ਸਕੇਪ ਸਾਹਿਤਕ ਸੰਸਥਾ ਵੱਲੋਂ ਵਿਸ਼ਾਲ ਕਵੀ ਦਰਬਾਰ ਤੇ ਨਵੀਂ ਕਾਰਜਕਾਰੀ ਟੀਮ ਦਾ ਐਲਾਨ
ਫਗਵਾੜਾ, 18 ਮਈ ( ) - ਸ਼ੇਖਰ ਭਨੋਟ ਲਾਈਬ੍ਰੇਰੀ, ਸਿਟੀ ਹਾਰਟ ਨਗਰ ਵਿਖੇ ਸਕੇਪ ਸਾਹਿਤਕ ਸੰਸਥਾ ਵੱਲੋਂ ਇੱਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਰਵਿੰਦਰ ਚੋਟ, ਪ੍ਰਿੰ. ਗੁਰਮੀਤ ਸਿੰਘ ਪਲਾਹੀ ਅਤੇ ਡਾ. ਐਸ. ਐੱਲ. ਵਿਰਦੀ ਨੇ ਸਾਂਝੇ ਤੌਰ ’ਤੇ ਕੀਤੀ। ਸਮਾਗਮ ਦੌਰਾਨ ਸਾਹਿਤਕ ਮਾਹੌਲ ਪੂਰੀ ਤਰ੍ਹਾਂ ਸਾਹਿਤਕ ਰੰਗ ਵਿੱਚ ਰੰਗਿਆ ਰਿਹਾ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਾਂ ਦਿਵਸ, ਮਜ਼ਦੂਰ ਦਿਵਸ ਨਾਲ ਸਬੰਧਿਤ ਵਿਸ਼ੇਸ਼ ਕਵਿਤਾਵਾਂ ਦੇ ਨਾਲ-ਨਾਲ ਸਮਾਜਿਕ ਅਤੇ ਭਾਵਨਾਤਮਕ ਵਿਸ਼ਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਚੰਗਾ ਸਾਹਿਤ ਪੜ੍ਹਨ ਅਤੇ ਸਾਹਿਤ ਨਾਲ ਜੁੜਨ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਹਿਤ ਮਨੁੱਖ ਨੂੰ ਸੰਵੇਦਨਸ਼ੀਲ ਅਤੇ ਸਮਾਜ ਪ੍ਰਤੀ ਜਾਗਰੂਕ ਬਣਾਉਂਦਾ ਹੈ। ਡਾ. ਐਸ ਐਲ ਵਿਰਦੀ ਨੇ ਸਕੇਪ ਸਾਹਿਤਕ ਸੰਸਥਾ ਦੇ ਸਾਹਿਤਕ ਕਾਰਜਾ ਦੀ ਸ਼ਲਾਂਘਾ ਕੀਤੀ। ਕਵੀ ਦਰਬਾਰ ਵਿੱਚ ਪ੍ਰਸਿੱਧ ਕਵੀਆਂ ਮਨਜੀਤ ਮਿੱਤਰ, ਡਾ. ਇੰਦਰ ਜੀਤ ਸਿੰਘ ਵਾਸੂ, ਲਸ਼ਕਰ ਢੰਡਵਾੜਵੀ, ਸੁਖਦੇਵ ਗੰਢਵਾਂ, ਨਾਨਕ ਚੰਦ ਵਿਰਲੀ, ਹਰਜਿੰਦਰ ਨਿਆਣਾ, ਲਾਲੀ ਕਰਤਾਰਪੁਰੀ, ਰਵਿੰਦਰ ਰਾਏ, ਨਵਕਿਰਨ, ਮਨਦੀਪ ਮਹਿਰਮ, ਮਨਪ੍ਰੀਤ ਕੌਰ, ਸਾਹਿਬਾ ਜੀਟਨ ਕੌਰ, ਨਿਰਮਲ ਬੱਲ, ਭਿੰਡਰ ਪਟਵਾਰੀ, ਅਸ਼ੋਕ ਟਾਂਡੀ, ਰਾਮ ਪ੍ਰਕਾਸ਼ ਟੋਨੀ, ਸੋਢੀ ਭਬਿਆਣਵੀ, ਲਾਲੀ ਕਰਤਾਰ ਪੁਰੀ, ਜਸਵਿੰਦਰ ਫਗਵਾੜਾ, ਬਲਵੀਰ ਕੌਰ ਬੱਬੂ ਸੈਣੀ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਹਰਭਜਨ ਸਿੰਘ ਭਗਰੱਥ ਅਤੇ ਗੁਰਮੁੱਖ ਲੋਕਪ੍ਰੇਮੀ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਸਾਹਿਤਕ ਰਚਨਾਵਾਂ ਪੇਸ਼ ਕੀਤੀਆਂ।
ਕਵੀਆਂ ਨੇ ਆਪਣੇ ਅੰਦਾਜ਼ ਰਾਹੀਂ ਪੰਜਾਬੀ ਭਾਸ਼ਾ, ਸਮਾਜਕ ਚੇਤਨਾ, ਪਿੰਡਾਂ ਦੀ ਮਿੱਟੀ, ਮਨੁੱਖੀ ਸੰਵੇਦਨਾਵਾਂ ਅਤੇ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ। ਹਾਜ਼ਰ ਸਰੋਤਿਆਂ ਨੇ ਕਵੀਆਂ ਦੀਆਂ ਰਚਨਾਵਾਂ ਨੂੰ ਭਰਪੂਰ ਤਾਲੀਆਂ ਨਾਲ ਸਰਾਹਿਆ। ਇਸ ਮੌਕੇ ਸਕੇਪ ਸਾਹਿਤਕ ਸੰਸਥਾ ਨੇ ਸਾਲ 2026-2027 ਲਈ ਨਵੀਂ ਕਾਰਜਕਾਰੀ ਟੀਮ ਦਾ ਐਲਾਨ ਵੀ ਕੀਤਾ। ਸੰਸਥਾ ਦੇ ਸਰਪ੍ਰਸਤ ਵਜੋਂ ਪ੍ਰਿੰ. ਗੁਰਮੀਤ ਸਿੰਘ ਪਲਾਹੀ ਮਾਰਗਦਰਸ਼ਨ ਦੇਣਗੇ ਜਦਕਿ ਪਰਵਿੰਦਰ ਜੀਤ ਸਿੰਘ ਨੂੰ ਪ੍ਰਧਾਨ ਅਤੇ ਬਲਦੇਵ ਰਾਜ ਕੋਮਲ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਮੀਤ ਪ੍ਰਧਾਨ ਵਜੋਂ ਰਵਿੰਦਰ ਚੋਟ ਅਤੇ ਕਮਲੇਸ਼ ਸੰਧੂ ਦੀ ਨਿਯੁਕਤੀ ਕੀਤੀ ਗਈ ਹੈ। ਹਰਜਿੰਦਰ ਨਿਆਣਾ ਨੂੰ ਪ੍ਰੋਗਰਾਮ ਇੰਚਾਰਜ, ਬਲਵੀਰ ਕੌਰ ‘ਬੱਬੂ ਸੈਣੀ’ ਅਤੇ ਸੋਢੀ ਸੱਤੋਵਾਲੀਆ ਨੂੰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਨਦੀਪ ਸਿੰਘ ਖਜ਼ਾਨਚੀ ਅਤੇ ਰਵਿੰਦਰ ਸਿੰਘ ਰਾਏ ਮੀਡੀਆ ਸਕੱਤਰ ਵਜੋਂ ਕੰਮ ਕਰਨਗੇ। ਮੀਟਿੰਗ ਦੌਰਾਨ ਸੰਸਥਾ ਵੱਲੋਂ ਕਈ ਅਹਿਮ ਫ਼ੈਸਲੇ ਵੀ ਲਏ ਗਏ। ਐਲਾਨ ਕੀਤਾ ਗਿਆ ਕਿ ਇਸ ਸਾਲ ਤੋਂ “ਸ਼ਬਦ ਸਿਰਜਣਹਾਰੇ ਸਨਮਾਨ” ਨਾਲ ਸੰਸਥਾ ਦੇ ਮੈਂਬਰਾਂ ਵਿੱਚੋਂ ਸਭ ਤੋਂ ਉਤਮ ਕਾਵਿ ਜਾਂ ਵਾਰਤਕ ਰਚਨਾ ਲਈ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਵਨ ਕਵੀ ਦਰਬਾਰ, ਸਲਾਨਾ ਸਮਾਗਮ ਅਤੇ ਸਾਂਝਾ ਕਾਵਿ ਸੰਗ੍ਰਹਿ ਪ੍ਰਕਾਸ਼ਨ ਸਬੰਧੀ ਵੀ ਅਹਿਮ ਫ਼ੈਸਲੇ ਲਏ ਗਏ। ਅੰਤ ਵਿੱਚ ਸਤੀਸ਼ ਜੀ ਨੇ ਆਏ ਹੋਏ ਮਹਿਮਾਨਾਂ, ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮਨਦੀਪ ਸਿੰਘ, ਸੁਮਨ ਭਨੋਟ, ਬੰਸੋ ਦੇਵੀ, ਜਪਜੀਤ ਸਿੰਘ, ਬਲਬੀਰ ਸਿੰਘ, ਮਨੀਸ਼ਾ, ਰਤਨ ਚੰਦ, ਰਾਮ ਪ੍ਰਕਾਸ਼, ਨਿਰਮਲ ਸਿੰਘ, ਅਨੂਪ ਸਮੇਤ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।
- Download Babushahi App
-
-