ਹੀਰੋ ਮੈਨਸ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ਼ੇਖਪੁਰ ਵਿਖੇ ਹੋਵੇਗਾ ਭਰਵਾਂ ਸਵਾਗਤ
ਖੇਡ ਪ੍ਰੇਮੀਆਂ ਅਤੇ ਹਾਕੀ ਖਿਡਾਰੀਆਂ ਨੂੰ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ, 22 ਅਕਤੂਬਰ ਪੰਜਾਬ ਸਰਕਾਰ ਵੱਲੋਂ ਹੀਰੋ ਮੈਨਸ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ-2026 ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਚੈਂਪੀਅਨਸ਼ਿਪ ਤੋਂ ਪਹਿਲਾਂ ਟਰਾਫ਼ੀ ਦਾ ਪੰਜਾਬ ਰਾਜ ਵਿੱਚ ਟੂਰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਇਸ ਹਾਕੀ ਚੈਂਪੀਅਨਸ਼ਿਪ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਨਾਲ-ਨਾਲ ਹਾਕੀ ਖੇਡ ਪ੍ਰਤੀ ਉਤਸ਼ਾਹ ਵਧਾਉਣਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ। ਇਸੇ ਲੜੀ ਤਹਿਤ ਟਰਾਫ਼ੀ ਕੱਲ੍ਹ 23 ਅਕਤੂਬਰ ਨੂੰ ਸਵੇਰੇ 9 ਵਜੇ ਵਾਇਆ ਬਟਾਲਾ ਤੋਂ ਗੁਰਦਾਸਪੁਰ ਵਿਖੇ ਪਹੁੰਚੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਟਰਾਫ਼ੀ ਦੇ ਸਵਾਗਤ ਲਈ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਨੇੜੇ (ਜੈਂਤੀਪੁਰ) ਵਿਖੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਸਕੂਲ ਵਿਖੇ ਸਥਿਤ ਹਾਕੀ ਗਰਾਊਂਡ ਵਿੱਚ ਪ੍ਰਦਰਸ਼ਨੀ ਮੈਚ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸ਼ੇਖਪੁਰ ਵਿਖੇ ਸਮਾਗਮ ਉਪਰੰਤ ਟਰਾਫ਼ੀ ਸੜਕ ਰਸਤੇ ਬਟਾਲਾ, ਗੁਰਦਾਸਪੁਰ, ਦੀਨਾਨਗਰ ਤੋਂ ਹੁੰਦੀ ਹੋਈ ਪਠਾਨਕੋਟ ਵਿਖੇ ਪਹੁੰਚੇਗੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅਜਿਹੇ ਸਮਾਗਮ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਖੇਡਾਂ ਦੇ ਮਹੱਤਵ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇਹਨ। ਉਨ੍ਹਾਂ ਕਿਹਾ ਕਿ ਹਾਕੀ ਪੰਜਾਬ ਦੀ ਮਾਣਮੱਤੀ ਖੇਡ ਰਹੀ ਹੈ ਅਤੇ ਇਸ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਲਈ ਨੌਜਵਾਨਾਂ ਦੀ ਸ਼ਮੂਲੀਅਤ ਬਹੁਤ ਮਹੱਤਵਪੂਰਨ ਹੈ। ।
ਜ਼ਿਲ੍ਹਾ ਖੇਡ ਅਫਸਰ ਨੇ ਜ਼ਿਲ੍ਹੇ ਦੇ ਸਮੂਹ ਖੇਡ ਪ੍ਰੇਮੀਆਂ, ਹਾਕੀ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ ਹੈ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ, ਅਨੁਸ਼ਾਸਨ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ।
- Download Babushahi App
-
-