Crime Special ਵਾਇਰਲ ਵੀਡੀਓ ’ਚ ਦਿਖਾਈ ਦਿੱਤਾ ਚਿੱਟਾ ਤੋਲਦਾ ਕੰਡਾ ਤਾਂ ਚੱਲਿਆ ਪੁਲਿਸ ਦਾ ਕਾਨੂੰਨੀ ਡੰਡਾ
ਅਸ਼ੋਕ ਵਰਮਾ
ਬਠਿੰਡਾ , 4 ਅਗਸਤ 2026 : ਥਾਣਾ ਕੋਤਵਾਲੀ ਅਧੀਨ ਆਉਂਦੇ ਮੁਹੱਲਾ ਕਿੱਕਰ ਦਾਸ ’ਚ ਸਥਿਤ ਫੌਜੀ ਜੰਗੀਰ ਸਿੰਘ ਵਾਲੀ ਗਲੀ ’ਚ ਸ਼ਰੇਆਮ ਚਿੱਟਾ ਵੇਚਣ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਹੱਥਾਂ ਪੈਰਾਂ ’ਚ ਆਈ ਪੁਲਿਸ ਨੇ ਤਸਕਰ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਪੁਲਿਸ ਅਧਿਕਾਰੀਆਂ ਤੱਕ ਪਹੁੰਚਦਿਆਂ ਹੀ ਦੇਰ ਰਾਤ ਨੂੰ ਥਾਣਾ ਕੋਤਵਾਲੀ ਪੁਲਿਸ ਨੂੰ ਇਹ ਕਾਰਵਾਈ ਕਰਨੀ ਪਈ ਹੈ। ਮੁਲਾਜਮ ਔਰਤ ਦੀ ਪਛਾਣ ਸੰਤੋਸ਼ ਰਾਣੀ (55) ਵਜੋਂ ਕੀਤੀ ਗਈ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਸੰਤੋਸ਼ ਰਾਣੀ ਨੂੰ ਅਦਾਲਤ ’ਚ ਪੇਸ਼ ਕੀਤਾ ਸੀ ਜਿੱਥੋਂ ਉਸ ਨੂੰ ਅਦਾਲਤੀ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ। ਵਾਇਰਲ ਵੀਡੀਓ ’ਚ ਸੰਤੋਸ਼ ਰਾਣੀ ਆਪਣੇ ਘਰ ਵਿੱਚ ਡਿਜ਼ੀਟਲ ਕੰਡਾ ਰੱਖਕੇ ਚਿੱਟੇ ਦੀ ਪੁੜੀ ਚੋਂ ਨਸ਼ਾ ਕੱਢਦੀ ਅਤੇ ਤੋਲਕੇ ਵੇਚਦੀ ਨਜ਼ਰ ਆ ਰਹੀ ਹੈ। ਉਸ ਵੱਲੋਂ ਦੋਨਾਂ ਹੱਥਾਂ ਨਾਲ ਨੋਟ ਗਿਣੇ ਜਾ ਰਹੇ ਹਨ।
ਵੀਡੀਓ ’ਚ ਕਮਰੇ ਦੇ ਬਾਹਰ ਅਤੇ ਅੰਦਰ ਨਸ਼ਾ ਖਰੀਦਣ ਲਈ ਆਏ ਲੋਕਾਂ ਦੀ ਲਾਈਨ ਲੱਗੀ ਵੀ ਦਿਖਾਈ ਦਿੰਦੀ ਹੈ। ਔਰਤ ਦੇ ਸਾਹਮਣੇ ਦੋ ਨੌਜਵਾਨ ਬੈਠੇ ਹਨ ਜੋ ਚਿੱਟਾ ਖਰੀਦਣ ਆਏ ਹਨ। ਔਰਤ ਉਨ੍ਹਾਂ ਨੂੰ ਕਹਿੰਦੀ ਹੈ ਕਿ ਪੈਸੇ ਘੱਟ ਹਨ , ਅੱਜ ਚਿੱਟਾ ਦੇ ਦਿੰਦੀ ਹਾਂ ਅੱਗੋ ਤੋਂ ਮੱਤ ਆਉਣਾ। ਇਸ ਦੌਰਾਨ ਦੋਵਾਂ ਹੱਥਾਂ ’ਚ 100-100 ਦੇ ਨੋਟ ਲਈ ਦੂਸਰਾ ਨੌਜਵਾਨ ਆਪਣੇ ਮੋਬਾਇਲ ਨਾਲ ਵੀਡੀਓ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦੋ ਦਿਨ ਪੁਰਾਣੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਸੰਤੋਸ਼ ਰਾਣੀ ਪਿਛਲੇ ਕਾਫੀ ਸਮੇਂ ਤੋਂ ਇਲਾਕੇ ’ਚ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਜੇਕਰ ਵੀਡੀਓ ਵਾਇਰਲ ਨਾਂ ਹੁੰਦੀ ਤਾਂ ਸ਼ਾਇਦ ਕੋਈ ਕਾਰਵਾਈ ਨਹੀਂ ਹੋਣੀ ਸੀ। ਕੁਝ ਗੁਆਢੀਆਂ ਨੇ ਦੱਸਿਆ ਕਿ ਸੰਤੋਸ਼ ਰਾਣੀ ਦੇ ਘਰ ਚਿੱਟਾ ਖਰੀਦਣ ਵਾਲਿਆਂ ਦਾ ਦਿਨ ਭਾਰ ਤਾਂਤਾ ਲੱਗਿਆ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਕਈ ਵਾਰ ਇਸ ਸਬੰਧ ਵਿੱਚ ਸ਼ਕਾਇਤਾਂ ਵੀ ਦਿੱਤੀਆਂ ਗਈਆਂ ਪਰ ਪੁਲਿਸ ਨੇ ਕਦੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ। ਨਿਰਾਸ਼ਤਾ ਭਰੇ ਲਹਿਜੇ ’ਚ ਲੋਕਾਂ ਨੇ ਸਵਾਲ ਕੀਤਾ ਕਿ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਕੇ ਨਸ਼ਾ ਤਸਕਰ ਫੜਨ ਦੇ ਦਾਅਵੇ ਕੀਤੇ ਜਾਂਦੇ ਹਨ, ਲੇਕਿਨ ਇਸ ਤਰਾਂ ਸ਼ਹਿਰ ਦੇ ਵਿਚਕਾਰ ਤਸਕਰ ਨੌਜਵਾਨਾਂ ਨੂੰ ਨਸ਼ਿਆਂ ’ਚ ਧੱਕਣ ਵਾਲੇ ਪੁਲਿਸ ਦੇ ਰੇਡਾਰ ’ਤੇ ਕਿਓਂ ਨਹੀਂ ਆਉਂਦੇ ਹਨ ? ਇਲਾਕੇ ’ਚ ਇਹ ਵੀ ਚਰਚਾ ਹੈ ਕਿ ਔਰਤ ਨੇ ਨਸ਼ੇ ਦੇ ਕਾਰੋਬਾਰ ਤੋਂ ਕਮਾਏ ਪੈਸਿਆਂ ਨਾਲ ਔਰਤ ਨੇ ਹਾਲ ਹੀ ਵਿੱਚ ਲੱਖਾਂ ਰੁਪਏ ਦਾ ਪਲਾਟ ਖਰੀਦਿਆ ਹੈ। ਪੁਲਿਸ ਨੇ ਹਾਲੇ ਤੱਕ ਇਸ ਦੀ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਪੂਰੇ ਨੈਟਵਰਕ ਅਤੇ ਇਸ ਧੰਦੇ ’ਚ ਔਰਤ ਨਾਲ ਜੁੜੇ ਲੋਕਾਂ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ ਹੈ।
ਡੂੰਘਾਈ ਨਾਲ ਜਾਂਚ : ਐਸਐਚਓ
ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਜਿਸ ਔਰਤ ਦੀ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਵੱਖ ਵੱਖ ਥਾਵਾਂ ’ਤੇ ਕਿਰਾਏ ਦਾ ਮਕਾਨ ਲੈਕੇ ਚਿੱਟਾ ਵੇਚਦੀ ਸੀ। ਉਨ੍ਹਾਂ ਦੱਸਿਆ ਕਿ ਔਰਤ ਦੇ ਸਾਥੀ ਅਕਾਸ਼ ਸਾਰਸਰ ਨੂੰ ਵੀ ਕਾਬੂ ਕੀਤਾ ਗਿਆ ਹੈ ਜੋ ਉਸ ਨੂੰ ਚਿੱਟਾ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਾਇਰਲ ਵੀਡੀਓ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਵਿੱਚ ਨਜ਼ਰ ਆ ਰਹੇ ਨੌਜਵਾਨਾਂ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ।
ਲੋਕ ਕਰਦੇ ਰਹਿੰਦੇ ਪਰਦਾਫਾਸ਼
ਪਿਛੋਕੜ ’ਚ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਲੋਕ ਨਸ਼ਾ ਤਸਕਰੀ ਦੇ ਮੋਮਲੇ ਸਾਹਮਣੇ ਲਿਆਉਂਦੇ ਰਹਿੰਦੇ ਹਨ। ਮੌੜ ਮੰਡੀ ’ਚ ਪਿੰਡ ਵਾਸੀਆਂ ਨੇ ‘ਚਿੱਟਾ ਵਿਕਦਾ ਹੈ ’ ਲਿਖ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਗ੍ਰਿਫਤਾਰ ਵੀ ਹੋਏ ਅਤੇ ਮਾਮਲਾ ਵੀ ਦਰਜ ਹੋਇਆ ਸੀ। ਇਸੇ ਤਰਾਂ ਹੀ ਸ਼ਹਿਰ ਦੇ ਸੀੜੀਆਂ ਵਾਲੇ ਮੁਹੱਲੇ ’ਚ ‘ਇੱਧਰ ਚਿੱਟਾ ਮਿਲਦਾ ਹੈ’ ਦੇ ਪੋਸਟਰ ਲਾਏ ਸਨ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਸੀ। ਇਹ ਦੋ ਮਿਸਾਲਾਂ ਹਨ ਹੋਰ ਵੀ ਕਈ ਮਾਮਲਿਆਂ ’ਚ ਲੋਕ ਤਸਕਰਾਂ ਦੇ ਭੇਦ ਖੋਹਲਣ ਲਈ ਅੱਗੇ ਆਏ ਸਨ।
ਪਿੰਡ ਵਿਕਾਊ ਕੀਤਾ ਸੀ
’ਚ ਨਸ਼ਾ ਤਸਕਰੀ ਤੋਂ ਅੱਕੇ ਬਠਿੰਡਾ ਜਿਲ੍ਹੇ ਦੇ ਪਿੰਡ ਭਾਈ ਬਖਤੌਰ ਦੇ ਇੱਕ ਸਮਾਜਸੇਵੀ ਨੌਜਵਾਨ ਨੇ ਕੰਧ ’ਤੇ ‘ਪਿੰਡ ਵਿਕਾਊ ਹੈ’ ਲਿਖ ਦਿੱਤਾ ਸੀ। ਨੌਜਵਾਨ ਨੇ ਲਾਈਵ ਹੋਕੇ ਕਿਹਾ ਸੀ ਕਿ ਪਿੰਡ ਦੀਆਂ ਧੀਆਂ ਭੈਣਾਂ , ਦੁਕਾਨਦਾਰ ਅਤੇ ਮਜ਼ਦੂਰ ਕਿਸਾਨ ਸੁਰੱਖਿਅਤ ਨਹੀਂ ਹਨ ਜਿਸ ਕਰਕੇ ਮਜਬੂਰੀ ਵੱਸ ਏਦਾਂ ਕਰਨਾ ਪਿਆ ਹੈ। ਇਹ ਵੀ ਕਿਹਾ ਸੀ ਕਿ ਭਾਈ ਬਖਤੌਰ ਦੇ ਦੋ ਤਿੰਨ ਜਣੇ ਨਸ਼ਾ ਵੇਚਦੇ ਹਨ ਜਿੰਨ੍ਹਾਂ ਨੂੰ ਪੁਲਿਸ ਹੱਥ ਨਹੀਂ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀ ਚਿੱਟਾ ਤਸਕਰਾਂ ਨੇ ਉਨ੍ਹਾਂ ਦੀ ਪੁਲਿਸ ਨਾਲ ਸੈਟਿੰਗ ਸਬੰਧੀ ਵੀ ਕਿਹਾ ਸੀ ਇਸ ਲਈ ਕੋਈ ਉਨ੍ਹਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ । ਉਦੋਂ ਇਸ ਨੌਜਵਾਨ ਨੇ ਅਜਿਹੇ ਮਾਮਲਿਆਂ ’ਚ ਸਖਤੀ ਕਰਨ ਵਾਲੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਸਿਫਤ ਵੀ ਕੀਤੀ ਸੀ।
- Download Babushahi App
-
-