ਲੁਧਿਆਣਾ ’ਚ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ਦਾ ਮਾਮਲਾ ਭਖਿਆ
---ਰੇਹੜੀ ਚਾਲਕਾਂ ਤੇ ਢਾਬਾ ਮਾਲਕਾਂ ਵੱਲੋਂ ਘਰੇਲੂ ਸਿਲੰਡਰਾਂ ਦੀ ਕਥਿਤ ਦੁਰਵਰਤੋਂ, ਦੇਰ ਸ਼ਾਮ ਵਿਸ਼ੇਸ਼ ਜਾਂਚ ਮੁਹਿੰਮ ਚਲਾਉਣ ਦੀ ਮੰਗ
---ਰੋਹਿਤ ਸਭਰਵਾਲ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਭੇਜੀ ਸ਼ਿਕਾਇਤ, ਵਿਭਾਗੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦੀ ਨਿਰਪੱਖ ਜਾਂਚ ਕਰਵਾਉਣ ’ਤੇ ਦਿੱਤਾ ਜ਼ੋਰ
ਲੁਧਿਆਣਾ, 21 ਨਵੰਬਰ (ਸੁਖਮਿੰਦਰ ਭੰਗੂ)
ਲੁਧਿਆਣਾ ਸ਼ਹਿਰ ਵਿੱਚ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਵਪਾਰਕ ਕੰਮਾਂ ਲਈ ਕਥਿਤ ਤੌਰ ’ਤੇ ਖੁੱਲ੍ਹੇਆਮ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੁਤੰਤਰਤਾ ਸੈਨਾਨੀ ਪਰਿਵਾਰ ਨਾਲ ਸਬੰਧਤ ਰੋਹਿਤ ਸਭਰਵਾਲ ਨੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰਮੁੱਖ ਸਕੱਤਰ ਨੂੰ ਭੇਜੇ ਗਏ ਪੱਤਰ ਵਿੱਚ ਰੋਹਿਤ ਸਭਰਵਾਲ ਨੇ ਦੋਸ਼ ਲਾਇਆ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਰੇਹੜੀ ਚਾਲਕਾਂ ਅਤੇ ਢਾਬਾ ਮਾਲਕਾਂ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਆਪਣੇ ਵਪਾਰਕ ਕੰਮਾਂ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਇਹ ਗਤੀਵਿਧੀ ਖ਼ਾਸ ਕਰਕੇ ਦੇਰ ਸ਼ਾਮ ਸਮੇਂ ਖੁੱਲ੍ਹੇਆਮ ਦੇਖਣ ਨੂੰ ਮਿਲਦੀ ਹੈ।
ਸ਼ਿਕਾਇਤ ਵਿੱਚ ਨਿਊ ਕ੍ਰਿਸ਼ਨਾ ਮੰਦਰ ਤੋਂ ਟਿਊਸ਼ਨ ਮਾਰਕੀਟ, ਮਾਡਲ ਟਾਊਨ, ਘੁਮਾਰ ਮੰਡੀ, ਕਾਲਜ ਰੋਡ, ਦੰਡੀ ਸਵਾਮੀ ਰੋਡ, ਫੀਲਡ ਗੰਜ, ਸਰਾਭਾ ਨਗਰ ਦੀ ਮੁੱਖ ਮਾਰਕੀਟ, ਰਾਜਗੁਰੂ ਨਗਰ ਦੀ ਮੁੱਖ ਮਾਰਕੀਟ ਅਤੇ ਹੈਬੋਵਾਲ ਕਲਾਂ ਦੀ ਮੇਨ ਰੋਡ ਸਮੇਤ ਸ਼ਹਿਰ ਦੇ ਕਈ ਹੋਰ ਇਲਾਕਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਸਭਰਵਾਲ ਨੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇੰਨੀ ਗੰਭੀਰ ਸਮੱਸਿਆ ਦੇ ਬਾਵਜੂਦ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਜਾ ਰਹੀ। ਖ਼ਾਸ ਤੌਰ ’ਤੇ ਦੇਰ ਸ਼ਾਮ ਸਮੇਂ ਅਚਨਚੇਤ ਜਾਂਚ ਨਾ ਹੋਣ ਕਾਰਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਖੁੱਲ੍ਹ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਆਮ ਪਰਿਵਾਰਾਂ ਨੂੰ ਆਪਣੇ ਘਰਾਂ ਲਈ ਘਰੇਲੂ ਗੈਸ ਸਿਲੰਡਰ ਹਾਸਲ ਕਰਨ ਵਾਸਤੇ ਲੰਮੀ ਉਡੀਕ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਦੂਜੇ ਪਾਸੇ ਵਪਾਰਕ ਅਦਾਰਿਆਂ ਵਿੱਚ ਘਰੇਲੂ ਸਿਲੰਡਰਾਂ ਦੀ ਵਰਤੋਂ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਆਮ ਖਪਤਕਾਰਾਂ ਨੂੰ ਸਿਲੰਡਰ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਫਿਰ ਰੇਹੜੀ ਚਾਲਕਾਂ ਅਤੇ ਢਾਬਾ ਮਾਲਕਾਂ ਤੱਕ ਇਹ ਸਿਲੰਡਰ ਇੰਨੀ ਆਸਾਨੀ ਨਾਲ ਕਿਵੇਂ ਪਹੁੰਚ ਰਹੇ ਹਨ?
ਸ਼ਿਕਾਇਤ ਵਿੱਚ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਬਾਰੇ ਵੀ ਗੰਭੀਰ ਦੋਸ਼ ਲਗਾਏ ਗਏ ਹਨ। ਸਭਰਵਾਲ ਦਾ ਦਾਅਵਾ ਹੈ ਕਿ ਜਦੋਂ ਕੋਈ ਸ਼ਹਿਰ ਵਾਸੀ ਇਸ ਗ਼ਲਤ ਵਰਤੋਂ ਸਬੰਧੀ ਸ਼ਿਕਾਇਤ ਕਰਦਾ ਹੈ ਤਾਂ ਕਥਿਤ ਤੌਰ ’ਤੇ ਕੁਝ ਅਧਿਕਾਰੀ ਕਾਰਵਾਈ ਕਰਨ ਦੀ ਬਜਾਏ ਸਬੰਧਤ ਰੇਹੜੀ ਚਾਲਕਾਂ ਅਤੇ ਢਾਬਾ ਮਾਲਕਾਂ ਨੂੰ ਪਹਿਲਾਂ ਹੀ ਜਾਂਚ ਦੀ ਸੂਚਨਾ ਦੇ ਦਿੰਦੇ ਹਨ, ਜਿਸ ਕਾਰਨ ਅਚਨਚੇਤ ਜਾਂਚ ਦਾ ਮਕਸਦ ਹੀ ਖ਼ਤਮ ਹੋ ਜਾਂਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਤੇ ਵਿਭਾਗ ਦੇ ਕੁਝ ਅਧਿਕਾਰੀ ਨਿੱਜੀ ਲਾਭ ਦੇ ਲਾਲਚ ਵਿੱਚ ਇਸ ਗ਼ੈਰ-ਕਾਨੂੰਨੀ ਗਤੀਵਿਧੀ ਨੂੰ ਹੱਲਾਸ਼ੇਰੀ ਤਾਂ ਨਹੀਂ ਦੇ ਰਹੇ। ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਦੀ ਲਾਪਰਵਾਹੀ ਜਾਂ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਵੀ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਰੋਹਿਤ ਸਭਰਵਾਲ ਨੇ ਆਪਣੇ ਪੱਤਰ ਵਿੱਚ 20 ਨਵੰਬਰ 2026 ਨੂੰ ਦੈਨਿਕ ਜਾਗਰਣ ਦੇ ਲੁਧਿਆਣਾ ਸੰਸਕਰਣ ਵਿੱਚ ਪ੍ਰਕਾਸ਼ਿਤ ਖ਼ਬਰ ਦਾ ਵੀ ਹਵਾਲਾ ਦਿੱਤਾ ਹੈ। ਉਨ੍ਹਾਂ ਅਨੁਸਾਰ ਇਸ ਖ਼ਬਰ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਕਥਿਤ ਦੁਰਵਰਤੋਂ ਅਤੇ ਕਾਲਾਬਾਜ਼ਾਰੀ ਦਾ ਮੁੱਦਾ ਉਠਾਇਆ ਗਿਆ ਸੀ। ਇਸ ਖ਼ਬਰ ਦੀ ਕਾਪੀ ਵੀ ਸ਼ਿਕਾਇਤ ਨਾਲ ਨੱਥੀ ਕੀਤੀ ਗਈ ਹੈ।
ਸਭਰਵਾਲ ਨੇ ਪ੍ਰਮੁੱਖ ਸਕੱਤਰ ਤੋਂ ਮੰਗ ਕੀਤੀ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਲੁਧਿਆਣਾ ਦੇ ਵੱਖ-ਵੱਖ ਬਾਜ਼ਾਰਾਂ ਅਤੇ ਹੋਰ ਇਲਾਕਿਆਂ ਵਿੱਚ ਨਿਯਮਤ ਤੌਰ ’ਤੇ ਅਚਨਚੇਤ ਜਾਂਚ ਕੀਤੀ ਜਾਵੇ ਅਤੇ ਖ਼ਾਸ ਕਰਕੇ ਦੇਰ ਸ਼ਾਮ ਸਮੇਂ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇ, ਤਾਂ ਜੋ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ’ਤੇ ਰੋਕ ਲਗਾਈ ਜਾ ਸਕੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਘਰੇਲੂ ਸਿਲੰਡਰਾਂ ਦੀ ਵਪਾਰਕ ਵਰਤੋਂ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ ਅਤੇ ਵਿਭਾਗੀ ਪੱਧਰ ’ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਮਿਲੀਭੁਗਤ ਨੂੰ ਬਰਦਾਸ਼ਤ ਨਾ ਕੀਤਾ ਜਾਵੇ।
ਇਸ ਸ਼ਿਕਾਇਤ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਮੰਤਰੀ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ, ਸਕੱਤਰ-ਕਮ-ਡਾਇਰੈਕਟਰ ਅਤੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ, ਲੁਧਿਆਣਾ ਨੂੰ ਵੀ ਲੋੜੀਂਦੀ ਕਾਰਵਾਈ ਲਈ ਭੇਜੀਆਂ ਗਈਆਂ ਹਨ।
ਇਸ ਸੰਬੰਧ ਵਿੱਚ ਜਦੋਂ ਡਿਸਟਰਿਕਟ ਫੂਡ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀ ਚੱਕਿਆ।
- Download Babushahi App
-
-