ਅੰਮ੍ਰਿਤਸਰ ਪੁਲਿਸ ਵੱਲੋਂ, ISI ਨਾਲ ਸਬੰਧਤ ਦੋ ਅੱਤਵਾਦੀ ਮੋਡੀਊਲ ਬੇਨਕਾਬ; 9 ਗ੍ਰਿਫ਼ਤਾਰ,4 ਨਾਬਾਲਗ
ਰੇਲਵੇ ਟਰੈਕਾਂ 'ਤੇ CCTV ਲਗਾ ਕੇ ਪਾਕਿਸਤਾਨ ਭੇਜੀ ਜਾ ਰਹੀ ਸੀ ਫੁਟੇਜ, ਪੁਲਿਸ ਨੇ ਨਾਕਾਮ ਕੀਤੀ ਸਾਜ਼ਿਸ਼
ਕੁਲਵਿੰਦਰ ਸਿੰਘ
ਅੰਮ੍ਰਿਤਸਰ 4 ਅਗਸਤ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੇ ਐਂਟੀ ਟੈਰਰ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਸਮਰਥਨ ਨਾਲ ਚੱਲ ਰਹੇ ਦੋ ਸਰਹੱਦ ਪਾਰ ਅੱਤਵਾਦੀ ਮੋਡੀਊਲਾਂ ਦਾ ਪਰਦਾਫਾਸ਼ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 4 ਨਾਬਾਲਗ ਵੀ ਸ਼ਾਮਲ ਹਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਗੈਰ-ਕਾਨੂੰਨੀ ਪਿਸਤੌਲ, 9 ਜ਼ਿੰਦਾ ਕਾਰਤੂਸ ਅਤੇ 4 ਪੈਟਰੋਲ ਬੰਬ ਵੀ ਬਰਾਮਦ ਕੀਤੇ ਹਨ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਮੋਡੀਊਲ ਵਿਦੇਸ਼ ਵਿੱਚ ਬੈਠੇ ISI ਹੈਂਡਲਰਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਸਨ। ਮੁਲਜ਼ਮਾਂ ਨੂੰ ਸੁਰੱਖਿਆ ਠਿਕਾਣਿਆਂ ਦੀ ਰੇਕੀ ਕਰਨ, ਗੈਰ-ਕਾਨੂੰਨੀ ਹਥਿਆਰ ਇਕੱਠੇ ਕਰਨ ਅਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ।
ਜਾਂਚ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਕਿ ਇੱਕ ਮੋਡੀਊਲ ਨੇ ਰੇਲਵੇ ਟਰੈਕਾਂ ਦੇ ਨੇੜੇ CCTV ਕੈਮਰੇ ਲਗਾਏ ਹੋਏ ਸਨ। ਇਨ੍ਹਾਂ ਕੈਮਰਿਆਂ ਰਾਹੀਂ ਰੇਲਵੇ ਅਤੇ ਹੋਰ ਸੰਵੇਦਨਸ਼ੀਲ ਗਤੀਵਿਧੀਆਂ ਦੀ ਫੁਟੇਜ ਇਕੱਠੀ ਕਰਕੇ ਪਾਕਿਸਤਾਨ ਵਿੱਚ ਬੈਠੇ ISI ਹੈਂਡਲਰਾਂ ਨੂੰ ਭੇਜੀ ਜਾ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ਦਾ ਮਕਸਦ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣਾ ਅਤੇ ਅਹਿਮ ਢਾਂਚਿਆਂ ਨੂੰ ਨਿਸ਼ਾਨਾ ਬਣਾਉਣਾ ਸੀ, ਜਿਸ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਆਰਗੇਨਾਈਜ਼ਡ ਕ੍ਰਾਈਮ ਅਤੇ ਕਾਊਂਟਰ ਟੈਰਰਿਜ਼ਮ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਤਹਿਤ ਇਹ ਵੱਡੀ ਸਫ਼ਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਵੰਸ਼ ਨਾਮ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਤੋਂ ਦੇਸੀ .32 ਬੋਰ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਹਰਮਨ ਉਰਫ਼ ਹੰਮੂ, ਸੁਖਦੇਵ, ਅਨਮੋਲ, ਇੱਕ ਹੋਰ ਨੌਜਵਾਨ ਅਤੇ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮੋਡੀਊਲ ਤੋਂ CCTV ਕੈਮਰੇ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਗਈ। ਪੁਲਿਸ ਮੁਤਾਬਕ ਹਰਮਨ ਅਤੇ ਸੁਖਦੇਵ ਪਹਿਲਾਂ ਵੀ ਗੈਰ-ਕਾਨੂੰਨੀ ਹਥਿਆਰਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਸਨ ਅਤੇ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਮੁੜ ISI ਹੈਂਡਲਰਾਂ ਦੇ ਸੰਪਰਕ ਵਿੱਚ ਆ ਗਏ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੋਡੀਊਲ ਨੂੰ ਆਰਥਿਕ ਮਦਦ Paytm ਰਾਹੀਂ ਦਿੱਤੀ ਜਾ ਰਹੀ ਸੀ ਅਤੇ ਇਸ ਦੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਥਾਣਾ ਮੋਹਕਮਪੁਰਾ, ਏਅਰਪੋਰਟ ਅਤੇ ਸੀ-ਡਿਵੀਜ਼ਨ ਅੰਮ੍ਰਿਤਸਰ ਵਿੱਚ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਹੁਣ ਪੂਰੇ ਨੈੱਟਵਰਕ, ਵਿਦੇਸ਼ੀ ਫੰਡਿੰਗ, ਹੋਰ ਸਾਥੀਆਂ ਅਤੇ ISI ਨਾਲ ਜੁੜੇ ਸਾਰੇ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਮੁਲਜ਼ਮ ਕਿਸੇ ਹੋਰ ਅੱਤਵਾਦੀ ਸਾਜ਼ਿਸ਼ ਜਾਂ ਘਟਨਾ ਵਿੱਚ ਵੀ ਸ਼ਾਮਲ ਰਹੇ ਹਨ। ਪੁਲਿਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਤੱਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੂਰੇ ਨੈੱਟਵਰਕ ਦਾ ਜਲਦ ਪਰਦਾਫਾਸ਼ ਕੀਤਾ ਜਾਵੇਗਾ।
- Download Babushahi App
-
-