਗੂਆਂ ਵਿਚਕਾਰ ਸੁਰਾਂ ਨਾਂ ਮਿਲਣ ਦੀਆਂ ਚਿੰਤਾਜਨਕ ਖਬਰਾਂ ਦਰਮਿਆਨ ਤੱਕੜੀ ਲਈ ਲੜਾਈ ਹੋਂਦ ਬਚਾਉਣ ਦੀ ਬਣਦੀ ਦਿਖਾਈ ਦਿੰਦੀ ਹੈ।
ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 46 ਤੋਂ ਉਮੀਦਵਾਰ ਸਾਬਕਾ ਮੇਅਰ ਪਦਮਜੀਤ ਮਹਿਤਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਚੋਣ ਪਿੜ ਮਘਾਇਆ ਜਾ ਚੁੱਕਾ ਹੈ। ਉਮੀਦਵਾਰ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਅਮਰਜੀਤ ਮਹਿਤਾ ਨੇ ਚੋਣ ਮੁਹਿੰਮ ਦੀ ਕਮਾਨ ਸੰਭਾਲ ਲਈ ਹੈ। ਕਈ ਪਾਰਟੀਆਂ ਦੇ ਉਮੀਦਵਾਰ ਅਜਿਹੇ ਹਨ ਜਿੰਨ੍ਹਾਂ ਨੂੰ ਫਿਲਾਹਲ ਆਪਣੇ ਬਲਬੂਤੇ ਤੇ ਚੋਣ ਪ੍ਰਚਾਰ ’ਚ ਕੁੱਦਣਾ ਪਿਆ ਹੈ। ਹਾਲਾਂਕਿ ਭਾਜਪਾ ਉਮੀਦਵਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਨਾਮ ਦਾ ਸਹਾਰਾ ਹੈ ਪਰ ਹਾਲ ਦੀ ਘੜੀ ਉਨ੍ਹਾਂ ਨੇ ਸਥਾਨਕ ਆਗੂਆਂ ਸਹਾਰੇ ਮੁਹਿੰਮ ਵਿੱਢ ਦਿੱਤੀ ਹੈ। ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਹੁਣ ਜਲਦੀ ਉੱਠਣ ਲੱਗੇ ਹਨ ਅਤੇ ਪਾਠ ਪੂਜਾ ਕਰਨ ਮਗਰੋਂ ਵੋਟਰਾਂ ਦੇ ਘਰੋ ਘਰੀਂ ਜਾਣਾ ਸ਼ੁਰੂ ਕਰ ਦਿੱਤਾ ਹੈ। ਸਰੂਪ ਚੰਦ ਸਿੰਗਲਾ ਨੇ ਭਾਜਪਾ ਉਮੀਦਵਾਰਾਂ ਦਾ ਚੋਣ ਪ੍ਰਚਾਰ ਮਘਾਉਣ ਲਈ ਦਫਤਰਾਂ ਦੇ ਧੜਾ ਧੜ ਉਦਘਾਟਨ ਸ਼ੁਰੂ ਕਰ ਦਿੱਤੇ ਹਨ।
ਇਸੇ ਤਰਾਂ ਹੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਨੇ ਵੀ ਮੋਰਚਾ ਸੰਭਾਲਿਆ ਹੈ। ਕਈ ਦਿਨਾਂ ਦੀ ਜਕੋਤੱਕੀ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਨੇ ਵਾਰਡ ਨੰਬਰ 34 ਤੋਂ ਸੰਦੀਪ ਬਾਬੀ ਨੂੰ ਆਪਣਾ ਅਧਿਕਾਰਤ ਉਮੀਦਵਾਰ ਬਣਾ ਲਿਆ ਹੈ। ਜਿੱਤ ਦੀ ਚਿਣਗ ਦੌਰਾਨ ਆਪਣਾ ਸਬੰਧ ਸਿਆਸੀ ਪ੍ਰੀਵਾਰ ਨਾਲ ਹੋਣ ਕਰਕੇ ਰਾਜਨ ਗਰਗ ਦੀ ਭਾਸ਼ਣ ਕਲਾ ਚੰਗਾ ਰੰਗ ਦਿਖਾਉਣ ਵਾਲੀ ਜਾਪਦੀ ਹੈ। ਭਾਵੇਂ ਸਿੱਧੇ ਤੌਰ ਤੇ ਉਨ੍ਹਾਂ ਅਜਿਹਾ ਕੁੱਝ ਨਹੀਂ ਕਿਹਾ ਪਰ ਕਾਂਗਰਸੀ ਕੌਂਸਲਰਾਂ ਵੱਲੋਂ ਪਾਰਟੀ ਦੀ ਪਿੱਠ ’ਚ ਕਥਿਤ ਛੁਰਾ ਮਾਰਨ ਦਾ ਦਰਦ ਰਾਜਨ ਗਰਗ ਦੀ ਗੱਲਬਾਤ ’ਚ ਸਾਫ ਝਲਕਦਾ ਹੈ। ਉਹ ਵੋਟਰਾਂ ਨੂੰ ਆਖਦੇ ਹਨ ਕਿ ਬਠਿੰਡਾ ਲਈ ਕਾਂਗਰਸ ਪਾਰਟੀ ਦੀ ਵੱਡੀ ਦੇਣ ਹੈ ਇਸ ਲਈ ਹੁਣ ਕਾਂਗਰਸੀ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਰਾਜਨ ਗਰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਕਥਿਤ ਨਾਕਾਮੀਆਂ ਨੂੰ ਮੁੱਖ ਮੁੱਦਾ ਬਣਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਵੀ ਕੁੱਦਿਆ
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਤੇ ਬਰਾਬਰ ਦੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਆਗੂ ਦੱਸਦੇ ਹੈ ਕਿ ਇੰਨ੍ਹਾਂ ਨੇ ਹਮੇਸ਼ਾ ਹੀ ਲੋਕਾਂ ਨਾਲ ਧਰੋਹ ਕਮਾਇਆ ਹੈ ਇਸ ਲਈ ਲੋਕ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਅੱਗੇ ਆਉਣ। ਅਕਾਲੀ ਆਗੂ ਐਡਵੋਕੇਟ ਰਾਜਬਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬਠਿੰਡਾ ਦਾ ਜੋ ਵਿਕਾਸ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਇਆ ਹੈ ਉਸ ਦੀ ਕਿਧਰੇ ਮਿਸਾਲ ਨਹੀਂ ਹੈ। ਸ੍ਰੀ ਸਿੱਧੂ ਦੀ ਧਰਮਪਤਨੀ ਪਰਮਜੀਤ ਕੌਰ ਸਿੱਧੂ ਵੀ ਚੋਣ ਮੈਦਾਨ ਵਿੱਚ ਹਨ ਜਿੰਨ੍ਹਾਂ ਅੱਜ ਕਈ ਕਲੋਨੀਆਂ ’ਚ ਚੋਣ ਪ੍ਰਚਾਰ ਕੀਤਾ ਹੈ।
- Download Babushahi App
-
-