ਸ਼ਹਿਰ ਵਿੱਚ ਗੱਡੀ ਲਿਆਉਣ ਤੋਂ ਪਹਿਲਾਂ ਜੇਬ ਦਾ ਰੱਖਣਾ ਪਵੇਗਾ ਧਿਆਨ
ਔਕਲੈਂਡ ਵਾਸੀਆਂ ਨੂੰ ਇੱਕ ਗੇੜੇ ਦੇ ਦੇਣੇ ਪੈ ਸਕਦੇ ਹਨ 7 ਡਾਲਰ-ਭੀੜ-ਭੜੱਕਾ ਫੀਸ ਲਗਾਉਣ ਦੀ ਤਿਆਰੀ
-ਅੰਤਿਮ ਫੈਸਲਾ 2027 ਤੱਕ ਲਿਆ ਜਾਵੇਗਾ।
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 25 ਅਗਸਤ 2026:-ਔਕਲੈਂਡ ਵਿੱਚ ਜਿਆਦਾ ਰੁਝੇਵੇਂ ਭਰੇ ਸਮੇਂ ਦੌਰਾਨ ਗੱਡੀਆਂ ਲੈ ਕੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਔਕਲੈਂਡ ਕੌਂਸਲਰਾਂ ਵੱਲੋਂ ਅੱਜ ਸ਼ਹਿਰ ਵਿੱਚ ਭੀੜ ਘਟਾਉਣ ਲਈ ਲਗਾਈ ਜਾਣ ਵਾਲੀ ਕੰਜੈਸ਼ਨ ਚਾਰਜਿੰਗ ਫੀਸ (ਭੀੜ ਭੜੱਕਾ ਫੀਸ) ਬਾਰੇ ਤਿੰਨ ਮੁੱਖ ਵਿਕਲਪਾਂ ਉੱਤੇ ਅੰਤਿਮ ਮੋਹਰ ਲਗਾਈ ਜਾ ਰਹੀ ਹੈ।
ਕੌਂਸਲ ਵੱਲੋਂ ਤਿਆਰ ਕੀਤੇ ਗਏ ਇਹਨਾਂ ਵਿਕਲਪਾਂ ਵਿੱਚ ਪਹਿਲਾ ਰਸਤਾ ਸਿਰਫ਼ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ’ਤੇ ਫੀਸ ਲਗਾਉਣ ਦਾ ਹੈ, ਜਦਕਿ ਦੂਜੇ ਵਿਕਲਪ ਵਿੱਚ ਨਿਊਮਾਰਕੀਟ, ਨਿਊਟਨ, ਪੌਨਸਨਬੀ ਅਤੇ ਪਾਰਨੇਲ ਵਰਗੇ ਨਾਲ ਲੱਗਦੇ ਇਲਾਕੇ ਵੀ ਸ਼ਾਮਲ ਕੀਤੇ ਗਏ ਹਨ। ਤੀਜੇ ਵਿਕਲਪ ਅਧੀਨ ਮੁੱਖ ਮੋਟਰਵੇਅ ਜਿਵੇਂ ਹਾਰਬਰ ਬ੍ਰਿਜ ਤੋਂ ਪੁਆਇੰਟ ਸ਼ੈਵਲੀਅਰ ਅਤੇ ਮਾਊਂਟ ਵੈਲਿੰਗਟਨ ਤੱਕ ਦੇ ਇਲਾਕਿਆਂ ਨੂੰ ਵੀ ਘੇਰੇ ਵਿੱਚ ਲਿਆ ਜਾ ਸਕਦਾ ਹੈ।
ਵਾਇਟਾਕਰੇ ਵਾਰਡ ਦੇ ਕੌਂਸਲਰ ਸ਼ੇਨ ਹੈਂਡਰਸਨ ਨੇ ਕਿਹਾ ਕਿ ਅਜਿਹਾ ਕੋਈ ਵੀ ਚਾਰਜ ਲਗਾਉਣ ਤੋਂ ਪਹਿਲਾਂ ਜਨਤਕ ਆਵਾਜਾਈ ਦੇ ਬਦਲਵੇਂ ਸਾਧਨਾਂ ਵਿੱਚ ਨਿਵੇਸ਼ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸਪੱਸ਼ਟ ਕੀਤਾ ਕਿ ਪੱਛਮੀ ਆਕਲੈਂਡ ਵਿੱਚ ਉੱਤਰ-ਪੱਛਮੀ ਬੱਸਵੇਅ ਦਾ ਨਿਰਮਾਣ ਜ਼ਰੂਰੀ ਹੈ ਤਾਂ ਜੋ ਲੋਕਾਂ ਕੋਲ ਸਫ਼ਰ ਦਾ ਸਹੀ ਵਿਕਲਪ ਹੋਵੇ।
ਪਹਿਲੇ ਕੇਂਦਰੀ ਸ਼ਹਿਰ ਵਾਲੇ ਵਿਕਲਪ ਨੂੰ ਸਭ ਤੋਂ ਸਰਲ ਅਤੇ ਵਾਜਬ ਮੰਨਿਆ ਜਾ ਰਿਹਾ ਹੈ ਜਿਸ ਨਾਲ ਸਫ਼ਰ ਦਾ ਸਮਾਂ ਚਾਰ ਮਿੰਟ ਘਟੇਗਾ, ਪਰ ਇਸ ਨਾਲ ਜਨਤਕ ਆਵਾਜਾਈ ਲਈ ਫੰਡ ਘੱਟ ਇਕੱਠਾ ਹੋਵੇਗਾ। ਇਸ ਅਧੀਨ ਸਵੇਰੇ 3 ਤੋਂ 4 ਡਾਲਰ ਅਤੇ ਸ਼ਾਮ ਨੂੰ 2 ਤੋਂ 3 ਡਾਲਰ ਫੀਸ ਲੱਗ ਸਕਦੀ ਹੈ।
ਦੂਜੇ ਵਿਕਲਪ ਵਿੱਚ ਸਵੇਰੇ 5 ਤੋਂ 6 ਡਾਲਰ ਅਤੇ ਸ਼ਾਮ ਨੂੰ 2 ਤੋਂ 3 ਡਾਲਰ ਤੱਕ ਫੀਸ ਹੋ ਸਕਦੀ ਹੈ, ਹਾਲਾਂਕਿ ਇਸ ਵਿੱਚ ਔਕਲੈਂਡ ਹਸਪਤਾਲ ਵੀ ਸ਼ਾਮਲ ਹੋ ਜਾਵੇਗਾ। ਤੀਜਾ ਵਿਕਲਪ ਮੋਟਰਵੇਅ ਨਾਲ ਜੁੜਿਆ ਹੈ, ਜਿਸ ਵਿੱਚ 5 ਤੋਂ 7 ਡਾਲਰ ਤੱਕ ਚਾਰਜ ਲਗਾਇਆ ਜਾ ਸਕਦਾ ਹੈ ਅਤੇ ਇਸ ਨਾਲ ਆਵਾਜਾਈ ਦੇ ਵੱਡੇ ਸੁਧਾਰਾਂ ਲਈ ਚੰਗੀ ਕਮਾਈ ਹੋਵੇਗੀ।
ਟਰਾਂਸਪੋਰਟ ਕਮੇਟੀ ਵੱਲੋਂ ਮਨਜ਼ੂਰੀ ਤੋਂ ਬਾਅਦ ਨਵੰਬਰ ਦੇ ਅੱਧ ਵਿੱਚ ਆਮ ਲੋਕਾਂ ਤੋਂ ਰਾਏ ਮੰਗੀ ਜਾਵੇਗੀ ਅਤੇ ਅੰਤਿਮ ਫੈਸਲਾ 2027 ਤੱਕ ਲਿਆ ਜਾਵੇਗਾ।
- Download Babushahi App
-
-