Chandigarh Breaking: ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਪਰਕ 'ਚ ਸੀ ਧਮਾਕਾਖੇਜ ਸਮੱਗਰੀ ਸਮੇਤ ਫੜੇ ਗਏ ਸ਼ੱਕੀ; ਪੜ੍ਹੋ ਪੂਰੀ ਕੁੰਡਲੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 24 ਅਗਸਤ, 2026
ਚੰਡੀਗੜ੍ਹ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਸੈਕਟਰ-43 ਦੇ ਅੰਤਰਰਾਜੀ ਬੱਸ ਸਟੈਂਡ ਦੇ ਪਿਛਲੇ ਹਿੱਸੇ ਤੋਂ ਇੱਕ ਸ਼ੱਕੀ ਬੈਗ ਬਰਾਮਦ ਕਰਕੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪੰਜਾਬ ਨਾਲ ਸਬੰਧਤ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਅੱਤਵਾਦੀ ਸੰਗਠਨ 'ਬੱਬਰ ਖ਼ਾਲਸਾ ਇੰਟਰਨੈਸ਼ਨਲ' (BKI) ਦੇ ਸੰਪਰਕ ਵਿੱਚ ਸਨ ਅਤੇ ਵਿਦੇਸ਼ ਵਿੱਚ ਬੈਠੇ ਆਪਣੇ ਹੈਂਡਲਰ ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ (19) ਵਾਸੀ ਤਰਨਤਾਰਨ, ਜਸਨਪ੍ਰੀਤ ਸਿੰਘ (21) ਵਾਸੀ ਤਰਨਤਾਰਨ ਅਤੇ ਪ੍ਰਭਪ੍ਰੀਤ ਸਿੰਘ (19) ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਐਤਵਾਰ ਦੁਪਹਿਰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਆਪ੍ਰੇਸ਼ਨ ਸੈੱਲ ਨੇ ਇਹ ਕਾਰਵਾਈ ਕੀਤੀ। ਬੈਗ ਦੀ ਤਲਾਸ਼ੀ ਦੌਰਾਨ ਇੱਕ ਟਿਫ਼ਨ ਬਾਕਸ ਵਿੱਚੋਂ ਸ਼ੱਕੀ ਆਈਈਡੀ (IED), 5 ਕਿੱਲੋ ਜਿਲੇਟਿਨ ਦੀਆਂ ਛੜਾਂ, ਡੈਟੋਨੇਟਰ, ਰਿਮੋਟ ਕੰਟਰੋਲ ਡਿਵਾਈਸ, ਇੱਕ ਪਿਸਤੌਲ, ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸਮੱਗਰੀ ਨੂੰ ਕਬਜ਼ੇ 'ਚ ਲਿਆ, ਜੋ ਜਾਂਚ ਦੌਰਾਨ ਫਿਲਹਾਲ ਐਕਟਿਵ ਨਹੀਂ ਮਿਲੀ।
ਇਸ ਘਟਨਾ ਤੋਂ ਬਾਅਦ ਪੁਲਿਸ ਥਾਣਾ ਸੈਕਟਰ-36 ਵਿਖੇ ਵਿਸਫ਼ੋਟਕ ਪਦਾਰਥ ਐਕਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਪੂਰੇ ਸ਼ਹਿਰ ਵਿੱਚ ਨਿਗਰਾਨੀ ਅਤੇ ਸੁਰੱਖਿਆ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਸ਼ਾਂਤੀ ਬਣਾਏ ਰੱਖਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ।
- Download Babushahi App
-
-