ਪੰਜਾਬੀ ਮੂਲ ਦੇ ਨਵਦੀਪ ਬੈਂਸ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਨੇਤਾ ਚੁਣੇ ਗਏ
ਫਸਵੇਂ ਮੁਕਾਬਲੇ 'ਚ ਵਿਧਾਇਕ ਲੀ ਫੇਅਰਕਲੋ ਨੂੰ 1 ਫ਼ੀਸਦੀ ਤੋਂ ਵੀ ਘੱਟ ਫ਼ਰਕ ਨਾਲ ਹਰਾਇਆ; ਓਨਟਾਰੀਓ ਵਿੱਚ ਡੱਗ ਫੋਰਡ ਸਰਕਾਰ ਨੂੰ ਲਾਂਭੇ ਕਰਨ ਦਾ ਲਿਆ ਅਹਿਦ
ਬਾਬੂਸ਼ਾਹੀ ਬਿਊਰੋ
ਟੋਰਾਂਟੋ (ਕੈਨੇਡਾ), 22 ਨਵੰਬਰ, 2026: ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਂਦਿਆਂ ਸਾਬਕਾ ਸੰਘੀ ਮੰਤਰੀ ਨਵਦੀਪ ਬੈਂਸ ਨੂੰ ਓਨਟਾਰੀਓ ਲਿਬਰਲ ਪਾਰਟੀ (Ontario Liberal Party) ਦਾ ਨਵਾਂ ਨੇਤਾ ਚੁਣ ਲਿਆ ਗਿਆ ਹੈ। ਨੌਂ ਮਹੀਨਿਆਂ ਤੱਕ ਚੱਲੀ ਬੇਹੱਦ ਦਿਲਚਸਪ ਅਤੇ ਫਸਵੀਂ ਲੀਡਰਸ਼ਿਪ ਚੋਣ ਦੇ ਆਖ਼ਰੀ ਦੌਰ ਵਿੱਚ ਨਵਦੀਪ ਬੈਂਸ ਨੇ 50.3 ਫ਼ੀਸਦੀ ਵੋਟਾਂ ਹਾਸਲ ਕਰਕੇ ਆਪਣੇ ਨਜ਼ਦੀਕੀ ਵਿਰੋਧੀ ਅਤੇ ਸੂਬਾਈ ਵਿਧਾਇਕ ਲੀ ਫੇਅਰਕਲੋ (Lee Fairclough) ਨੂੰ ਇੱਕ ਫ਼ੀਸਦੀ ਤੋਂ ਵੀ ਘੱਟ ਦੇ ਫ਼ਰਕ ਨਾਲ ਮਾਤ ਦਿੱਤੀ।
ਡੱਗ ਫੋਰਡ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਦਿੱਤਾ ਸੱਦਾ
ਟੋਰਾਂਟੋ ਦੇ ਡਾਊਨਟਾਊਨ ਵਿਖੇ 1,000 ਤੋਂ ਵੱਧ ਪਾਰਟੀ ਮੈਂਬਰਾਂ ਅਤੇ ਸਮਰਥਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਨਵਦੀਪ ਬੈਂਸ ਨੇ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਰ ਉਮੀਦਵਾਰਾਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਨੂੰ ਮੁੜ ਜਥੇਬੰਦ ਕਰਨ ਲਈ ਸਮੂਹਿਕ ਯਤਨਾਂ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਦਾ ਮੁਕਾਬਲਾ ਖ਼ਤਮ ਹੋ ਗਿਆ ਹੈ, ਪਰ ਪਾਰਟੀ ਦਾ ਅਸਲ ਸਿਆਸੀ ਸੰਘਰਸ਼ ਹੁਣ ਸ਼ੁਰੂ ਹੋਇਆ ਹੈ, ਜਿਸ ਦਾ ਮੁੱਖ ਟੀਚਾ ਓਨਟਾਰੀਓ ਵਿੱਚ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੂੰ ਚਲਦਾ ਕਰਨਾ ਹੈ।
ਦੂਜੇ ਪਾਸੇ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਨਵਦੀਪ ਬੈਂਸ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਟੈਰਿਫ ਕਾਰਨ ਪੈਦਾ ਹੋਈਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ, ਕਾਮਿਆਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਪਰਿਵਾਰਾਂ ਲਈ ਮਹਿੰਗਾਈ ਘਟਾਉਣ ਵਾਸਤੇ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਵਿਧਾਨ ਸਭਾ ਵਿੱਚ ਸੀਟ ਹਾਸਲ ਕਰਨਾ ਹੋਵੇਗੀ ਪਹਿਲੀ ਚੁਣੌਤੀ
ਬਤੌਰ ਨਵੇਂ ਨੇਤਾ ਨਵਦੀਪ ਬੈਂਸ ਸਾਹਮਣੇ 2030 ਦੇ ਅਖ਼ੀਰ ਤੱਕ ਹੋਣ ਵਾਲੀਆਂ ਅਗਲੀਆਂ ਸੂਬਾਈ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਓਨਟਾਰੀਓ ਵਿਧਾਨ ਸਭਾ (Queen's Park) ਵਿੱਚ ਆਪਣੀ ਸੀਟ ਸੁਰੱਖਿਅਤ ਕਰਨ ਦੀ ਤੁਰੰਤ ਚੁਣੌਤੀ ਹੋਵੇਗੀ, ਕਿਉਂਕਿ ਮੌਜੂਦਾ ਸਮੇਂ ਵਿੱਚ ਉਹ ਕਿਸੇ ਵੀ ਸੂਬਾਈ ਹਲਕੇ ਦੀ ਨੁਮਾਇੰਦਗੀ ਨਹੀਂ ਕਰਦੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਸੂਬਾਈ ਚੋਣ ਲੜਨ ਦੀ ਪੁਸ਼ਟੀ ਕੀਤੀ, ਪਰ ਕਿਹਾ ਕਿ ਕਿਸ ਹਲਕੇ (Riding) ਤੋਂ ਚੋਣ ਲੜਨੀ ਹੈ, ਇਸ ਬਾਰੇ ਫ਼ੈਸਲਾ ਸਹੀ ਸਮਾਂ ਆਉਣ 'ਤੇ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ 49 ਸਾਲਾ ਨਵਦੀਪ ਬੈਂਸ ਮਿਸੀਸਾਗਾ ਤੋਂ 13 ਸਾਲ ਤੱਕ ਲਿਬਰਲ ਸੰਸਦ ਮੈਂਬਰ ਰਹੇ ਹਨ ਅਤੇ 2015 ਤੋਂ 2021 ਤੱਕ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਕੈਨੇਡਾ ਦੇ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਵਜੋਂ ਅਹਿਮ ਸੇਵਾਵਾਂ ਨਿਭਾ ਚੁੱਕੇ ਹਨ।
- Download Babushahi App
-
-