ਸਾਂਝਾ ਸਾਹਿਤਕ ਮੰਚ, ਪਟਿਆਲਾ ਵੱਲੋਂ ਉੱਘੇ ਕਵੀ ਤੇ ਵਾਰਤਕਕਾਰ ਸੁਖਪਾਲ ਨਾਲ ਰੂਬਰੂ
ਉੱਘੇ ਕਵੀ ਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਜ਼ਫ਼ਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ
ਪਟਿਆਲਾ 29 ਨਵੰਬਰ ( ਗੁਰਪ੍ਰੀਤ ਸਿੰਘ ਜਖਵਾਲੀ) ਸਾਂਝਾ ਸਾਹਿਤਕ ਮੰਚ, ਪਟਿਆਲਾ ਵੱਲੋਂ ਅਮਰਜੀਤ ਲਾਇਬ੍ਰੇਰੀ ਭਾਦਸੋਂ ਰੋਡ, ਪਟਿਆਲਾ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ। ਮੰਚ ਵੱਲੋਂ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਉੱਘੇ ਕਵੀ ਤੇ ਵਾਰਤਕਕਾਰ ਸੁਖਪਾਲ ਨਾਲ ਰੂਬਰੂ ਪ੍ਰੋਗ੍ਰਾਮ ਕਰਵਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਉੱਘੇ ਕਵੀ ਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਜ਼ਫ਼ਰ ਸ਼ਾਮਿਲ ਹੋਏ। ਅੰਮ੍ਰਿਤਪਾਲ ਸਿੰਘ ਸ਼ੈਦਾ, ਬਲਵਿੰਦਰ ਸੰਧੂ, ਭਾਸ਼ੋ, ਸੰਤੋਖ ਸੁੱਖੀ, ਸਤਨਾਮ ਚੌਹਾਨ, ਦੀਪ ਇੰਦਰ, ਕਮਲ ਸੇਖੋਂ, ਰਣਧੀਰ, ਅਵਤਾਰਜੀਤ ਸਿੰਘ, ਹਰਮਨ , ਸ਼ਮਸ਼ੇਰ ਔਜਲਾ, ਦਰਸ਼ਨ ਸਿੰਘ ਦਰਸ਼, ਸਵਰਾਜ ਰਾਜ, ਬਲਵਿੰਦਰ ਸੰਘਾ, ਮਨਮੋਹਨ ਸਿੰਘ ਨਾਭਾ, ਨਵਨੀਤ ਸਿੰਘ ਸਿੱਧੂ, ਅਮਰਜੀਤ ਖਰੌੜ, ਪਾਲ ਖਰੌੜ, ਕਵੀਨੂਰ ਆਦਿ ਹਾਜ਼ਿਰ ਰਹੇ । ਪ੍ਰੋਗ੍ਰਾਮ ਦੀ ਸ਼ੁਰੂਆਤ ਕਰਦਿਆਂ ਹੋਇਆ ਨਵਦੀਪ ਸਿੰਘ ਮੁੰਡੀ ਨੇ ਬਲਵਿੰਦਰ ਸੰਧੂ ਨੂੰ ਸੁਖਪਾਲ ਨਾਲ ਹਾਜ਼ਰੀਨ ਦੀ ਸਾਂਝ ਪਵਾਉਣ ਲਈ ਕਿਹਾ। ਬਲਵਿੰਦਰ ਸੰਧੂ ਨੇ ਸੁਖਪਾਲ ਬਾਰੇ ਬੋਲਦਿਆਂ ਕਿਹਾ ਸੁਖਪਾਲ ਸੰਜੀਦਗੀ ਨੂੰ ਬਚਾਉਣ ਵਾਲੇ ਬਹੁਤ ਘੱਟ ਲੋਕਾਂ ਵਿੱਚੋਂ ਇੱਕ ਹਨ, ਉਹਨਾਂ ਅੱਗੇ ਕਿਹਾ ਕਿ ਸੁਖਪਾਲ ਜੋ ਬੋਲਦੇ ਹਨ ਉਹ ਉਹਨਾਂ ਦੇ ਹਿਰਦੇ ਵਿੱਚੋਂ ਆਉਂਦੀ ਹੈ। ਸੁਖਪਾਲ ਵਿੱਚ ਹਰ ਗੱਲ ਨੂੰ ਸਵਿਕਾਰ ਕਰਨ ਦੀ ਬਹੁਤ ਸ਼ਕਤੀ ਹੈ। ਇਸ ਉਪਰੰਤ ਸੁਖਪਾਲ ਨੇ ਆਪਣੀਆਂ ਕੁਝ ਨਵੀਆਂ ਬਹੁਤ ਖੂਬਸੂਰਤ ਕਵਿਤਾਵਾਂ ਦੀ ਹਾਜ਼ਰੀਨ ਨਾਲ ਸਾਂਝ ਪਵਾਈ। ਸੁਖਪਾਲ ਨੇ ਕਿਹਾ ਕਿ ਪ੍ਰਵਾਸ ਸਾਨੂੰ ਅਧੂਰਾ ਰੱਖਦਾ। ਮਨੁੱਖ ਨੂੰ ਵਿਚਾਰ ਚਾਹੀਦਾ ਹੈ ਵਿਚਾਰਧਾਰਾ ਦੀ ਬੰਦਿਸ਼ ਨਹੀਂ। ਉਹਨਾਂ ਕਿਹਾ ਤੁਸੀਂ ਇੱਕ ਖਾਸ ਫਰੇਮ ਵਿੱਚ ਜੀਵਨ ਨੂੰ, ਸੱਚ ਨੂੰ, ਇਨਸਾਫ਼ ਨੂੰ, ਨਿਆਂ ਨੂੰ ਨਹੀਂ ਦੇਖੋਗੇ, ਤੁਸੀਂ ਪੂਰੀ ਦ੍ਰਿਸ਼ਟੀ ਨਾਲ ਦੇਖੋਗੇ। ਅਵਤਾਰਜੀਤ ਅਟਵਾਲ ਨੇ ਸੁਖਪਾਲ ਤੋਂ ਸਮਕਾਲੀ ਕਵਿਤਾ ਬਾਰੇ ਕਈ ਗੰਭੀਰ ਸਵਾਲ ਕੀਤੇ ਤੇ ਹੋਰ ਪਾਠਕਾਂ ਵੱਲੋਂ ਵੀ ਸੁਖਪਾਲ ਦੀ ਸਿਰਜਣ ਪ੍ਰਕਿਰਿਆ ਬਾਰੇ ਸਵਾਲ ਕੀਤੇ ਗਏ ਜਿਨਾਂ ਦੇ ਸੁਖਪਾਲ ਵੱਲੋਂ ਬਹੁਤ ਸੋਹਣੇ ਢੰਗ ਨਾਲ ਜਵਾਬ ਦਿੱਤੇ ਗਏ। ਕਵੀਨੂਰ ਨੇ ਆਪਣੀ ਕਰਾਫਟ ਕਲਾ ਦਾ ਰੰਗ ਦਿਖਾਇਆ। ਅਮਰਜੀਤ ਖਰੌੜ ਤੇ ਪਾਲ ਖਰੌੜ ਨੇ ਮੇਜ਼ਬਾਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਪ੍ਹੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਕਵੀ ਰਣਧੀਰ ਤੇ ਸ਼ਮਸ਼ੇਰ ਔਜਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਸਾਂਝਾ ਸਾਹਿਤਕ ਮੰਚ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਉਪਰੰਤ ਸਾਂਝਾ ਸਾਹਿਤਕ ਮੰਚ ਵੱਲੋਂ ਕਵੀ ਸੁਖਪਾਲ ਦਾ ਸਨਮਾਨ ਕੀਤਾ ਗਿਆ।
- Download Babushahi App
-
-