ਹਰਸਿਮਰਤ ਕੌਰ ਬਾਦਲ ਵੱਲੋਂ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ
ਭਰੋਸਾ ਦੁਆਇਆ ਕਿ ਉਹਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ
ਬਠਿੰਡਾ ਦੇ ਐਮ ਪੀ ਨੇ ਆਪ ਸਰਕਾਰ ਦੀ ਬਰਖ਼ਾਸਤਗੀ ਮੰਗੀ
ਅਸ਼ੋਕ ਵਰਮਾ
ਮਾਨਸਾ, 16 ਅਕਤੂਬਰ 2026 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਸਾਰੇ ਪੰਜਾਬੀ ਜੋ ਨਸ਼ਿਆਂ ਤੋਂ ਪੀੜਤ ਹਨ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਚ ਇਨਸਾਫ ਨਹੀਂ ਮਿਲ ਰਿਹਾ, ਇਸ ਵਾਸਤੇ ਇਸ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਵੇ।ਬਠਿੰਡਾ ਦੇ ਐਮ ਪੀ ਮਰਹੂਮ ਨਸ਼ਾ ਵਿਰੋਧੀ ਕਾਰਕੁੰਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਪਰਿਵਾਰ ਝੋਟਾ ਦੇ ਮਾਪਿਆਂ ਦੇ ਨਾਲ-ਨਾਲ ਉਹਨਾਂ ਦੀ ਪਤਨੀ ਤੇ ਮਾਸੂਮ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ। ਪਰਿਵਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਉਹਨਾਂ ਦਾ ਦੁੱਖ ਸਮਝਦੇ ਹਨ ਅਤੇ ਉਹ ਉਹਨਾਂ ਨੂੰ ਨਿਆਂ ਦੁਆਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹਨਾਂ ਨੇ ਪਰਵਿੰਦਰ ਝੋਟਾ ਦੀ ਮਾਂ ਨੂੰ ਆਪਣੇ ਕਲਾਵੇ ਵਿਚ ਲਿਆ ਤਾਂ ਉਹਨਾਂ ਦਾ ਦਿਲ ਬੈਠ ਗਿਆ। ਉਹਨਾਂ ਕਿਹਾ ਕਿ ਭ੍ਰਿਸ਼ਟ ਤੰਤਰ ਜਿਸ ਵਿਚ ਪੰਜਾਬ ਵਿਚ ਨਸ਼ਿਆਂ ਵਿਚ ਤੇਜ਼ ਰਫਤਾਰ ਵਾਧਾ ਹੋਇਆ, ਤੋਂ ਇਨਸਾਫ ਮੰਗਦੀ ਮਾਂ ਦੀਆਂ ਭੁੱਬਾਂ ਨਾਲ ਦਿਲ ਝੰਜੋੜਿਆ ਗਿਆ। ਉਹਨਾਂ ਦੇ ਹੰਝੂ ਆਪ ਦੱਸ ਰਹੇ ਸਨ ਕਿ ਕਿਵੇਂ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਈ ਹੈ।
ਸਿਆਸਤਦਾਨ-ਪੁਲਿਸ ਗੰਢਤੁੱਪ ਜਿਸ ਕਾਰਨ ਪਰਵਿੰਦਰ ਝੋਟਾ ਦਾ ਕਤਲ ਹੋਇਆ ਤੇ ਜਿਸ ਕਾਰਨ ਸੁਨਾਮ ਦੇ ਮੋਹਣਜੀਤ ਸਿੰਘ ਸ਼ੇਰੋਂ ਅਤੇ ਤੂਰ ਵਣਜਾਰਾ ਦੇ ਗੁਲਜ਼ਾਰ ਸਿੰਘ ’ਤੇ ਜ਼ੁਲਮ ਢਾਹਿਆ ਗਿਆ, ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਇਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਇਹਨਾਂ ਨੇ ਨਸ਼ਾ ਤੰਤਰ ਬੇਨਕਾਬ ਕੀਤਾ। ਉਹਨਾਂ ਕਿਹਾ ਕਿ ਪਰਵਿੰਦਰ ਝੋਟਾ ਦੇ ਕੇਸ ਵਿਚ ਇਹ ਸਪਸ਼ਟ ਹੋ ਗਿਆ ਹੈ ਕਿ ਕਾਤਲ ਅਸ਼ਵਨੀ ਕੁਮਾਰ ਨੂੰ 2023 ਵਿਚ ਨਸ਼ਿਆਂ ਦੇ ਕੇਸ ਵਿਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਹਥਿਆਰਾਂ ਦਾ ਲਾਇਸੰਸ ਮਿਲਿਆ। ਉਹਨਾਂ ਕਿਹਾ ਕਿ ਅਜਿਹਾ ਉਦੋਂ ਹੋਇਆ ਜਦੋਂ ਅਸ਼ਵਨੀ ਦੇ ਮੈਡੀਕਲ ਸਟੋਰ ’ਤੇ ਵਾਰ-ਵਾਰ ਛਾਪੇ ਪੈ ਰਹੇ ਸਨ ਤੇ ਉਸਦਾ ਲਾਇਸੰਸ ਵੀ ਮੁਅੱਤਲ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਉਹਨਾਂ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹਨਾਂ ਨੇ ਉਸਦੀ ਪੁਸ਼ਤਪਨਾਹੀ ਕੀਤੀ ਤੇ ਅਸ਼ਵਨੀ ਨੂੰ ਨਸ਼ਾ ਤਸਕਰੀ ਕਰਨ ਦਿੱਤੀ ਗਈ, ਇਹਨਾਂ ਮੁਲਜ਼ਮਾਂ ਵਿਚ ਭਾਵੇਂ ਸਥਾਨਕ ਵਿਧਾਇਕ ਹੋਵੇ, ਡਰੱਗ ਇੰਸਪੈਕਟਰ, ਡੀ ਐਸ ਪੀ ਜਾਂ ਫਿਰ ਐਸ ਐਸ ਪੀ। ਉਹਨਾਂ ਕਿਹਾ ਕਿ ਇਹਨਾਂ ਖਿਲਾਫ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਕੇ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਦਿੱਲੀ ਕਿਉਂ ਬੈਠੇ ਹਨ ਅਤੇ ਪੈਰਿਸ ਜਾਣ ਦੀ ਆਗਿਆ ਲੈਣ ਵਾਸਤੇ ਦਰ-ਦਰ ਦੀਆਂ ਠੋਕਰਾਂ ਕਿਉਂ ਖਾ ਰਹੇ ਹਨ ਜਦੋਂ ਕਿ ਪੰਜਾਬ ਬਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਮੁੱਖ ਮੰਤਰੀ ਦੀ ਹਮਦਰਦੀ ਨਸ਼ਾ ਤਸਕਰੀ ਦੇ ਪੀੜਤਾਂ ਨਾਲ ਨਹੀਂ ਬਲਕਿ ਨਸ਼ਾ ਤਸਕਰਾਂ ਨਾਲ ਹੈ। ਉਹਨਾਂ ਮੰਗ ਕੀਤੀ ਕਿ ਭਗਵੰਤ ਮਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ। ਉਹਨਾਂ ਕਿਹਾ ਕਿ ਆਪਣੇ ਕੀਤੇ ਵਾਅਦੇ ਮੁਤਾਬਕ ਨਸ਼ਾ ਤਸਕਰੀ ਰੋਕਣਾ ਭਗਵੰਤ ਮਾਨ ਦੀ ਜ਼ਿੰਮੇਵਾਰੀ ਬਣਦੀ ਸੀ। ਉਹ ਗ੍ਰਹਿ ਮੰਤਰੀ ਵਜੋਂ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਲਈ ਵੀ ਜ਼ਿੰਮੇਵਾਰ ਹੈ। ਪਰਵਿੰਦਰ ਝੋਟਾ ਦੇ ਕਤਲ ਦੇ ਨਾਲ-ਨਾਲ ਪੰਜ ਮਹੀਨਿਆਂ ਵਿਚ ਪੰਜ ਸਹਾਇਕ ਸਬ ਇੰਸਪੈਕਟਰ ਵੀ ਮਾਰੇ ਗਏ ਹਨ ਅਤੇ ਸੈਂਕੜੇ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮਾਰੇ ਗਏ ਪਰ ਮੁੱਖ ਮੰਤਰੀ ਆਪਣਾ ਫਰਜ਼ ਨਿਭਾਉਣ ਵਿਚ ਅਸਫਲ ਰਿਹਾ ਤੇ ਉਸਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
- Download Babushahi App
-
-