Earthquake Breaking - 5.9 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ: ਕਈ ਇਲਾਕੇ ਕੰਬੇ, 23 ਲੋਕ ਜ਼ਖਮੀ
ਬਾਬੂਸ਼ਾਹੀ ਬਿਊਰੋ
ਟੋਕੀਓ, 23 ਅਗਸਤ: ਐਤਵਾਰ ਸਵੇਰੇ ਜਾਪਾਨ ਦੀ ਰਾਜਧਾਨੀ ਟੋਕੀਓ ਅਤੇ ਇਸ ਦੇ ਪੂਰਬੀ ਖੇਤਰਾਂ ਵਿੱਚ 5.9 ਤੀਬਰਤਾ ਦੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਅਨੁਸਾਰ ਭੂਚਾਲ ਦਾ ਕੇਂਦਰ ਦੱਖਣੀ ਇਬਾਰਾਕੀ ਪ੍ਰੀਫੈਕਚਰ ਵਿੱਚ ਲਗਭਗ 70 ਕਿਲੋਮੀਟਰ ਦੀ ਡੂੰਘਾਈ 'ਤੇ ਸੀ, ਜਦੋਂ ਕਿ ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਇਸ ਦੀ ਤੀਬਰਤਾ 5.8 ਦਰਜ ਕੀਤੀ। ਅਧਿਕਾਰੀਆਂ ਵੱਲੋਂ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਜਤਾਇਆ ਗਿਆ ਹੈ।
ਅਧਿਕਾਰੀਆਂ ਅਨੁਸਾਰ ਭੂਚਾਲ ਕਾਰਨ ਚਾਰ ਪ੍ਰੀਫੈਕਚਰਾਂ ਵਿੱਚ ਕੁੱਲ 23 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸੈਤਾਮਾ ਵਿੱਚ 9, ਕਾਨਾਗਾਵਾ ਵਿੱਚ 9, ਚਿਬਾ ਵਿੱਚ 4 ਅਤੇ ਇਬਾਰਾਕੀ ਵਿੱਚ 1 ਵਿਅਕਤੀ ਜ਼ਖਮੀ ਹੋਇਆ ਹੈ। ਜ਼ਿਆਦਾਤਰ ਲੋਕ ਸੁੱਤੇ ਪਏ ਅਚਾਨਕ ਭੂਚਾਲ ਆਉਣ ਕਾਰਨ ਹੜਬੜਾਹਟ ਵਿੱਚ ਬਿਸਤਰੇ ਤੋਂ ਡਿੱਗਣ ਜਾਂ ਫਰਨੀਚਰ ਅਤੇ ਦਰਵਾਜ਼ਿਆਂ ਨਾਲ ਟਕਰਾਉਣ ਕਰਕੇ ਜ਼ਖਮੀ ਹੋਏ। ਹਾਲਾਂਕਿ ਖੇਤਰ ਵਿੱਚ ਫਿਲਹਾਲ ਕਿਸੇ ਵੱਡੇ ਨੁਕਸਾਨ ਦੀ ਖ਼ਬਰ ਨਹੀਂ ਹੈ।
- Download Babushahi App
-
-